ਗ਼ਜ਼ਲ ਮੰਚ ਸਰੀ ਵੱਲੋਂ ਨਾਮਵਰ ਨਾਟਕਕਾਰ, ਨਿਰਦੇਸ਼ਕ ਅਤੇ ਅਦਾਕਾਰ ਡਾ. ਸਾਹਿਬ ਸਿੰਘ ਨਾਲ ਵਿਸ਼ੇਸ਼ ਸੰਵਾਦ

63
Share

ਸਰੀ, 29 ਸਤੰਬਰ (ਹਰਦਮ ਮਾਨ/ਪੰਜਾਬ ਮੇਲ)-ਗ਼ਜ਼ਲ ਮੰਚ ਸਰੀ ਵੱਲੋਂ ਨਾਮਵਰ ਨਾਟਕਕਾਰ, ਨਿਰਦੇਸ਼ਕ ਅਤੇ ਅਦਾਕਾਰ ਡਾ. ਸਾਹਿਬ ਸਿੰਘ ਨਾਲ ਵਿਸ਼ੇਸ਼ ਸੰਵਾਦ ਰਚਾਇਆ ਗਿਆ। ਇਸ ਮੌਕੇ ਡਾ. ਸਾਹਿਬ ਸਿੰਘ ਨੇ ਆਪਣੀ ਜ਼ਿੰਦਗੀ, ਰੰਗਮੰਚ, ਸਮਾਜ ਅਤੇ ਸਿਸਟਮ ਬਾਰੇ ਵਿਸਥਾਰ ਵਿਚ ਗੱਲਬਾਤ ਕੀਤੀ। ਸਭ ਤੋਂ ਪਹਿਲਾਂ ਮੰਚ ਦੇ ਪ੍ਰਧਾਨ ਅਤੇ ਨਾਮਵਰ ਗ਼ਜ਼ਲਗੋ ਜਸਵਿੰਦਰ ਨੇ ਡਾ. ਸਾਹਿਬ ਸਿੰਘ ਨੂੰ ਮੰਚ ਦੇ ਦਫਤਰ ਵਿਚ ਜੀ ਆਇਆਂ ਆਖਦਿਆਂ ਉਨ੍ਹਾਂ ਨਾਲ ਆਪਣੀ ਤਿੰਨ ਦਹਾਕੇ ਤੋਂ ਚਲੀ ਆ ਰਹੀ ਸਾਹਿਤਕ ਸਾਂਝ ਅਤੇ ਦੋਸਤੀ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਡਾ. ਸਾਹਿਬ ਸਿੰਘ ਆਪਣੇ ਨਾਟਕਾਂ ਰਾਹੀਂ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ, ਸਮਾਜ ਵਿੱਚੋਂ ਨਫਰਤ, ਬੇਇਨਸਾਫੀ, ਨਾ-ਬਰਾਬਰੀ ਨੂੰ ਦੂਰ ਕਰਨ ਲਈ ਚਾਨਣ ਦਾ ਛੱਟਾ ਦਿੰਦੇ ਆ ਰਹੇ ਹਨ। ਲੋਕਾਂ ਵੱਲੋਂ ਵੀ ਉਨ੍ਹਾਂ ਦੇ ਕਲਾਤਿਮਕ ਕਾਰਜ ਨੂੰ ਭਰਵਾਂ ਹੁੰਗਾਰਾ ਅਤੇ ਸਹਿਯੋਗ ਦਿੱਤਾ ਜਾ ਰਿਹਾ ਹੈ। ਉਹ ਨਿਰਸੰਦੇਹ ਪੰਜਾਬੀ ਦੇ ਬਹੁਤ ਵੱਡੇ ਅਤੇ ਹਰਮਨ ਪਿਆਰੇ ਨਾਟਕਕਾਰ, ਕਲਾਕਾਰ ਹਨ ਅਤੇ ਉਨ੍ਹਾਂ ਦੇ ਨਾਟਕਾਂ ਦੀ ਦਰਸ਼ਕਾਂ ਨੂੰ ਹਮੇਸ਼ਾ ਉਡੀਕ ਅਤੇ ਖਿੱਚ ਰਹਿੰਦੀ ਹੈ।

ਡਾ. ਸਾਹਿਬ ਸਿੰਘ ਨੇ ਦੱਸਿਆ ਕਿ ਉਹ 1988 ਵਿਚ ਗੁਰਸ਼ਰਨ ਭਾਅ ਜੀ ਦੀ ਟੀਮ ਵਿਚ ਸ਼ਾਮਲ ਹੋ ਕੇ ਰੰਗਮੰਚ ਨਾਲ ਜੁੜੇ ਸਨ। ਗੁਰਸ਼ਰਨ ਭਾਅਜੀ ਉਨ੍ਹਾਂ ਰੰਗਮੰਚ ਬਾਰੇ ਬੜਾ ਕੁਝ ਸਿੱਖਿਆ। 1993 ਵਿਚ ਉਨ੍ਹਾਂ ਆਪਣੀ ਵੱਖਰੀ ਟੀਮ ਤਿਆਰ ਕਰ ਲਈ ਅਤੇ ਉਦੋਂ ਤੋਂ ਹੀ ਲਗਾਤਾਰ ਆਪਣੇ ਨਾਟਕਾਂ ਰਾਹੀਂ ਸਮਾਜ ਅਤੇ ਲੋਕਾਂ ਪ੍ਰਤੀ ਕਲਾ ਦਾ ਬਣਦਾ ਫਰਜ਼ ਅਦਾ ਕਰਦੇ ਆ ਰਹੇ ਹਨ। ਦੇਸ਼ਾਂ ਵਿਦੇਸ਼ਾਂ ਵਿਚ ਵੀ ਉਹ ਅਨੇਕਾਂ ਸ਼ੋਅ ਕਰ ਚੁੱਕੇ ਹਨ ਅਤੇ ਹਮੇਸ਼ਾ ਹੀ ਲੋਕਾਂ ਦੇ ਸਹਿਯੋਗ ਨੇ ਉਨ੍ਹਾਂ ਨੂੰ ਹੋਰ ਕਾਰਜਸ਼ੀਲ ਹੋਣ ਦੀ ਤਾਕਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਸਾਡਾ ਸਿਸਟਮ ਆਪਣੇ ਫਰਜ਼ਾਂ ਤੋਂ ਭੱਜ ਚੁੱਕਿਆ ਹੈ ਅਤੇ ਕਾਰਪੋਰੇਟ ਘਰਾਣਿਆਂ ਦਾ ਗੁਲਾਮ ਹੋ  ਗਿਆ ਹੈ। ਇਸ ਸਿਸਟਮ ਵਿਚ ਆਮ ਇਨਸਾਨ, ਕਿਰਤੀ ਵਰਗ, ਮਿਹਨਤੀ ਲੋਕ ਬੜੀ ਬੁਰੀ ਤਰ੍ਹਾ ਪਿਸ ਰਹੇ ਹਨ, ਲੁੱਟੇ ਜਾ ਰਹੇ ਹਨ। ਆਪਣੇ ਨਾਟਕਾਂ ਰਾਹੀਂ ਉਹ ਇਸ ਸਿਸਟਮ ਦੀ ਨਾ-ਬਰਾਬਰੀ ਉੱਪਰ ਚੋਟ ਕਰਕੇ ਇਸ ਦੀਆਂ ਬੁਰਾਈਆਂ ਨਾਲ ਲੜਨ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦਾ ਯਤਨ ਕਰਦੇ ਆ ਰਹੇ ਹਨ। ਡਾ. ਸਾਹਿਬ ਸਿੰਘ ਨੇ ਕਿਹਾ ਕਿ ਸਾਹਿਤ ਅਤੇ ਕਲਾ ਦਾ ਮਕਸਦ ਹੀ ਹਰ ਮਨੁੱਖ ਦੀ ਜ਼ਿੰਦਗੀ ਨੂੰ ਜਿਉਣ ਜੋਗਾ ਕਰਨ ਲਈ ਕਾਰਜਸ਼ੀਲ ਹੋਣਾ ਹੈ ਅਤੇ ਉਹ ਇਸ ਫਰਜ਼ ਨੂੰ ਨਿਭਾਉਣ ਦੀ ਹੀ ਕੋਸ਼ਿਸ਼ ਕਰਦੇ ਆ ਰਹੇ ਹਨ।

ਗ਼ਜ਼ਲ ਮੰਚ ਦੇ ਆਗੂ ਰਾਜਵੰਤ ਰਾਜ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ ਅਤੇ ਹਰਦਮ ਮਾਨ ਨੇ ਡਾ. ਸਾਹਿਬ ਸਿੰਘ ਵੱਲੋਂ ਰੰਗਮੰਚ ਰਾਹੀਂ ਆਮ ਲੋਕਾਂ ਨੂੰ ਜ਼ਿੰਦਗੀ ਪ੍ਰਤੀ ਸੁਚੇਤ ਕਰਨ ਅਤੇ ਆਪਣੇ ਆਲੇ ਦੁਆਲੇ ਵਿਚਰ ਸਮਾਜ ਦੋਖੀਆਂ ਦਾ ਪਰਦਾਫਾਸ਼ ਕਰਨ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਪਣੇ ਰੁਝੇਵਿਆਂ ਵਿੱਚੋਂ ਗ਼ਜ਼ਲ ਮੰਚ ਸਰੀ ਲਈ ਸਮਾਂ ਕੱਢਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।


Share