ਗ਼ਜ਼ਲ ਮੰਚ ਸਰੀ ਵੱਲੋਂ ‘ਅਣੂ’ ਦੇ ਸੰਪਾਦਕ ਸੁਰਿੰਦਰ ਕੈਲੇ ਨਾਲ ਵਿਸ਼ੇਸ਼ ਬੈਠਕ

54
Share

ਸਰੀ, 6 ਸਤੰਬਰ (ਹਰਦਮ ਮਾਨ/ਪੰਜਾਬ ਮੇਲ)-ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ, ਉੱਘੇ ਸਾਹਿਤਕਾਰ ਅਤੇ ਮਿੰਨੀ ਪੱਤ੍ਰਿਕਾ ‘ਅਣੂ’ ਦੇ ਸੰਪਾਦਕ ਸੁਰਿੰਦਰ ਕੈਲੇ ਨਾਲ ਵਿਸ਼ੇਸ਼ ਬੈਠਕ ਕੀਤੀ ਗਈ। ਸੁਰਿੰਦਰ ਕੈਲੇ ਦਾ ਸਵਾਗਤ ਕਰਦਿਆਂ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਨੇ ਸ੍ਰੀ ਕੈਲੇ ਨਾਲ ਆਪਣੀ ਪੁਰਾਣੀ ਸਾਂਝ ਬਾਰੇ ਦੱਸਿਆ ਅਤੇ ਕਿਹਾ ਕਿ ਸੁਰਿੰਦਰ ਕੈਲੇ ਪੰਜਾਬੀ ਸਾਹਿਤ ਵਿੱਚ ਜਾਣਿਆ ਪਹਿਚਾਣਿਆ ਨਾਂ ਹੈ। ਪੰਜਾਬੀ ਮਿੰਨੀ ਕਹਾਣੀ ਵਿਚ ਜਿੱਥੇ ਕੈਲੇ ਦਾ ਨਿੱਗਰ ਯੋਗਦਾਨ ਹੈ, ਉੱਥੇ ਉਹ ਪਿਛਲੇ 50 ਸਾਲਾਂ ਤੋਂ ‘ਅਣੂ’ ਵਰਗਾ ਨਿਵਕੇਲਾ ਪਰਚਾ ਲਗਾਤਾਰ ਪ੍ਰਕਾਸ਼ਿਤ ਕਰਦਾ ਆ ਰਿਹਾ ਹੈ।
ਸੁਰਿੰਦਰ ਕੈਲੇ ਨੇ ਆਪਣੇ ਸਾਹਿਤਕ ਸਫਰ ਅਤੇ ‘ਅਣ’ ਦੀ ਪ੍ਰਕਾਸ਼ਨਾ ਬਾਰੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬੀ ਦੀ ਪਹਿਲੀ ਤੇ ਮਿੰਨੀ ਰਚਨਾਵਾਂ ਦੀ ਇੱਕੋ ਇਕ ਜੇਬੀ ਪੱਤ੍ਰਿਕਾ ‘ਅਣੂ’ ਦੀ ਪ੍ਰਕਾਸ਼ਨਾ ਅਤੇ ਸੰਪਾਦਨਾ ਬੰਗਲਾ ਭਾਸ਼ਾ ਵਿਚ ਛਪਦੇ ਇਕ ਮਿੰਨੀ ਰਸਾਲੇ ਤੋਂ ਪ੍ਰਭਾਵਿਤ ਹੋ ਕੇ ਗੁਰਪਾਲ ਲਿੱਟ ਦੀ ਪ੍ਰੇਰਨਾ ਨਾਲ ਸ਼ੁਰੂ ਕੀਤੀ ਗਈ ਸੀ। 1972 ਤੋਂ ਕਲਕੱਤੇ ਤੋਂ ਸ਼ੁਰੂ ਕੀਤਾ ‘ਅਣੂ’ ਦੀ ਪ੍ਰਕਾਸ਼ਨਾ ਦਾ ਕਾਰਜ 50 ਸਾਲਾਂ ਤੋਂ ਲਗਾਤਾਰ ਜਾਰੀ ਹੈ। ਆਪਣੇ ਸਾਹਿਤਕ ਕਾਰਜ ਬਾਰੇ ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜ ਮਿੰਨੀ ਕਹਾਣੀ ਸੰਗ੍ਰਹਿ ‘ਪੂਰਬ ਦੀ ਲੋਅ’, ‘ਕੂੰਜਾਂ ਦੀ ਡਾਰ’, ‘ਬੇਕਾਰ ਘੋੜਾ’, ‘ਕਦਮ-ਦਰ-ਕਦਮ’ ਤੇ ‘ਸੂਰਜ ਦਾ ਪ੍ਰਛਾਵਾਂ’ ਪ੍ਰਕਾਸ਼ਿਤ ਹੋ ਚੁੱਕੇ ਹਨ। ਦੋ ਕਹਾਣੀ ਸੰਗ੍ਰਹਿ ‘ਧੁੰਦ ਛਟਣ ਤੋਂ ਬਾਅਦ’ ਅਤੇ ‘ਸੋਨ ਸਵੇਰਾ’ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਦਰਜਨ ਦੇ ਕਰੀਬ ਮਿੰਨੀ ਕਹਾਣੀਆਂ, ਕਾਵਿ ਸੰਗ੍ਰਹਿ ਤੇ ਨਾਟਕ ਪੁਸਤਕਾਂ ਦੀ ਸੰਪਾਦਨਾ ਦਾ ਕਾਰਜ ਵੀ ਉਹ ਕਰ ਚੁੱਕੇ ਹਨ। ਇਸ ਮੌਕੇ ਉਨ੍ਹਾਂ ਕੈਨੇਡੀਅਨ ਬਜ਼ੁਰਗਾਂ ਦੀ ਜ਼ਿੰਦਗੀ ਤੇ ਆਧਾਰਤ ਕਹਾਣੀ ‘ਬਿੱਕਰ ਸਿੰਘ ਖੂੰਡੇ ਵਾਲਾ’ ਵੀ ਸੁਣਾਈ।
ਗ਼ਜ਼ਲ ਮੰਚ ਦੇ ਰਾਜਵੰਤ ਰਾਜ, ਦਵਿੰਦਰ ਗੌਤਮ, ਹਰਦਮ ਸਿੰਘ ਮਾਨ, ਦਸ਼ਮੇਸ਼ ਗਿੱਲ ਫ਼ਿਰੋਜ਼, ਗੁਰਮੀਤ ਸਿੱਧੂ ਅਤੇ ਪ੍ਰੀਤ ਮਨਪ੍ਰੀਤ ਨੇ ਸੁਰਿੰਦਰ ਕੈਲੇ ਦੇ ਸਾਹਿਤਕ ਕਾਰਜਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ‘ਅਣੂ’ ਦਾ ਸਤੰਬਰ 2022 ਅੰਕ ਅਤੇ ਸੁਰਿੰਦਰ ਕੈਲੇ ਦਾ ਕਹਾਣੀ ਸੰਗ੍ਰਹਿ ‘ਸੋਨ ਸਵੇਰਾ’ ਵੀ ਰਿਲੀਜ਼ ਕੀਤੇ ਗਏ।


Share