ਸਿਓਲ, 21 ਅਪ੍ਰੈਲ (ਪੰਜਾਬ ਮੇਲ)- ਮੰਗਲਵਾਰ ਨੂੰ ਅਮਰੀਕੀ ਮੀਡੀਆ ਨੇ ਦਾਅਵਾ ਕੀਤਾ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਇਕ ਆਪਰੇਸ਼ਨ ਤੋਂ ਬਾਅਦ ਬਹੁਤ ਨਾਜ਼ੁਕ ਸਥਿਤੀ ਵਿਚ ਹਨ। ਹਾਲਾਂਕਿ, ਦੱਖਣੀ ਕੋਰੀਆ ਦੇ ਏਕੀਕਰਨ ਮੰਤਰਾਲੇ ਅਤੇ ਰਾਸ਼ਟਰੀ ਖੁਫੀਆ ਏਜੰਸੀ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਤੁਰੰਤ ਰਿਪੋਰਟ ਦੀ ਪੁਸ਼ਟੀ ਨਹੀਂ ਕਰ ਸਕਦੇ ਪਰ ਯੂ. ਐੱਸ. ਟੀ. ਵੀ. ਚੈਨਲ ਸੀ. ਐੱਨ. ਐੱਨ. ਨੇ ਇਕ ਅਮਰੀਕੀ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਕਿ ਕਿਮ ਆਪਰੇਸ਼ਨ ਤੋਂ ਬਾਅਦ ਗੰਭੀਰ ਖਤਰੇ ਵਿਚ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿਲ ਸਬੰਧੀ ਬੀਮਾਰੀ ਦੇ ਆਪਰੇਸ਼ਨ ਮਗਰੋਂ ਉਨ੍ਹਾਂ ਦਾ ਬ੍ਰੇਨ ਡੈੱਡ ਹੋ ਗਿਆ ਹੈ। ਉੱਤਰੀ ਕੋਰੀਆ ਦੀ ਮੀਡੀਆ ਨੇ ਇਸ ਬਾਰੇ ਅਜੇ ਕੁਝ ਨਹੀਂ ਦੱਸਿਆ ਕਿਉਂਕਿ ਇੱਥੇ ਮੀਡੀਆ ‘ਤੇ ਸਰਕਾਰ ਦਾ ਕੰਟਰੋਲ ਹੁੰਦਾ ਹੈ।
ਹਾਲਾਂਕਿ ਉੱਤਰੀ ਕੋਰੀਆ ਦੇ ਸਾਬਕਾ ਸੀ. ਆਈ. ਏ. ਡਿਪਟੀ ਡਵਿਜ਼ਨ ਮੁਖੀ ਅਤੇ ਹੈਰੀਟੇਜ ਫਾਊਂਡੇਸ਼ਨ ਦੇ ਸੀਨੀਅਰ ਰੀਸਰਚ ਫੈਲੋ ਬਰੂਸ ਕਲਿੰਗਰ ਦਾ ਕਹਿਣਾ ਹੈ ਕਿ ਕਿਮ ਦੀ ਸਿਹਤ ਨੂੰ ਲੈ ਕੇ ਪਹਿਲਾਂ ਵੀ ਲੋਕਾਂ ਨੇ ਕਈ ਝੂਠੀਆਂ ਖਬਰਾਂ ਫੈਲਾਈਆਂ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਗੱਲ ਦਾ ਵੀ ਜਵਾਬ ਦਿੱਤਾ ਜਾਵੇਗਾ ਕਿ ਕਿਮ 15 ਅਪ੍ਰੈਲ ਦੇ ਰਾਸ਼ਟਰੀ ਸਮਾਗਮ ਵਿਚ ਗੈਰ ਹਾਜ਼ਰ ਕਿਉਂ ਰਹੇ ਸਨ।ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਕਿਮ ਤੇ ਉਨ੍ਹਾਂ ਦੇ ਪਿਤਾ ਦੀ ਸਿਹਤ ਨੂੰ ਲੈ ਕੇ ਲੋਕ ਝੂਠੀਆਂ ਅਫਵਾਹਾਂ ਫੈਲਾਉਂਦੇ ਰਹੇ ਹਨ।