11 ਔਰਤਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਸੀਰੀਅਲ ਕਿੱਲਰ ਦੀ ਜੇਲ੍ਹ ਵਿੱਚ ਹੋਈ ਮੌਤ

173
Share

ਫਰਿਜ਼ਨੋ (ਕੈਲੀਫੋਰਨੀਆ), 11 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕੀ ਸੂਬੇ ਓਹੀਓ ਵਿੱਚ ਇੱਕ ਸੀਰੀਅਲ ਕਿਲਰ ਜੋ ਕਿ 11 ਔਰਤਾਂ ਦੇ ਕਤਲ ਦੇ ਦੋਸ਼ ਵਿੱਚ ਸਜ਼ਾ ਕੱਟ ਰਿਹਾ ਸੀ , ਦੀ ਜੇਲ੍ਹ ਵਿੱਚ ਮੌਤ ਹੋ ਗਈ ਹੈ। ਇਸ ਸੰਬੰਧੀ
ਅਧਿਕਾਰੀਆਂ ਨੇ ਦੱਸਿਆ ਕਿ ਕਲੀਵਲੈਂਡ ਵਿੱਚ 11 ਔਰਤਾਂ ਦੀ ਹੱਤਿਆ ਕਰਨ ਵਾਲੇ ਇਸ ਦੋਸ਼ੀ ਦੀ ਸੋਮਵਾਰ ਨੂੰ ਓਹੀਓ ਦੀ ਇੱਕ ਜੇਲ੍ਹ ਵਿੱਚ ਕਿਸੇ ਬਿਮਾਰੀ ਕਾਰਨ ਮੌਤ ਹੋ ਗਈ ਹੈ। ਸੁਧਾਰ ਵਿਭਾਗ ਦੇ ਬੁਲਾਰੇ ਅਨੁਸਾਰ 61 ਸਾਲਾ ਐਂਥਨੀ ਸਵੈਲ ਨੂੰ 21 ਜਨਵਰੀ ਦੇ ਦਿਨ ਕੋਲੰਬਸ ਦੀ ਇੱਕ ਮੈਡੀਕਲ ਇਲਾਜ  ਵਾਲੀ ਜੇਲ੍ਹ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿਸਦੇ  ਕਈ ਦਿਨਾਂ ਬਾਅਦ ਸਵੈਲ ਨੂੰ ਸੋਮਵਾਰ ਦੁਪਹਿਰ 3:25 ਵਜੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਸਵੈਲ, ਜਿਸ ਨੇ ਇੱਕ ਮੈਰੀਨ ਵਜੋਂ ਕੰਮ ਕੀਤਾ ਸੀ, ਨੂੰ 2011 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਜਿਊਰੀ ਵੱਲੋਂ ਉਸ ਨੂੰ ਕਤਲ, ਬਲਾਤਕਾਰ, ਅਗਵਾ, ਲਾਸ਼ਾਂ ਨਾਲ ਬਦਸਲੂਕੀ ਅਤੇ ਸਬੂਤਾਂ ਨਾਲ ਛੇੜਛਾੜ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਮਾਮਲੇ ਵਿੱਚ ਵਕੀਲਾਂ ਅਨੁਸਾਰ ਉਸਨੇ 2007 ਵਿੱਚ  ਔਰਤਾਂ  ਨੂੰ ਆਪਣੇ ਘਰ ਲਿਜਾਣਾ ਸ਼ੁਰੂ ਕੀਤਾ ਅਤੇ ਦੋ ਸਾਲ ਬਾਅਦ ਇੱਕ ਮਹਿਲਾ ਦੁਆਰਾ ਪੁਲਿਸ ਨੂੰ ਉਸਦੇ ਘਰ ‘ਚ ਉਸ ਨਾਲ ਬਲਾਤਕਾਰ ਹੋਣ ਦੀ ਰਿਪੋਰਟ ਦੇਣ ਦੇ ਬਾਅਦ ਅਧਿਕਾਰੀਆਂ ਵੱਲੋਂ ਕੀਤੀ ਕਾਰਵਾਈ ਦੌਰਾਨ ਸਵੈਲ ਦੇ ਘਰੋਂ ਦੋ ਲਾਸ਼ਾਂ ਅਤੇ ਇੱਕ ਨਵੀਂ ਖੋਦੀ ਕਬਰ ਮਿਲੀ ਸੀ।ਇਸਦੇ ਇਲਾਵਾ ਬਾਅਦ ਵਿੱਚ ਪੁਲਿਸ ਨੂੰ ਦੂਜੀਆਂ ਔਰਤਾਂ ਦੀਆਂ ਰਹਿੰਦੀਆਂ ਲਾਸ਼ਾਂ ਕੂੜੇ ਦੀਆਂ ਥੈਲੀਆਂ ਅਤੇ ਪਲਾਸਟਿਕ ਬੈਗਾਂ ਵਿੱਚ ਉਸਦੇ ਘਰ ਦੱਬੀਆਂ ਹੋਈਆਂ ਬਰਾਮਦ ਹੋਈਆਂ। ਸਵੈਲ ਨੇ ਆਪਣੀ ਮੌਤ ਦੀ ਸਜ਼ਾ ਨੂੰ ਅਪੀਲ ਰਾਹੀ ਉਲਟਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਸਵੈਲ ਕੋਲ ਲੋੜੀਂਦੇ ਗਵਾਹ  ਨਾਂ ਹੋਣ ਕਾਰਨ ਤਿੰਨ ਜੱਜਾਂ ਦੇ ਪੈਨਲ ਨੇ ਪਿਛਲੇ ਸਾਲ ਇਸ  ਅਪੀਲ ਨੂੰ ਖਾਰਜ ਕਰ ਦਿੱਤਾ ਸੀ।

Share