ਜ਼ਹਿਰੀਲੀ ਸ਼ਰਾਬ ਮਾਮਲਾ: ਦੋਸ਼ੀਆਂ ਦੇ ਗੁਰਾਇਆ ਕੇਸ ‘ਚ ਵੀ ਸਾਹਮਣੇ ਆਏ ਨਾਂ

575
Share

ਚੰਡੀਗੜ੍ਹ, 5 ਅਗਸਤ (ਪੰਜਾਬ ਮੇਲ)-ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਕਾਰਨ ਵਾਪਰੇ ਵੱਡੇ ਦੁਖਾਂਤ ਸਬੰਧੀ ਹੁਣ ਕੁਝ ਸਨਸਨੀਖੇਜ਼ ਤੱਥ ਸਾਹਮਣੇ ਆਏ ਹਨ। ਜਲੰਧਰ ਦਿਹਾਤੀ ਦੀ ਪੁਲਿਸ ਵਲੋਂ 9 ਜੁਲਾਈ ਨੂੰ 10 ਹਜ਼ਾਰ ਲੀਟਰ ਤੋਂ ਵੱਧ ਨਕਲੀ ਸ਼ਰਾਬ ਦੀ ਵਰਤੋਂ ‘ਚ ਆਉਂਦੀ ਸਪਿਰਟ ਦੀ ਇਕ ਖੇਪ ਫੜ੍ਹੀ ਗਈ ਸੀ, ਜਿਸ ਸਬੰਧੀ ਗੁਰਾਇਆਂ ਥਾਣੇ ‘ਚ ਐੱਫ.ਆਈ.ਆਰ. ਰਜਿਸਟਰ ਕੀਤੀ ਗਈ ਸੀ ਤੇ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਤਰਨ ਤਾਰਨ ਤੋਂ ਉਸ ਖੇਤਰ ‘ਚ ਇਸ ਵਪਾਰ ਨੂੰ ਚਲਾਉਣ ਵਾਲੇ ਗੁਰਪਾਲ ਸਿੰਘ ਤੇ ਰਾਜਪੁਰਾ ਤੋਂ ਸਪਿਰਟ ਦੀ ਸਪਲਾਈ ਲਈ ਜ਼ਿੰਮੇਵਾਰ ਦੱਸੇ ਜਾਂਦੇ ਹਰਦੀਪ ਸਿੰਘ ਗਾਚੂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਵਲੋਂ ਇਸ ਸਬੰਧੀ ਜਲੰਧਰ ਰੇਂਜ ਦੇ ਡੀ.ਸੀ. ਆਬਕਾਰੀ ਤੇ ਆਬਕਾਰੀ ਵਿਭਾਗ ਨੂੰ ਵੀ ਪੁੱਛਗਿੱਛ ‘ਚ ਸ਼ਾਮਿਲ ਹੋਣ ਲਈ ਸੂਚਿਤ ਕੀਤਾ ਤਾਂ ਜੋ ਜਾਣਕਾਰੀ ਦੇ ਆਧਾਰ ‘ਤੇ ਆਬਕਾਰੀ ਪੁਲਿਸ ਅੱਗੋਂ ਕਾਰਵਾਈ ਕਰ ਸਕੇ। ਡੀ.ਸੀ. ਆਬਕਾਰੀ ਜਲੰਧਰ ਜਸਪਿੰਦਰ ਸਿੰਘ ਅਧੀਨ ਆਉਂਦੇ 8 ਜ਼ਿਲ੍ਹਿਆਂ ‘ਚ ਅੰਮ੍ਰਿਤਸਰ, ਤਰਨ ਤਾਰਨ ਤੇ ਗੁਰਦਾਸਪੁਰ ਦਾ ਖੇਤਰ ਵੀ ਸ਼ਾਮਿਲ ਹੈ ਜਿਥੇ ਚੱਲ ਰਹੇ ਇਸ ਗੈਰ-ਕਾਨੂੰਨੀ ਧੰਦੇ ਸਬੰਧੀ ਪੁੱਛਗਿੱਛ ਦੌਰਾਨ ਕਾਫ਼ੀ ਵਿਸਥਾਰ ‘ਚ ਜਾਣਕਾਰੀ ਸਾਹਮਣੇ ਆਈ ਸੀ, ਪਰ ਦਿਲਚਸਪ ਗੱਲ ਇਹ ਹੈ ਕਿ ਡੀ.ਸੀ. ਆਬਕਾਰੀ ਜਲੰਧਰ ਤੇ ਆਬਕਾਰੀ ਪੁਲਿਸ ਵਲੋਂ ਫੜੇ ਗਏ ਉਕਤ ਵਿਅਕਤੀਆਂ ਦੀ ਪੁੱਛਗਿੱਛ ਤੋਂ ਮਿਲੀ ਜਾਣਕਾਰੀ ਤੇ ਸਾਹਮਣੇ ਆਏ ਇਸ ਗੈਰ-ਕਾਨੂੰਨੀ ਵਪਾਰ ‘ਚ ਲੱਗੇ ਵਿਅਕਤੀਆਂ ਦੇ ਨਾਵਾਂ ਸਬੰਧੀ ਅੱਗੋਂ ਕੋਈ ਕਾਰਵਾਈ ਕਰਨ ਦੀ ਥਾਂ ਕੇਵਲ ਫੜ੍ਹੀ ਗਈ ਸਪਿਰਟ ਦਾ ਸੈਂਪਲ ਜਾਂਚ ਲਈ ਭੇਜ ਦਿੱਤਾ ਗਿਆ, ਜਿਸ ਦੀ ਰਿਪੋਰਟ ਆਉਣ ਸਬੰਧੀ ਅਜੇ ਪੁਸ਼ਟੀ ਨਹੀਂ ਹੋ ਸਕੀ, ਪਰ ਜ਼ਹਿਰੀਲੀ ਸ਼ਰਾਬ ਕਾਰਨ ਵਾਪਰੇ ਵੱਡੇ ਦੁਖਾਂਤ ਤੋਂ ਬਾਅਦ ਇਸੇ ਪੁੱਛਗਿੱਛ ‘ਚ ਸਾਹਮਣੇ ਆਏ ਵਿਅਕਤੀਆਂ ਦੇ ਨਾਮ ਜੋ ਰਿਕਾਰਡ ‘ਚ ਮੌਜੂਦ ਸਨ, ਦੀ ਧਰ-ਪਕੜ ਸ਼ੁਰੂ ਕਰ ਦਿੱਤੀ ਗਈ, ਪਰ ਆਬਕਾਰੀ ਵਿਭਾਗ ਵਲੋਂ ਜੇ ਇਨ੍ਹਾਂ ਵਿਅਕਤੀਆਂ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਗਿਆ ਹੁੰਦਾ ਤਾਂ ਅਜਿਹਾ ਵੱਡਾ ਦੁਖਾਂਤ ਨਹੀਂ ਵਾਪਰਨਾ ਸੀ।
ਦਿਲਚਸਪ ਗੱਲ ਇਹ ਹੈ ਕਿ ਰਾਜ ਸਰਕਾਰ ਤੇ ਆਬਕਾਰੀ ਵਿਭਾਗ ਉਕਤ ਪੁੱਛਗਿੱਛ ਦੀ ਜਾਣਕਾਰੀ ਤੇ ਕਾਰਵਾਈ ਨਾ ਕਰਨ ਸਬੰਧੀ ਅਜੇ ਵੀ ਕਿਸੇ ਤਰ੍ਹਾਂ ਦੀ ਕੋਈ ਜਾਂਚ ਨਹੀਂ ਕਰਵਾ ਰਿਹਾ, ਹਾਲਾਂਕਿ ਗੁਰਾਇਆਂ ਕੇਸ ‘ਚ ਸਾਹਮਣੇ ਆਏ ਨਾਵਾਂ ਦਾ ਰਿਕਾਰਡ ਪੁਲਿਸ ਰਿਕਾਰਡ ‘ਚ ਬਕਾਇਦਾ ਮੌਜੂਦ ਹੈ। ਜਾਣਕਾਰ ਸੂਤਰਾਂ ਅਨੁਸਾਰ ਡੀ.ਸੀ. ਆਬਕਾਰੀ ਜਲੰਧਰ ਜਸਪਿੰਦਰ ਸਿੰਘ ਨੂੰ ਸਰਕਾਰ ਨੇ ਉਕਤ ਅਹਿਮ ਨਿਯੁਕਤੀ ਦੇਣ ਤੋਂ ਪਹਿਲਾਂ ਇਕ ਕੇਸ ਦੀ ਜਾਂਚ ਕਾਰਨ ਕਾਫ਼ੀ ਸਮੇਂ ਤੋਂ ਬਿਨਾਂ ਨਿਯੁਕਤੀ ਦੇ ਹੀ ਰੱਖਿਆ ਹੋਇਆ ਸੀ ਤੇ ਅਚਾਨਕ ਹੀ ਉਨ੍ਹਾਂ ਨੂੰ ਇਹ ਅਹਿਮ ਨਿਯੁਕਤੀ ਕਿਵੇਂ ਮਿਲੀ ਇਹ ਵੀ ਚਰਚਾ ਦਾ ਵਿਸ਼ਾ ਹੈ।


Share