ਫ਼ੌਜ ਭੇਜਣ ਦੀ ਧਮਕੀ ਤੋਂ ਬਾਅਦ ਸਿਆਟਲ ਵਿਖੇ ਹਜ਼ਾਰਾਂ ਲੋਕਾਂ ਵਲੋਂ ਪ੍ਰਦਰਸ਼ਨ

1067
Share

ਸਿਆਟਲ, 14 ਜੂਨ (ਪੰਜਾਬ ਮੇਲ)-ਬੀਤੇ ਦਿਨੀਂ ਮਿਨੀਐਪਲਸ ਵਿਖੇ ਪੁਲਿਸ ਹੱਥੋਂ ਮਾਰੇ ਗਏ ਅਫਰੀਕਨ-ਅਮਰੀਕਨ ਵਿਅਕਤੀ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਸਿਆਟਲ ਵਿਖੇ ਇਨਸਾਫ਼ ਨੂੰ ਲੈ ਕੇ ਲਗਾਤਾਰ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ। ਰਾਸ਼ਟਰਪਤੀ ਟਰੰਪ ਨੇ ਸੂਬੇ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਇਹ ਪ੍ਰਦਰਸ਼ਨ ਬੰਦ ਨਹੀਂ ਕਰਵਾ ਸਕਦੀ, ਤਾਂ ਉਹ ਫ਼ੌਜ ਭੇਜਣਗੇ।
ਸਿਆਟਲ ਵਿਖੇ 60 ਹਜ਼ਾਰ ਤੋਂ ਵੱਧ ਲੋਕਾਂ ਨੇ ‘ਮਾਰਚ ਆਫ਼ ਸਾਈਲੈਂਸ’ ਪ੍ਰਦਰਸ਼ਨ ਕੀਤਾ ਗਿਆ। ਸਾਈਲੈਂਸ (ਮੋਨ) ਪ੍ਰਦਰਸ਼ਨ ‘ਚ ਪੁਲਿਸ ਜਬਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਅਤੇ ਇਨਸਾਫ਼ ਦੀ ਮੰਗ ਕੀਤੀ ਗਈ। ਏਨੀ ਵੱਡੀ ਤਾਦਾਦ ‘ਚ ਲੋਕਾਂ ਨੇ ਮੀਲਾਂ ਦੀ ਦੂਰੀ ਤਹਿ ਕੀਤੀ ਅਤੇ ਨਸਲੀ ਭੇਦਭਾਵ ਅਤੇ ਪੁਲਿਸ ਦੀ ਬੇਰਹਿਮੀ ਖ਼ਿਲਾਫ਼ ਉਸ ਕਾਲੇ ਨੌਜਵਾਨ ਜਾਰਜ ਫਲਾਇਡ ਦੀ ਯਾਦ ‘ਚ ਇਨਸਾਫ਼ ਲਈ ਮੋਨ ਮਾਰਚ ਕੀਤਾ, ਜਿਸ ਨੇ ਸਿਆਟਲ ਦਾ ਸਾਰਾ ਟ੍ਰੈਫਿਕ ਸਿਸਟਮ ਵਿਗਾੜ ਕੇ ਰੱਖ ਦਿੱਤਾ। ਸਿਆਟਲ ਕਿੰਗ ਕਾਊਂਟੀ ਦੀ ਚੇਅਰਪਰਸਨ ਐਂਬਲੀ ਮਿਰਾਡਾ ਨੇ ਕਿਹਾ ਕਿ ਮੋਨ ਪ੍ਰਦਰਸ਼ਨ ਉਨ੍ਹਾਂ ਲੋਕਾਂ ਨੂੰ ਸਨਮਾਨ ਦੇਣ ਲਈ ਹੈ, ਜਿਨ੍ਹਾਂ ਨੇ ਪੁਲਿਸ ਜਬਰ ਤੇ ਨਸਲਵਾਦੀ ਹਿੰਸਾ ਵਿਚ ਆਪਣੀ ਜਾਨ ਗਵਾ ਲਈ ਹੈ। ਦੁਪਹਿਰ ਨੂੰ ਜੂਡਕਿਨਜ਼ ਪਾਰਕ ਵਿਖੇ ਪਹੁੰਚ ਕੇ ਇਸ ਮਾਰਚ ਨੇ ਇਕ ਭਾਰੀ ਰੈਲੀ ਦਾ ਰੂਪ ਲੈ ਲਿਆ, ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਲੋਕਾਂ ਦਾ ਸਮੂਹ ਜਿਵੇਂ ਮੰਗ ਕਰੇਗਾ ਸਰਕਾਰ ਨੂੰ ਉਸੇ ਤਰ੍ਹਾਂ ਕਰਨਾ ਪਵੇਗਾ। ਮਾਰਚ ਦੀ ਯੋਜਨਾ ਅਤੇ ਰਾਜ ਵਿਆਪੀ ਪ੍ਰੋਗਰਾਮ ਦਾ ਐਲਾਨ ਸਿਆਟਲ ਦੀ ਮੇਅਰ ਜੈਨੀ ਡਰਕਨ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਗਿਆ ਹੈ। ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਮੁਜ਼ਾਹਰਿਆਂ ਵੇਲੇ ਪੁਲਿਸ ਦੇ ਬਾਡੀਕੈਮ ਕੈਮਰੇ ਚਾਲੂ ਰੱਖੇ ਜਾਣ ਤੇ ਬਾਡੀਕੈਮ ਤੋਂ ਦਰਜ ਡਾਟਾ ਦੀ ਪਹੁੰਚ ਪੁਲਿਸ ਹੱਥਾਂ ਤੋਂ ਬਾਹਰ ਰੱਖੀ ਜਾਵੇ। ਅਸੀਂ ਸ਼ਹਿਰ ਦੀ ਪੁਲਿਸ ਬਜਟ ‘ਚ 100 ਮਿਲੀਅਨ ਡਾਲਰ ਦੀ ਹੋਰ ਮੰਗ ਕਰਦੇ ਹਾਂ, ਤਾਂ ਕਿ ਪੁਲਿਸ ਵਿਭਾਗ ‘ਚ ਚੰਗੀ ਤਬਦੀਲੀ ਕੀਤੀ ਜਾਵੇ। ਸਿਆਟਲ ਦੀ ਮੇਅਰ ਜੈਨੀ ਡਰਕਨ ਨੇ ਵੀ ਮੁਜ਼ਾਹਰਾਕਾਰੀਆਂ ਨਾਲ ਸਹਿਮਤੀ ਪ੍ਰਗਟ ਕੀਤੀ।


Share