100 ਸਾਲਾ ਚੀਨੀ ਬਜ਼ੁਰਗ ਇਲਾਜ ਨਾਲ ਹੋਇਆ ਪੂਰੀ ਤਰ੍ਹਾਂ ਠੀਕ

790
Share

ਬੀਜਿੰਗ , 9 ਮਾਰਚ (ਪੰਜਾਬ ਮੇਲ)- ਜਾਨਲੇਵਾ ਕੋਰੋਨਾਵਾਇਰਸ ਨਾਲ ਜਿੱਥੇ ਇਕ ਪਾਸੇ ਮੌਤ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ, ਉੱਥੇ ਚੀਨ ‘ਚ 100 ਸਾਲ ਦੇ ਇਕ ਬਜ਼ੁਰਗ ਨੇ ਇਸ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ ਹੈ। ਇਹ ਬਜ਼ੁਰਗ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਹੈ। ਚੀਨ ਦੇ ਮੀਡੀਆ ਮੁਤਾਬਕ ਕੋਰੋਨਾ ਨਾਲ ਇਨਫੈਕਟਿਡ 100 ਸਾਲ ਦਾ ਇਕ ਬਜ਼ੁਰਗ ਇਸ ਨਾਲ ਠੀਕ ਹੋ ਗਿਆ ਹੈ, ਜਿਸ ਦੇ ਬਾਅਦ ਉਹ ਇਸ ਵਾਇਰਸ ਤੋਂ ਉਭਰਨ ਵਾਲੇ ਸਭ ਤੋਂ ਬਜ਼ੁਰਗ ਸ਼ਖਸ ਬਣ ਗਏ ਹਨ।
ਸ਼ਿਨਹੂਆ ਦੇ ਮੁਤਾਬਕ ਇਸ ਬਜ਼ੁਰਗ ਨੂੰ ਸ਼ਨੀਵਾਰ ਨੂੰ ਵੁਹਾਨ ਦੇ ਇਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। 100 ਸਾਲ ਦੇ ਇਸ ਮਰੀਜ਼ ਨੇ ਬੀਤੇ ਮਹੀਨੇ ਆਪਣਾ ਜਨਮਦਿਨ ਮਨਾਇਆ ਸੀ। ਉਨ੍ਹਾਂ ਨੂੰ 24 ਫਰਵਰੀ ਨੂੰ ਹੁਬੇਈ ਦੇ ਮੈਟਰਨਿਟੀ ਐਂਡ ਚਾਈਲਡ ਹੈਲਥ ਕੇਅਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਫਲੂ ਜਿਹੀ ਸਾਹ ਦੀ ਬੀਮਾਰੀ ਦੇ ਇਲਾਵਾ ਇਸ ਬਜ਼ੁਰਗ ਮਰੀਜ਼ ਨੂੰ ਅਲਜ਼ਾਈਮਰ, ਹਾਈ ਬੀ.ਪੀ. ਅਤੇ ਦਿਲ ਸਬੰਧੀ ਬੀਮਾਰੀ ਸੀ। ਉਨ੍ਹਾਂ ਨੂੰ 13 ਦਿਨਾਂ ਦੀ ਜਾਂਚ ਅਤੇ ਇਲਾਜ ਦੇ ਬਾਅਦ ਹਸਪਤਾਲ ਤੋਂ ਛੁੱਟੀ ਮਿਲੀ। ਇਸ ਦੌਰਾਨ ਉਨ੍ਹਾਂ ਨੂੰ ਐਂਟੀ ਵਾਇਰਸ ਦਵਾਈਆਂ ਦੇ ਇਲਾਵਾ ਰਵਾਇਤੀ ਚੀਨੀ ਮੈਡੀਕਲ ਸੇਵਾਵਾਂ ਦਿੱਤੀਆਂ ਗਈਆਂ।

ਦੁਨੀਆਂ ਭਰ ਦੇ 60,924 ਇਨਫੈਕਟਿਡ ਲੋਕ ਹੋਏ ਠੀਕ, 6,041 ਦੀ ਹਾਲਤ ਗੰਭੀਰ
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਹੁਣ ਤੱਕ ਦੁਨੀਆਂ ਭਰ ਦੇ 60,924 ਇਨਫੈਕਟਿਡ ਲੋਕ ਠੀਕ ਹੋ ਚੁੱਕੇ ਹਨ। 43,217 ਦਾ ਹਾਲੇ ਵੀ ਇਲਾਜ ਜਾਰੀ ਹੈ, ਜਿਨ੍ਹਾਂ ਵਿਚੋਂ ਕਈਆਂ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ। ਚੀਨ ਦੇ ਬਾਹਰ 24,724 ਲੋਕ ਇਨਫੈਕਟਿਡ ਹੋਏ ਹਨ ਅਤੇ 563 ਲੋਕਾਂ ਦੀ ਮੌਤ ਹੋਈ ਹੈ। ਚੀਨ ਦੇ ਸਿਹਤ ਕਮਿਸ਼ਨ ਨੇ ਐਤਵਾਰ ਨੂੰ ਦੱਸਿਆ ਕਿ ਹਸਪਤਾਲ ਤੋਂ 1,660 ਮਰੀਜ਼ਾਂ ਨੂੰ ਛੁੱਟੀ ਮਿਲੀ। ਇੱਥੇ ਹੁਣ ਤੱਕ 57,065 ਨਾਗਰਿਕ ਠੀਕ ਹੋ ਚੁੱਕੇ ਹਨ। ਚੀਨ ‘ਚ ਸਭ ਤੋਂ ਜ਼ਿਆਦਾ ਹੁਬੇਈ ਸੂਬੇ ‘ਚ 67,707 ਲੋਕ ਇਨਫੈਕਟਿਡ ਹੋਏ ਹਨ।


Share