‘ਜ਼ਰੂਰਤ ਪੈਣ ’ਤੇ ਕਰਾਂਗੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ’; ਰੂਸ ਨੇ ਯੂਕਰੇਨ ਨੂੰ ਦਿੱਤੀ ਚਿਤਾਵਨੀ

249
Share

-‘‘ਹੋਂਦ ਦੇ ਖਤਰੇ’’ ਦਾ ਸਾਹਮਣਾ ਕਰਨਾ ਪੈਣ ’ਤੇ ਰੂਸ ਵੱਲੋਂ ਕੀਤੀ ਜਾ ਸਕਦੀ ਹੈ ਪ੍ਰਮਾਣੂ ਹਥਿਆਰਾਂ ਦੀ ਵਰਤੋਂ
– ਜੇਕਰ ਤੀਜਾ ਵਿਸ਼ਵ ਯੁੱਧ ਹੋਇਆ, ਤਾਂ ਇਹ ਪ੍ਰਮਾਣੂ ਹਥਿਆਰਾਂ ਨਾਲ ਲੜਿਆ ਜਾਵੇਗਾ : ਰੂਸੀ ਵਿਦੇਸ਼ੀ ਮੰਤਰੀ
– ਮਾਸਕੋ ਦੀ ਬਿਆਨਬਾਜ਼ੀ ‘‘ਖਤਰਨਾਕ’’ : ਪੈਂਟਾਗਨ
ਮਾਸਕੋ, 23 ਮਾਰਚ (ਪੰਜਾਬ ਮੇਲ)- ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਏ ਨੂੰ ਹੁਣ 28 ਦਿਨ ਹੋ ਗਏ ਹਨ। ਪੁਤਿਨ ਦੀ ਫ਼ੌਜ ਨੇ ਪੂਰਬੀ ਯੂਕਰੇਨ ਦੇ ਇਕ ਛੋਟੇ ਜਿਹੇ ਦੇਸ਼ ਦਾ ਨਕਸ਼ਾ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਸ ਦੇ ਬਾਵਜੂਦ ਕੀਵ ਅਜੇ ਵੀ ਆਜ਼ਾਦ ਹੈ ਪਰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ’ਚ ਇਹ ਜੰਗ ਹੋਰ ਵਿਨਾਸ਼ਕਾਰੀ ਹੋ ਸਕਦੀ ਹੈ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਸੀ.ਐੱਨ.ਐੱਨ. ਨੂੰ ਦੱਸਿਆ ਕਿ ਰੂਸ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਤਾਂ ਹੀ ਕਰੇਗਾ, ਜੇਕਰ ਯੂਕਰੇਨ ਯੁੱਧ ’ਚ ਰੂਸ ਨੂੰ ‘‘ਹੋਂਦ ਦੇ ਖਤਰੇ’’ ਦਾ ਸਾਹਮਣਾ ਕਰਨਾ ਪੈਂਦਾ ਹੈ।
ਕ੍ਰੇਮਲਿਨ ਦੇ ਬੁਲਾਰੇ ਨੇ ਕਿਹਾ ਕਿ ਘਰੇਲੂ ਸੁਰੱਖਿਆ ਨੂੰ ਲੈ ਕੇ ਸਾਡਾ ਇਕ ਸਿਧਾਂਤ ਹੈ ਅਤੇ ਇਹ ਜਨਤਕ ਹੈ। ਤੁਸੀਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੇ ਸਾਰੇ ਕਾਰਨ ਪੜ੍ਹ ਸਕਦੇ ਹੋ। ਇਸ ਲਈ ਜੇਕਰ ਸਾਡੇ ਦੇਸ਼ ਲਈ ਹੋਂਦ ਨੂੰ ਖਤਰਾ ਪੈਦਾ ਹੁੰਦਾ ਹੈ, ਤਾਂ ਇਸਦੀ ਵਰਤੋਂ ਸਾਡੇ ਸਿਧਾਂਤਾਂ ਅਨੁਸਾਰ ਕੀਤੀ ਜਾ ਸਕਦੀ ਹੈ। ਪੇਸਕੋਵ ਨੇ ਇਹ ਬਿਆਨ ਮੇਜ਼ਬਾਨ ਕਿ੍ਰਸ਼ਚੀਅਨ ਅਮੇਨਪੋਰ ਦੁਆਰਾ ਇੰਟਰਵਿਊ ਦੌਰਾਨ ਉਨ੍ਹਾਂ ਤੋਂ ਪੁੱਛੇ ਜਾਣ ਤੋਂ ਬਾਅਦ ਦਿੱਤਾ ਕੀ ਉਨ੍ਹਾਂ ਨੂੰ ਭਰੋਸਾ ਹੈ ਕਿ ਪੁਤਿਨ ਯੂਕਰੇਨ ਯੁੱਧ ਵਿਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨਹੀਂ ਕਰਨਗੇ।
ਰੂਸ ਨੇ ਪਿਛਲੇ ਮਹੀਨੇ 24 ਫਰਵਰੀ ਨੂੰ ਯੂਕਰੇਨ ’ਤੇ ਹਮਲਾ ਕੀਤਾ ਸੀ। ਕੁਝ ਦਿਨਾਂ ਬਾਅਦ ਹੀ 28 ਫਰਵਰੀ ਨੂੰ ਪੁਤਿਨ ਨੇ ਘੋਸ਼ਣਾ ਕੀਤੀ ਕਿ ਉਸ ਨੇ ਦੇਸ਼ ਦੇ ਪ੍ਰਮਾਣੂ ਬਲਾਂ ਨੂੰ ਹਾਈ ਅਲਰਟ ’ਤੇ ਰੱਖਿਆ ਹੈ। ਪੁਤਿਨ ਦੇ ਇਸ ਐਲਾਨ ਨੇ ਪੂਰੀ ਦੁਨੀਆਂ ਦੀ ਚਿੰਤਾ ਵਧਾ ਦਿੱਤੀ ਹੈ। ਪੇਸਕੋਵ ਦੇ ਬਿਆਨ ਅਤੇ ਰੂਸ ਦੇ ਪ੍ਰਮਾਣੂ ਸਟੈਂਡ ਬਾਰੇ ਪੁੱਛੇ ਜਾਣ ’ਤੇ ਪੈਂਟਾਗਨ ਦੇ ਬੁਲਾਰੇ ਜੌਨ ਕਿਰਬੀ ਨੇ ਕਿਹਾ ਕਿ ਪ੍ਰਮਾਣੂ ਹਥਿਆਰਾਂ ਦੀ ਸੰਭਾਵੀ ਵਰਤੋਂ ’ਤੇ ਮਾਸਕੋ ਦੀ ਬਿਆਨਬਾਜ਼ੀ ‘‘ਖਤਰਨਾਕ’’ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਇਕ ਜ਼ਿੰਮੇਵਾਰ ਪ੍ਰਮਾਣੂ ਊਰਜਾ ਸ਼ਕਤੀ ਦੇ ਕੰਮ ਕਰਨ ਦਾ ਤਰੀਕਾ ਨਹੀਂ ਹੈ। ਦੁਨੀਆਂ ਇਸ ਲਈ ਵੀ ਚਿੰਤਤ ਹੈ ਕਿਉਂਕਿ ਰੂਸ ਕੋਲ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਪ੍ਰਮਾਣੂ ਹਥਿਆਰ ਹਨ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਸੀ ਕਿ ਜੇਕਰ ਤੀਜਾ ਵਿਸ਼ਵ ਯੁੱਧ ਹੋਇਆ, ਤਾਂ ਇਹ ਪ੍ਰਮਾਣੂ ਹਥਿਆਰਾਂ ਨਾਲ ਲੜਿਆ ਜਾਵੇਗਾ। ਹਾਲ ਹੀ ’ਚ ਯੂਕ੍ਰੇਨ ਦੇ ਰਾਸ਼ਟਰਪਤੀ ਨੇ ਕਿਹਾ ਸੀ ਕਿ ਉਹ ਪੁਤਿਨ ਨਾਲ ਗੱਲ ਕਰਨ ਲਈ ਤਿਆਰ ਹਨ ਪਰ ਜੇਕਰ ਇਸ ਦਾ ਹੱਲ ਨਾ ਹੋਇਆ, ਤਾਂ ਤੀਜਾ ਵਿਸ਼ਵ ਯੁੱਧ ਹੋ ਸਕਦਾ ਹੈ।

Share