100 ਤੋਂ ਵਧੇਰੇ ਦੇਸ਼ਾਂ ‘ਚ ਫੈਲਿਆ ਕੋਰੋਨਾਵਾਇਰਸ

754
Share

ਜੇਨੇਵਾ, 9 ਮਾਰਚ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ ਦੀ ਤਾਜ਼ਾ ਰਿਪੋਰਟ ਮੁਤਾਬਕ 100 ਤੋਂ ਵਧੇਰੇ ਦੇਸ਼ਾਂ ‘ਚ ਕੋਰੋਨਾ ਵਾਇਰਸ ਫੈਲ ਚੁੱਕਾ ਹੈ। ਰਿਪੋਰਟ ਮੁਤਾਬਕ ਪੂਰੀ ਦੁਨੀਆਂ ‘ਚ ਕੋਰੋਨਾ ਵਾਇਰਸ ਦੇ ਹੁਣ ਤੱਕ 1 ਲੱਖ ਤੋਂ ਵਧੇਰੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
ਡਬਲਿਊ.ਐੱਚ.ਓ. ਦੀ ਰਿਪੋਰਟ ਮੁਤਾਬਕ ਬੁਲਗਾਰੀਆ, ਕੋਸਟਾ ਰਿਕਾ, ਫਾਰੇ ਟਾਪੂ, ਫਰੈਂਚ ਗੁਆਨਾ, ਮਾਲਦੀਵ, ਮਾਲਟਾ, ਮਾਰਟੀਨਕੀ ਤੇ ਰੀਪਬਲਿਕ ਆਫ ਮੋਲਡੋਵਾ ਸਣੇ 8 ਨਵੇਂ ਦੇਸ਼ਾਂ ‘ਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਤਾਜ਼ਾ ਅੰਕੜਿਆਂ ਮੁਤਾਬਕ 101 ਦੇਸ਼ਾਂ ‘ਚ ਕੋਰੋਨਾ ਵਾਇਰਸ ਦੇ 24,727 ਮਰੀਜ਼ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ।
ਚੀਨ ‘ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ 3,119 ਹੋ ਗਈ ਹੈ, ਜਿਨ੍ਹਾਂ ‘ਚੋਂ 3000 ਮੌਤਾਂ ਹੁਬੇਈ ਸੂਬੇ ‘ਚ ਹੀ ਹੋਈਆਂ ਹਨ। ਪਿਛਲੇ ਸਾਲ ਤੋਂ ਚੀਨ ‘ਚ ਫੈਲੇ ਇਸ ਵਾਇਰਸ ਨੇ ਹੌਲੀ-ਹੌਲੀ ਵਿਸ਼ਵ ਦੇ ਕਈ ਦੇਸ਼ਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਬਹੁਤ ਸਾਰੇ ਦੇਸ਼ਾਂ ਨੇ ਪ੍ਰਭਾਵਿਤ ਖੇਤਰਾਂ ‘ਚ ਸਕੂਲਾਂ ਤੇ ਕਾਲਜਾਂ ਨੂੰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਪਰ ਇਸ ਸਮੇਂ ਵੱਡੀ ਚਿੰਤਾ ਇਸ ਵਾਇਰਸ ਤੋਂ ਸੁਰੱਖਿਅਤ ਬਚਣ ਦੀ ਹੈ। ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਆਪਣੇ ਹੱਥ ਚੰਗੀ ਤਰ੍ਹਾਂ ਸਾਫ ਕਰਨ ਤੇ ਬੀਮਾਰ ਵਿਅਕਤੀ ਤੋਂ ਦੂਰ ਰਹਿਣ। ਜ਼ਿਕਰਯੋਗ ਹੈ ਕਿ ਚੀਨ ਤੋਂ ਬਾਅਦ ਸਭ ਤੋਂ ਵਧ ਇਟਲੀ ਦੇਸ਼ ਪ੍ਰਭਾਵਿਤ ਹੋਇਆ ਹੈ।


Share