10 ਅਗਸਤ ਤੱਕ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇਣ ਦੀ ਤਿਆਰੀ ‘ਚ ਰੂਸ

664
Share

ਮਾਸਕੋ, 30 ਜੁਲਾਈ (ਪੰਜਾਬ ਮੇਲ)- ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਦਾ ਆਰਥਿਕ ਅਤੇ ਸਮਾਜਿਕ ਤੌਰ ‘ਤੇ ਲੱਕ ਤੋੜ ਦਿੱਤਾ ਹੈ। ਇਸ ਸਮੇਂ ਹਰ ਕਿਸੇ ਨੂੰ ਕੋਰੋਨਾ ਦੀ ਵੈਕਸੀਨ ਆਉਣ ਦੀ ਉਡੀਕ ਹੈ। ਇਸ ਵਿਚਕਾਰ ਰੂਸ ਤੋਂ ਚੰਗੀ ਖ਼ਬਰ ਆ ਰਹੀ ਹੈ। ਰੂਸ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਸਕਦਾ ਹੈ। ਸੂਤਰਾਂ ਮੁਤਾਬਕ ਰੂਸੀ ਅਧਿਕਾਰੀ ਵੈਕਸੀਨ ਦੀ ਮਨਜ਼ੂਰੀ ਲਈ 10 ਅਗਸਤ ਜਾਂ ਉਸ ਤੋਂ ਪਹਿਲਾਂ ਦੀ ਤਰੀਕ ‘ਤੇ ਵਿਚਾਰ ਕਰ ਰਹੇ ਹਨ। ਇਹ ਵੈਕਸੀਨ ਮਾਸਕੋ ਸਥਿਤ ਗਮਲੇਯਾ ਇੰਸਟੀਚਿਊਟ ਨੇ ਬਣਾਈ ਹੈ। ਅਧਿਕਾਰੀਆਂ ਮੁਤਾਬਕ ਵੈਕਸੀਨ ਨੂੰ ਜਨਤਕ ਵਰਤੋਂ ਲਈ ਮਨਜ਼ੂਰੀ ਦਿੱਤੀ ਜਾਵੇਗੀ। ਫਰੰਟਲਾਈਨ ਹੈਲਥਕੇਅਰ ਵਰਕਰਜ਼ ਨੂੰ ਪਹਿਲਾਂ ਇਹ ਮਿਲ ਜਾਵੇਗੀ। ਪਰ ਰੂਸ ਨੇ ਅਜੇ ਤੱਕ ਵੈਕਸੀਨ ਦੇ ਟ੍ਰਾਇਲ ਦਾ ਕੋਈ ਡਾਟਾ ਅਜੇ ਜਾਰੀ ਨਹੀਂ ਕੀਤਾ ਹੈ। ਇਸ ਕਾਰਨ ਇਸ ਦੀ ਪ੍ਰਭਾਵਸ਼ੀਲਤਾ ਬਾਰੇ ਟਿੱਪਣੀ ਨਹੀਂ ਕੀਤੀ ਜਾ ਸਕਦੀ। ਆਲੋਚਕਾਂ ਦਾ ਕਹਿਣਾ ਹੈ ਕਿ ਜਲਦ ਵੈਕਸੀਨ ਲਿਆਉਣ ਦਾ ਸਿਆਸੀ ਦਬਾਅ ਹੈ ਤਾਂ ਜੋ ਰੂਸ ਨੂੰ ਇੱਕ ਵਿਸ਼ਵ ਵਿਗਿਆਨੀ ਸ਼ਕਤੀ ਦੇ ਰੂਪ ਵਿੱਚ ਦਰਸਾਇਆ ਜਾ ਸਕੇ। ਇਸ ਤੋਂ ਇਲਾਵਾ ਵੈਕਸੀਨ ਦੇ ਅਧੂਰੇ ਮਨੁੱਖੀ ਟ੍ਰਾਇਲ ‘ਤੇ ਵੀ ਸਵਾਲ ਉਠ ਰਹੇ ਹਨ। ਦੁਨੀਆ ਭਰ ਵਿੱਚ ਦਰਜਨਾਂ ਵੈਕਸੀਨ ਦਾ ਟ੍ਰਾਇਲ ਚੱਲ ਰਿਹਾ ਹੈ। ਕੁਝ ਦੇਸ਼ਾਂ ਵਿੱਚ ਵੈਕਸੀਨ ਦਾ ਟ੍ਰਾਇਲ ਤੀਜੇ ਪੜਾਅ ਵਿੱਚ ਹੈ। ਰੂਸੀ ਵੈਕਸੀਨ ਦਾ ਦੂਜਾ ਪੜਾਅ ਅਜੇ ਪੂਰਾ ਨਹੀਂ ਹੋਇਆ ਹੈ। ਵਿਗਿਆਨੀਆਂ ਨੇ ਤਿੰਨ ਅਗਸਤ ਤੱਕ ਇਸ ਪੜਾਅ ਨੂੰ ਪੂਰਾ ਕਰਨ ਦੀ ਯੋਜਨਾਂ ਬਣਾਈ ਹੈ। ਇਸ ਤੋਂ ਬਾਅਦ ਤੀਜੇ ਪੜਾਅ ਦਾ ਪ੍ਰੀਖਣ ਸ਼ੁਰੂ ਕੀਤਾ ਜਾਵੇਗਾ। ਰੂਸੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਵੈਕਸੀਨ ਜਲਦੀ ਤਿਆਰ ਕਰ ਲਈ ਗਈ, ਕਿਉਂਕਿ ਇਹ ਪਹਿਲਾਂ ਹੀ ਇਸ ਤਰ•ਾਂ ਦੀਆਂ ਹੋਰ ਬਿਮਾਰੀਆਂ ਨਾਲ ਲੜਨ ਵਿੱਚ ਸਮਰੱਥ ਹੈ। ਇਹੀ ਦ੍ਰਿਸ਼ਟੀਕੋਣ ਕਈ ਹੋਰ ਦੇਸ਼ਾਂ ਅਤੇ ਕੰਪਨੀਆਂ ਦਾ ਹੈ।
ਰੂਸ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰੂਸੀ ਫ਼ੌਜੀਆਂ ਨੇ ਮਨੁੱਖੀ ਟ੍ਰਾਇਲ ਵਿੱਚ ਵਲੰਟੀਅਰਜ਼ ਦੇ ਰੂਪ ਵਿੱਚ ਕੰਮ ਕੀਤਾ ਹੈ। ਦਾਅਵਾ ਹੈ ਕਿ ਯੋਜਨਾ ਦੇ ਡਾਇਰੈਕਟਰ ਅਲੈਕਜੈਂਡਰ ਗਿਨਸਬਰਗ ਨੇ ਖੁਦ ਇਹ ਵੈਕਸੀਨ ਲਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਸ਼ਵ ਮਹਾਂਮਾਰੀ ਅਤੇ ਰੂਸ ਵਿੱਚ ਵਧਦੇ ਕੋਰੋਨਾ ਸੰਕਟ ਕਾਰਨ ਦਵਾ ਨੂੰ ਮਨਜ਼ੂਰੀ ਦੇਣ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਰੂਸ ਵਿੱਚ ਹੁਣ ਤੱਕ 8 ਲੱਖ 23 ਹਜ਼ਾਰ ਤੋਂ ਵੱਧ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ।


Share