10 ਹਜ਼ਾਰ ਬੈੱਡਾਂ ਵਾਲਾ ਦੁਨੀਆਂ ਦਾ ਸਭ ਤੋਂ ਵੱਡਾ ਕੋਵਿਡ ਕੇਅਰ ਸੈਂਟਰ ਨਵੀਂ ਦਿੱਲੀ ‘ਚ ਸ਼ੁਰੂ

720
Share

ਨਵੀਂ ਦਿੱਲੀ, 6 ਜੁਲਾਈ (ਪੰਜਾਬ ਮੇਲ)- ਦਿੱਲੀ ਦੇ ਰਾਧਾ ਸੁਆਮੀ ਸਤਸੰਗ ਬਿਆਸ ਵਿਖੇ 10,000 ਬੈੱਡਾਂ ਵਾਲੇ ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ ਦਾ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੇ ਉਦਘਾਟਨ ਕੀਤਾ। ਇਹ ਸੈਂਟਰ ਦੁਨੀਆਂ ਦੇ ਸਹੂਲਤਮਈ ਸੈਂਟਰਾਂ ‘ਚ ਸਭ ਤੋਂ ਵੱਡਾ ਹੈ। ਬੈਜਲ ਨੇ ਕਿਹਾ ਕਿ ਇਹ ਸੈਂਟਰ ਕੋਰੋਨਾ ਖਿਲਾਫ਼ ਜੰਗ ‘ਚ ਸਰਗਰਮ ਭੂਮਿਕਾ ਨਿਭਾਏਗਾ। ਉਨ੍ਹਾਂ ਛੱਤਰਪੁਰ ‘ਚ ਬਣਾਏ ਸੈਂਟਰ ਵਿਖੇ ਮੈਡੀਕਲ ਸਟਾਫ਼, ਆਈ.ਸੀ.ਯੂ., ਵੈਂਟੀਲੇਟਰਜ਼, ਆਕਸੀਜਨ ਸਿਲੰਡਰ ਤੇ ਬੈੱਡਾਂ ਦੀ ਉਪਲੱਬਤਾ ਦੀ ਸਮੀਖਿਆ ਕੀਤੀ ਤੇ ਇਸ ਸੈਂਟਰ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਨਿਭਾਉਣ ਲਈ ਆਈ.ਟੀ.ਬੀ.ਪੀ. ਨੂੰ ਵਧਾਈ ਵੀ ਦਿੱਤੀ। ਆਈ.ਟੀ.ਬੀ.ਪੀ. ਨੇ ਇਕ ਬਿਆਨ ‘ਚ ਦੱਸਿਆ ਕਿ ਇਹ ਸੈਂਟਰ 1700 ਫੁੱਟ ਲੰਬਾ ਤੇ 700 ਫੁੱਟ ਚੌੜਾ ਹੈ ਤੇ ਇਸ ਦਾ ਆਕਾਰ 20 ਫੁੱਟਬਾਲ ਮੈਦਾਨਾਂ ਜਿੰਨਾ ਹੈ। ਇਸ ‘ਚ 200 ਕੈਂਪਸ ਹਨ ਤੇ ਹਰੇਕ ‘ਚ 50 ਬੈੱਡ ਸਥਾਪਿਤ ਹਨ। ਇਸ ਸੈਂਟਰ ਦਾ ਸੰਚਾਲਨ ਠੀਕ ਤਰੀਕੇ ਨਾਲ ਚਲਾਉਣ ਲਈ 2000 ਦੇ ਕਰੀਬ ਸਟਾਫ਼ ਅਮਲਾ ਤਾਇਨਾਤ ਕੀਤਾ ਗਿਆ ਹੈ। ਆਈ.ਟੀ.ਬੀ.ਪੀ. ਦੇ ਮੁਖੀ ਐੱਸ.ਐੱਸ. ਦੇਸਵਾਲ ਨੇ ਕਿਹਾ ਕਿ ਸਲਾਹਕਾਰਾਂ ਤੇ ਮਨੋਵਿਗਿਆਨੀਆਂ ਦੀ ਇਕ ਟੀਮ ਵੀ ਕੋਰੋਨਾ ਕਾਰਨ ਤਣਾਅਗ੍ਰਸਤ ਜਾਂ ਸਦਮੇ ‘ਚ ਫ਼ਸੇ ਲੋਕਾਂ ਦੀ ਸਹਾਇਤਾ ਲਈ ਮੌਜੂਦ ਰਹੇਗੀ।


Share