ਜ਼ਿਲ੍ਹਾ ਲਿਖਾਰੀ ਸਭਾ ਨੇ ਸ੍ਰੀ ਗੁਰੂ ਤੇਗ ਬਹਾਦਰ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬਾਂ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

141
Share

– ਪ੍ਰੋ. ਪੰਡਿਤ ਧਰੇਨਵਰ ਰਾਓ ਨੇ ਕਵੀਆਂ ਨੂੰ 35-35 ਰੁਪਏ ਭੇਟ ਕਰ ਪੰਜਾਬ ਭਾਸ਼ਾ ਨੂੰ ਪ੍ਰਫੁਲਤ ਕਰਨ ਦਾ ਦਿੱਤਾ ਹੋਕਾ

ਸਰਹਿੰਦ, 15 ਮਾਰਚ (ਹਰਜੀਤ ਚੀਮਾ/ਪੰਜਾਬ ਮੇਲ)- ਜ਼ਿਲ੍ਹਾ ਲਿਖਾਰੀ ਸਭਾ ਸ੍ਰੀ ਫਤਹਿਗੜ੍ਹ ਸਾਹਿਬ ਵਲੋਂ ਨੌਵੇਂ ਪਾਤਸ਼ਾਹ ਦੇ 400 ਸਾਲਾ ਤੇ ਦਸਵੇਂ ਪਾਤਸ਼ਾਹ ਦੇ 355 ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਤੇ ਕੁੰਜੀਵਤ ਭਾਸ਼ਣ ਕਰਵਾਏ ਗਏ। ਇਸ ਸਮਾਗਮ ਮੌਕੇ ਭਾਸ਼ਾ ਵਿਭਾਗ ਵਲੋਂ 5000 ਰੁਪਏ ਦਾ ਸਹਿਯੋਗ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਚ ਕਰਵਾਏ ਸਮਾਗਮ ਦੇ ਸਮੁੱਚੀ ਪ੍ਰਬੰਧ ਸਭਾ ਦੇ ਪ੍ਰਧਾਨ ਐਡ. ਦਰਬਾਰਾ ਸਿੰਘ ਢੀਂਡਸਾ, ਐਡ. ਜਸਵਿੰਦਰ ਸਿੰਘ ਸਿੱਧੂ, ਮੈਨੇਜਰ ੳੂਧਮ ਸਿੰਘ ਅਤੇ ਪੂਨਮਪ੍ਰਤੀਕ ਸਿੰਘ ਨੇ ਕੀਤਾ। ਜਨਰਲ ਸਕੱਤਰ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਮੰਚ ਸੰਚਾਲਨ ਕੀਤਾ ਤੇ ਪ੍ਰੋ. ਸਾਧੂ ਸਿੰਘ ਪਨਾਗ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਸਮਾਗਮ ’ਚ ਮੁੱਖ ਮਹਿਮਾਨ ਡਾ. ਅਮਰ ਕੋਮਲ, ਵਿਸੇਸ ਮਹਿਮਾਨ ਪ੍ਰੋ. ਪੰਡਿਤ ਧਰੇਨਵਰ ਰਾਓ ਤੇ ਪ੍ਰਧਾਨਗੀ ਜਸਵਿੰਦਰ ਕੌਰ ਜ਼ਿਲ੍ਹਾ ਭਾਸ਼ਾ ਅਫਸਰ ਨੇ ਕੀਤੀ। ਰਮਿੰਦਰਜੀਤ ਸਿੰਘ ਬਾਸੂ ਡਿਪਟੀ ਡਾਇਰੈਕਟਰ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਨੇ ਮੁੱਖ ਬੁਲਾਰੇ ਵਜੋਂ ਸੇਵਾ ਨਿਭਾਈ ਤੇ ਸਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਪਰਵਾਸੀ ਪੰਜਾਬੀ ਲੇਖਕ ਅਜੇਪਾਲ ਸਿੰਘ ਬਾਠ ਕੈਲੀਫੋਰਨੀਆ ਵਲੋਂ ਸਮਾਗਮ ਲਈ 5100 ਰੁਪਏ ਭੇਜੇ ਗਏ। ਸਭਾ ਦੇ ਸਹਿਯੋਗੀ ਬਲਦੇਵ ਸਿੰਘ ਬਲੱਗਣ ਕੈਲੇਫੋਰਨੀਆ ਤੇ ਲੇਖਕ ਬਾਠ ਦਾ ਸਨਮਾਨ ਕੀਤਾ ਗਿਆ ਜੋ ਕਿ ਸੁਖਚੈਨ ਸਿੰਘ ਤੇ ਐਡ. ਸਿੱਧੂ ਨੂੰ ਭੇਟ ਕੀਤਾ ਗਿਆ। ਅਧਿਆਪਕ ਸੰਦੀਪ ਸਿੰਘ ਨਾਲ ਆਈਆਂ ਸਰਕਾਰੀ ਸਕੂਲ ਸਮਸ਼ਪੁਰ ਸਕੂਲ ਦੀਆਂ ਛੋਟੀਆਂ ਬੱਚੀਆਂ ਮਨਜੋਤ ਕੌਰ, ਪਰਨੀਤ ਕੌਰ ਤੇ ਜਸਮੀਨ ਕੌਰ ਨੇ ਕਵੀਸ਼ਰੀ ਕਰਕੇ ਰੰਗ ਬੰਨਿਆ। ਪ੍ਰਸਿੱਧ ਗਾਇਕ ਮਹਿੰਦਰ ਸਿੰਘ ਮਿੰਦੀ ਨੇ 2 ਧਾਰਮਿਕ ਗੀਤ ਗਾ ਕੇ ਸਰੋਤੇ ਕੀਲੇ। ਉਪਰੰਤ ਹਰਜਿੰਦਰ ਸਿੰਘ ਗੋਪਾਲੋਂ, ਅਮਰਬੀਰ ਸਿੰਘ ਚੀਮਾ, ਮਨਜੀਤ ਸਿੰਘ ਘੁੰਮਣ, ਲਛਮਣ ਸਿੰਘ ਤਰੌੜਾ, ਬਲਤੇਜ ਸਿੰਘ ਬਠਿੰਡਾ, ਗੁਰਨਾਮ ਸਿੰਘ ਬਿਜਲੀ, ਹਰਮਿੰਦਰ ਕੌਰ, ਡਾ. ਜਸਵੀਰ ਕੌਰ ਭੱਲਮਾਜਰਾ, ਬਲਵਿੰਦਰ ਸਿੰਘ ਢੀਂਡਸਾ ਸਾਹਿਤ ਸਭਾ ਭੁਮੱਦੀ ਤੋਂ ਪਰਗਟ ਸਿੰਘ, ਨਰੇਸ਼ ਨਿਮਾਣਾ ਤੇ ਸੁਖਵਿੰਦਰ ਸਿੰਘ ਭਾਦਲਾ ਨੇ ਰਚਨਾਵਾਂ ਪੇਸ਼ ਕੀਤੀਆਂ ਤੇ ਭੂਤਵਾੜਾ ਵੈਲਫੇਅਰ ਫਾਊਂਡੇਸ਼ਨ ਤੋਂ ਕੁਲਦੀਪ ਸਿੰਘ ਸਨੌਰ ਨੇ ਸ਼ਿਰਕਤ ਕੀਤੀ।

ਵਿਸੇਸ਼ ਤੌਰ ’ਤੇ ਚੰਡੀਗਡ੍ਹ ਤੋਂ ਪੁੱਜੀਆਂ ਨਾਮੀ ਕਵਿੱਤਰੀਆਂ ਪਰਮਜੀਤ ਪਰਮ, ਕਸ਼ਮੀਰ ਕੌਰ, ਮਲਕੀਤ ਬਸਰਾ ਅਤੇ ਕਮਲਜੀਤ ਕੌਰ ਨੇ ਨਜ਼ਮਾਂ ਪੇਸ਼ ਕੀਤੀਆਂ। ਪਿੰਡ ਸੈਂਪਲੀ ਤੋਂ ਪੁੱਜੇ ਪਤਵੰਤਿਆਂ ਮੇਜਰ ਕੁਰੈਸ਼ੀ ਤੇ ਹੋਰਾਂ ਨੇ ਪਰਮਜੀਤ ਕੌਰ ਸਰਹਿੰਦ ਤੇ ਉਨ੍ਹਾਂ ਦੇ ਪਰਿਵਾਰ ਦਾ ਸਨਮਾਨ ਕੀਤਾ। 35 ਵਰਣਮਾਲਾ ਤੇ ਗੁਰੂ ਗੋਬਿੰਦ ਸਿੰਘ ਨਾਲ ਸੰਬੰਧਿਤ ਲਾਈਨਾਂ ਲਿਖੇ ਹੋਏ ਫਲੈਕਸ ਆਪਣੇ ਮੋਢੇ ’ਤੇ ਚੁੱਕ ਕਰਨਾਟਕਾ ਦੇ ਵਸਨੀਕ ਤੇ ਪੰਜਾਬੀ ਦੇ ਮੁਦਈ ਪ੍ਰੋ. ਪੰਡਿਤ ਧਰੇਨਵਰ ਰਾਓ ਨੇ ਪੰਜਾਬੀ ਦੇ 35 ਅੱਖਰਾਂ ਦਾ ਮਾਣ ਰੱਖਦਿਆਂ ਸਾਰੇ ਕਵੀਆਂ ਨੂੰ 35-35 ਰੁਪਏ ਦੇ ਕੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਦਾ ਹੋਕਾ ਦਿੱਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੋ. ਰਾਓ ਨੇ ਉੱਥੇ ਮੌਜੂਦ ਜ਼ਿਲ੍ਹਾ ਭਾਸ਼ਾ ਅਫਸਰ ਤੋਂ ਮੰਗ ਕੀਤੀ ਕਿ ਕਰਨਾਟਕਾ ਸੂਬੇ ਵਾਂਗ ਪੰਜਾਬ ਸਰਕਾਰ ਵੀ ਪੰਜਾਬੀ ਦੀਆਂ ਧਾਰਮਿਕ ਲਿਖਤਾਂ ਨੂੰ ਹੋਰਾਂ ਭਾਸ਼ਾਵਾਂ ’ਚ ਅਨੁਵਾਦ ਕਰਨ ਲਈ ਰਾਖਵਾਂ ਬਜਟ ਰੱਖੇ ਤਾਂ ਜੋ ਗੁਰੂ ਸਾਹਿਬਾਨਾਂ ਤੇ ਭਗਤਾਂ ਦੀਆਂ ਲਿਖਤਾਂ ਦੇ ਘੇਰੇ ਨੂੰ ਹੋਰ ਵਿਸ਼ਾਲ ਕੀਤਾ ਜਾ ਸਕੇ। ਇਸ ਮੌਕੇ ਡਾ. ਗੁਰਮੀਤ ਸਿੰਘ ਤੇ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਨੇ ਜ਼ਿਲ੍ਹਾ ਲਿਖਾਰੀ ਸਭਾ ਦੀ ਮੈਂਬਰਸ਼ਿਪ ਵੀ ਲਈ। ਇਸ ਮੌਕੇ ਕੁਲਜੀਤ ਸਿੰਘ ਬਾਠ, ਨੀਲ ਕਮਲ ਕੌਰ, ਬਲਵਿੰਦਰ ਸਿੰਘ ਸੋਹੀ, ਪਰਮਿੰਦਰ ਕੌਰ, ਹਰਜੀਤ ਕੌਰ ਚੀਮਾ, ਨਰਿੰਦਰ ਕੌਰ ਸਿੱਧੂ, ਗੁਰਬਚਨ ਸਿੰਘ ਬਿਰਦੀ, ਕਰਨੈਲ ਸਿੰਘ ਵਜ਼ੀਰਾਬਾਦ ਤੇ ਕੇਟੀਵੀ ਯੂਕੇ ਚੈਨਲ ਤੋਂ ਮਨਦੀਪ ਸਿੰਘ ਕੰਗ, ਸਿਮਰਤਪਾਲ ਸਿੰਘ ਆਦਿ ਹਾਜ਼ਰ ਸਨ।


Share