ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਰੋਸ਼ ਪ੍ਰਦਰਸ਼ਨ ਕਰਨ ਦਾ ਐਲਾਨ

408
ਗ਼ਦਰ ਮੈਮੋਰੀਅਲ ਭਵਨ, ਸੰਗਰੂਰ ਵਿਖੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਮੀਟਿੰਗ ਦੌਰਾਨ ਆਗੂ ਜਾਣਕਾਰੀ ਦਿੰਦੇ ਹੋਏ 
Share

ਬੇ-ਜ਼ਮੀਨੇ ਲੋਕਾਂ ਨੂੰ ਸਹਿਕਾਰੀ ਸੁਸਾਇਟੀ ਵਿੱਚੋਂ ਬਿਨਾਂ ਸ਼ਰਤ ਕਰਜ਼ੇ ਦੇ ਪ੍ਰਬੰਧ ਕਰਨ ਅਤੇ ਦਲਿਤਾਂ ਦੇ ਹਿੱਸੇ ਦੀ ਪੰਚਾਇਤੀ ਜਮੀਨ ਪੱਕੇ ਤੌਰ ਤੇ ਦਲਿਤਾਂ ਨੂੰ ਦੇਣ ਦੀ ਮੰਗ
ਸੰਗਰੂਰ, 28 ਅਗਸਤ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਸਥਾਨਕ ਗ਼ਦਰ ਮੈਮੋਰੀਅਲ ਭਵਨ, ਸੰਗਰੂਰ ਵਿਖੇ ਪ੍ਰਧਾਨ ਮੁਕੇਸ਼ ਮਲੌਦ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਅਤੇ ਪਰਮਜੀਤ ਕੌਰ ਲੌਂਗੋਵਾਲ ਨੇ ਦੱਸਿਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜਿਸ ਵਿੱਚ ਨਜ਼ੂਲ ਜਮੀਨਾਂ ਦੇ ਮਾਲਕੀ ਹੱਕ ਲਈ ਜਾਰੀ ਨੋਟੀਫਿਕੇਸ਼ਨ ਵਿੱਚ ਲਗਾਈਆਂ ਸ਼ਰਤਾਂ ਰੱਦ ਕਰਵਾਉਣ, ਬੇਜਮੀਨੇ ਲੋਕਾਂ ਨੂੰ ਸਹਿਕਾਰੀ ਸੁਸਾਇਟੀ ਵਿੱਚੋਂ ਬਿਨਾਂ ਸ਼ਰਤ ਕਰਜ਼ੇ ਦਾ ਪ੍ਰਬੰਧ ਕਰਵਾਉਣ, ਦਲਿਤਾਂ ਦੇ ਹਿੱਸੇ ਦੀ ਪੰਚਾਇਤੀ ਜਮੀਨ ਪੱਕੇ ਤੌਰ ਤੇ ਦਲਿਤਾਂ ਨੂੰ ਵੰਡਾਉਣ ਅਤੇ ਸੀਲਿੰਗ ਐਕਟ ਤੋਂ ਉੱਪਰਲੀ ਜਮੀਨ ਬੇਜਮੀਨੇ ਲੋਕਾਂ ਵਿੱਚ ਵੰਡਾਉਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੇ ਮਹਿਲਾਂ ਅੱਗੇ ਵਿਸ਼ਾਲ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ ਦਲਿਤਾਂ ਦੇ ਹਿੱਸੇ ਦੀਆਂ ਨਜ਼ੂਲ ਜ਼ਮੀਨਾਂ ਉੱਪਰ ਬਹੁਗਿਣਤੀ ਉੱਚ ਜਾਤੀ ਪੇਂਡੂ ਧਨਾਢ ਚੌਧਰੀਆਂ ਦਾ ਨਾਜਾਇਜ਼ ਕਬਜ਼ਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ਦੇ ਮਾਲਕੀ ਹੱਕ ਸਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਮੁਤਾਬਕ 10 ਸਾਲਾਂ ਦੇ ਕਬਜ਼ੇ ਵਾਲੀਆਂ ਜਮੀਨਾਂ ਕਾਬਜ਼ ਲੋਕਾਂ ਦੇ ਨਾਮ ਹੋਣਗੀਆਂ ਜਿਸਦਾ ਸਿੱਧਾ ਮਤਲਬ ਦਲਿਤਾਂ ਦੀਆਂ ਨਜ਼ੂਲ ਸੁਸਾਇਟੀ ਦੀਆਂ ਜ਼ਮੀਨਾਂ ਉੱਚ ਜਾਤੀ ਪੇਂਡੂ ਧਨਾਢ ਚੌਧਰੀਆਂ ਨੂੰ ਦੇਣਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਪਿਛਲੇ ਦਿਨੀ ਕੈਬਨਿਟ ਮੰਤਰੀ ਬ੍ਰਹਮਇੰਦਰਾ ਨਾਲ ਹੋਈ ਮੀਟਿੰਗ ਵਿੱਚ ਵੱਖ ਵੱਖ ਮੁੱਦਿਆਂ ਉਪਰ ਚਰਚਾ ਕੀਤੀ ਗਈ ਸੀ ਜਿਸ ਵਿੱਚੋਂ ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਦੇ ਮਾਲਕੀ ਹੱਕਾਂ ਲਈ ਮਕਾਨਾਂ ਦੀ ਨਿਸ਼ਾਨਦੇਹੀ ਡਰੋਨ ਰਾਹੀਂ ਕਰਵਾਉਣ ਦੇ ਹੁਕਮ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰ ਦਫ਼ਤਰਾਂ ਨੂੰ ਜਾਰੀ ਕਰਵਾਏ ਗਏ ਸਨ, ਜਿਸਨੂੰ ਪਿੰਡ ਪੱਧਰ ਤੇ ਲਾਗੂ ਕਰਵਾਉਣ ਲਈ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਫ਼ਦ ਮਿਲਣਗੇ।
ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ਵਿੱਚ ਬੇਜਮੀਨੇ ਲੋਕਾਂ ਨੂੰ ਹਿੱਸੇਦਾਰ ਬਣਾਉਣ ਲਈ ਸਹਿਕਾਰੀ ਸਭਾ ਦੀ ਮੈਂਬਰਸ਼ਿਪ ਲਈ ਅਰਜੀਆਂ ਦਿੱਤੀਆਂ ਜਾਣਗੀਆਂ ਅਤੇ ਸੰਘਰਸ਼ ਦਰਮਿਆਨ ਦਰਜ ਹੋਏ ਮੁਕੱਦਮੇ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਰੱਦ ਕਰਵਾਉਣ ਲਈ ਜਿਲ੍ਹੇ ਦੇ ਸੀਨੀਅਰ ਪੁਲਿਸ ਅਫਸਰਾਂ ਨੂੰ ਦਰਜ ਮੁਕੱਦਮੇ ਦੀਆਂ ਕਾਪੀਆਂ ਸੌਂਪੀਆਂ ਜਾਣਗੀਆਂ।
ਉਹਨਾਂ ਦੱਸਿਆ ਕਿ ਲੋੜਵੰਦ ਪਰਿਵਾਰਾਂ ਦੇ ਰਿਹਾਇਸ਼ੀ ਪਲਾਟਾਂ ਅਤੇ ਉਹਨਾਂ ਦੀ ਉਸਾਰੀ ਲਈ ਗ੍ਰਾਂਟ ਜਾਰੀ ਕਰਵਾਉਣ ਅਤੇ ਦਲਿਤਾਂ ਦੇ ਹਿੱਸੇ ਦੀ ਪੰਚਾਇਤੀ ਜਮੀਨ ਦੇ ਮਸਲੇ ਸੰਬੰਧੀ ਮਨਪ੍ਰੀਤ ਸਿੰਘ ਡਾਇਰੈਕਟਰ ਪੇਂਡੂ ਅਤੇ ਪੰਚਾਇਤ ਵਿਕਾਸ ਨਾਲ ਜਲਦ ਮੀਟਿੰਗ ਵੀ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਮੀਤ ਪ੍ਰਧਾਨ ਗੁਰਵਿੰਦਰ ਬੌੜਾਂ, ਧਰਮਵੀਰ ਹਰੀਗੜ੍ਹ, ਜਸਵੰਤ ਖੇੜੀ, ਧਰਮਪਾਲ ਨੂਰਖੇੜੀਆਂ, ਅਵਤਾਰ ਸਿੰਘ ਬਾਲਦ ਕਲਾਂ, ਰਾਜ ਕੌਰ ਬਡਰੁੱਖਾਂ ਆਦਿ ਹਾਜ਼ਰ ਸਨ।

Share