1 ਅਗਸਤ ਤੋਂ 11 ਸਤੰਬਰ ਤੱਕ 736 ਅਫ਼ਗਾਨ ਲੋਕਾਂ ਦੇ ਨਾਮ ਨਵੀਂ ਰਜਿਸਟਰੇਸ਼ਨ ਲਈ ਦਰਜ : ਯੂ.ਐੱਨ.

458
ਕਾਬੁਲ ਤੋਂ ਕੈਨੇਡਾ ਦੇ ਟੋਰਾਂਟੋ ਹਵਾਈ ਅੱਡੇ ’ਤੇ ਪੁੱਜੇ ਆਪਣੇ ਤਿੰਨ ਸਾਲ ਦੇ ਪੁੱਤਰ ਨਾਲ ਲਾਡ ਲਡਾਉਂਦਾ ਹੋਇਆ ਅਫਗਾਨ ਮੂਲ ਦਾ ਨਾਗਰਿਕ। ਕਾਬੁਲ ਦੇ ਹਵਾਈ ਅੱਡੇ ’ਤੇ ਹੋਏ ਹਮਲੇ ਦੌਰਾਨ ਇਹ ਬੱਚਾ ਆਪਣੀ ਮਾਂ ਨਾਲੋਂ ਵਿਛੜ ਗਿਆ ਸੀ ਅਤੇ ਇਸ ਨੂੰ ਇਕੱਲੇ ਨੂੰ ਹੀ ਲਿਆਂਦਾ ਗਿਆ।
Share

ਨਵੀ ਦਿੱਲੀ, 16 ਸਤੰਬਰ (ਪੰਜਾਬ ਮੇਲ)- ਸੰਯੁਕਤ ਰਾਸ਼ਟਰ (ਯੂ.ਐੱਨ.) ਦੀ ਏਜੰਸੀ ਯੂ.ਐੱਨ.ਐੱਚ.ਸੀ.ਆਰ. ਨੇ ਇੱਥੇ ਦੱਸਿਆ ਕਿ ਪਹਿਲੀ ਅਗਸਤ ਤੋਂ 11 ਸਤੰਬਰ ਤੱਕ ਕੁੱਲ 736 ਅਫ਼ਗਾਨ ਲੋਕਾਂ ਦੇ ਨਾਮ ਨਵੀਂ ਰਜਿਸਟਰੇਸ਼ਨ ਲਈ ਦਰਜ ਕੀਤੇ ਗਏ ਹਨ। ਏਜੰਸੀ ਨੇ ਇਹ ਵੀ ਕਿਹਾ ਕਿ ਉਹ ਭਾਰਤ ’ਚ ਅਫ਼ਗਾਨ ਨਾਗਰਿਕਾਂ ਦੀ ਰਜਿਸਟਰੇਸ਼ਨ ਅਤੇ ਸਹਾਇਤਾ ਲਈ ਵਧਦੀਆਂ ਬੇਨਤੀਆਂ ਨਾਲ ਨਜਿੱਠਣ ਲਈ ਆਪਣੀ ਸਮਰੱਥਾ ਵਧਾ ਰਹੀ ਹੈ।
ਸ਼ਰਨਾਰਥੀਆਂ ਬਾਰੇ ਏਜੰਸੀ (ਸੰਯੁਕਤ ਰਾਸ਼ਟਰ ਕਮਿਸ਼ਨ ਫਾਰ ਰਿਫਿਊਜੀਜ਼) ਨੇ ਕਿਹਾ ਕਿ ਉਹ ਵੀਜ਼ਾ ਜਾਰੀ ਕਰਨ ਅਤੇ ਮਿਆਦ ਵਧਾਉਣ, ਸਹਾਇਤਾ ਅਤੇ ਸਮੱਸਿਆਵਾਂ ਦੇ ਹੱਲ ਸਮੇਤ ਅਫਗਾਨ ਲੋਕਾਂ ਨਾਲ ਸਬੰਧਤ ਮਾਮਲਿਆਂ ਬਾਰੇ ਸਰਕਾਰ ਨਾਲ ਲਗਾਤਾਰ ਸੰਪਰਕ ’ਚ ਹੈ। ਅੰਕੜਿਆਂ ਮੁਤਾਬਕ ਭਾਰਤ ’ਚ ਸ਼ਰਨਾਰਥੀਆਂ ਦੀ ਕੁੱਲ ਗਿਣਤੀ 43,157 ਹੈ। ਇਨ੍ਹਾਂ ਵਿਚ 15,559 ਅਫਗਾਨ ਸ਼ਰਨਾਰਥੀ ਹਨ, ਜੋ ਭਾਰਤ ਦੀ ਨਾਗਰਿਕਤਾ ਲੈਣ ਦੇ ਚਾਹਵਾਨ ਹਨ।
ਯੂ.ਐੱਨ. ਦੀ ਏਜੰਸੀ ਨੇ ਕਿਹਾ, ‘ਇੱਕ ਅਗਸਤ ਤੋਂ 11 ਸਤੰਬਰ ਤੱਕ ਯੂ.ਐੱਨ.ਐੱਚ.ਸੀ.ਆਰ. ਵੱਲੋਂ ਨਵੀਂ ਰਜਿਸਟਰੇਸ਼ਨ ਲਈ 736 ਅਫ਼ਗਾਨ ਲੋਕਾਂ ਦੇ ਨਾਮ ਦਰਜ ਕੀਤੇ ਗਏ ਹਨ।’ ਯੂ.ਐੱਨ.ਐੱਚ.ਸੀ.ਆਰ. ਕੋਲ ਸੰਪਰਕ ਕਰਨ ਵਾਲਿਆਂ ਵਿਚ 2021 ’ਚ ਭਾਰਤ ਆਏ ਕਿੱਤਾਕਾਰ, ਵਿਦਿਆਰਥੀ ਅਤੇ ਹੋਰ ਸ਼੍ਰੇਣੀਆਂ ਦੇ ਅਫ਼ਗਾਨ ਨਾਗਰਿਕ ਵੀ ਸ਼ਾਮਲ ਹਨ, ਜਿਹੜੇ ਸ਼ਰਨ ਲੈਣ ਦੇ ਪਹਿਲਾਂ ਤੋਂ ਬੰਦ ਕੇਸ ਫਿਰ ਤੋਂ ਖੋਲ੍ਹਣ ਦੀ ਮੰਗ ਕਰ ਰਹੇ ਹਨ। ਇਹ ਸਾਰੇ ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ ਕਾਰਨ ਵਾਪਸ ਜਾਣ ਤੋਂ ਅਸਮਰੱਥ ਹਨ।
ਏਜੰਸੀ ਮੁਤਾਬਕ ਉਸ ਨੇ ਅਫ਼ਗਾਨਿਸਤਾਨ ਦੇ ਹੰਗਾਮੀ ਸਥਿਤੀ ਅਤੇ ਅਫ਼ਗਾਨ ਨਾਗਰਿਕਾਂ ਨੂੰ ਸਮਰਪਿਤ ਇੱਕ ਸਹਾਇਤਾ ਯੂਨਿਟ ਵੀ ਸਥਾਪਤ ਕੀਤੀ ਹੈ, ਜਿਸ ਵਿਚ ਰਜਿਸਟਰੇਸ਼ਨ ਅਤੇ ਸਹਾਇਤਾ ਬਾਰੇ ਤਫ਼ਸੀਲ ਵਿਚ ਜਾਣਕਾਰੀ ਉਪਲੱਬਧ ਹੈ। ਏਜੰਸੀ ਮੁਤਾਬਕ, ‘ਅਫ਼ਗਾਨ ਭਾਈਚਾਰੇ ਦੀ ਮਦਦ ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਲਈ 24×7 ਹੈਲਪਲਾਈਨ ਸਥਾਪਤ ਕੀਤੀ ਗਈ ਹੈ। ਰੋਜ਼ਾਨਾ 130 ਤੋਂ ਵੱਧ ਫੋਨ ਆ ਰਹੇ ਹਨ, ਜਿਨ੍ਹਾਂ ਵਿਚੋਂ ਬਹੁਤੇ ਸਹਾਇਤਾ ਅਤੇ ਰਜਿਸਟਰੇਸ਼ਨ ਦੀ ਪੜਤਾਲ ਸਬੰਧੀ ਹੁੰਦੇ ਹਨ।’

Share