ਖ਼ਤਰਾ ਹੋਣ ’ਤੇ ਮਾਸਕੋ ਯੂਕਰੇਨ ਖ਼ਿਲਾਫ਼ ਪਰਮਾਣੂ ਹਮਲਾ ਕਰਨ ਤੋਂ ਨਹੀਂ ਕਰੇਗਾ ਗੁਰੇਜ਼: ਰੂਸ

58
Share

– ਰੂਸ ਦੇ ਸੁਰੱਖਿਆ ਕੌਂਸਲ ਦੇ ਸਕੱਤਰ ਵੱਲੋਂ ਚਿਤਾਵਨੀ ਜਾਰੀ
– ਕਿਹਾ: ਪਰਮਾਣੂ ਹਮਲੇ ਦੀ ਚਿਤਾਵਨੀ ਨੂੰ ਫੋਕੀ ਧਮਕੀ ਨਾ ਸਮਝਿਆ ਜਾਵੇ
ਮਾਸਕੋ, 28 ਸਤੰਬਰ (ਪੰਜਾਬ ਮੇਲ)- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਕਰੀਬੀ ਤੇ ਮੁਲਕ ਦੀ ਸੁਰੱਖਿਆ ਕੌਂਸਲ ਦੇ ਸਕੱਤਰ ਦਮਿੱਤਰੀ ਮੈਦਵੇਦੇਵ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਖ਼ਤਰਾ ਖੜ੍ਹਾ ਹੋਣ ’ਤੇ ਮਾਸਕੋ ਯੂਕਰੇਨ ਖ਼ਿਲਾਫ਼ ਪਰਮਾਣੂ ਹਮਲਾ ਕਰਨ ਤੋਂ ਗੁਰੇਜ਼ ਨਹੀਂ ਕਰੇਗਾ। ਉਨ੍ਹਾਂ ਪੱਛਮੀ ਮੁਲਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਦਖ਼ਲ ਦੇਣ ਦੀ ਭੁੱਲ ਨਾ ਕਰਨ। ਮੈਦਵੇਦੇਵ ਨੇ ਕਿਹਾ, ‘ਜੇ ਰੂਸ ਨੂੰ ਲੱਗਾ ਕਿ ਖ਼ਤਰਾ ਹੱਦ ਤੋਂ ਵੱਧ ਹੈ, ਤਾਂ ਉਹ ਬਿਨਾਂ ਕਿਸੇ ਨੂੰ ਪੁੱਛੇ ਕਾਰਵਾਈ ਕਰਨਗੇ। ਇਸ ਨੂੰ ਝਾਂਸਾ ਜਾਂ ਫੋਕੀ ਧਮਕੀ ਬਿਲਕੁਲ ਨਾ ਸਮਝਿਆ ਜਾਵੇ।’ ਜ਼ਿਕਰਯੋਗ ਹੈ ਕਿ ਮੈਦਵੇਦੇਵ ਦੇ ਸ਼ਬਦਾਂ ਨੂੰ ਪੁਤਿਨ ਦਾ ਨਜ਼ਰੀਆ ਹੀ ਸਮਝਿਆ ਜਾਂਦਾ ਹੈ। ਇਸ ਤੋਂ ਪਹਿਲਾਂ ਯੂਕਰੇਨ ਤੇ ਪੱਛਮੀ ਮੁਲਕ ਰੂਸ ਵੱਲੋਂ ਦਿੱਤੀ ਪਰਮਾਣੂ ਹਮਲਿਆਂ ਦੀ ਧਮਕੀ ਨੂੰ ਡਰਾਉਣ ਦੇ ਹੱਥਕੰਡੇ ਕਹਿ ਕੇ ਖਾਰਜ ਕਰ ਚੁੱਕੇ ਹਨ। ਮੈਦਵੇਦੇਵ ਨੇ ਕਿਹਾ ਕਿ ਇਸ ਮਾਮਲੇ ਵਿਚ ਪਰਮਾਣੂ ਹਥਿਆਰਾਂ ਦੀ ਵਰਤੋਂ ਰੂਸ ਦੇ ਪਰਮਾਣੂ ਸਿਧਾਂਤਾਂ ਮੁਤਾਬਕ ਹੈ। ਜੇ ਰੂਸ ’ਤੇ ਪਰਮਾਣੂ ਹਮਲਾ ਹੋਵੇ ਜਾਂ ਰਵਾਇਤੀ ਹਥਿਆਰਾਂ ਨਾਲ ਅਜਿਹੀ ਸਥਿਤੀ ਪੈਦਾ ਕੀਤੀ ਜਾਵੇ, ਜਿਸ ਨਾਲ ਰੂਸ ਨੂੰ ਖ਼ਤਰਾ ਹੋਵੇ, ਤਾਂ ਉਹ ਵੀ ਪਰਮਾਣੂ ਹਥਿਆਰਾਂ ਨਾਲ ਜਵਾਬ ਦੇ ਸਕਦੇ ਹਨ। ਮੈਦਵੇਦੇਵ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਅਜਿਹੇ ਵਿਚ ਨਾਟੋ ਦੂਰ ਹੀ ਰਹੇਗਾ। ਇਸੇ ਦੌਰਾਨ ਰੂਸ ਦੇ ਕਬਜ਼ੇ ਹੇਠਲੇ ਯੂਕਰੇਨ ਦੇ ਹਿੱਸਿਆਂ ਵਿਚ ਰਾਇਸ਼ੁਮਾਰੀ ਲਈ ਵੋਟਿੰਗ ਦਾ ਕਾਰਜ ਮੁਕੰਮਲ ਹੋ ਗਿਆ ਹੈ।

Share