ਹੱਕ ਮੰਗਦੇ 2364 ਸਿਲੈਕਟਿਡ ਬੇਰੁਜ਼ਗਾਰ ਅਧਿਆਪਕਾਂ ‘ਤੇ ਲਾਠੀਚਾਰਜ ਦੀ ਡੀ.ਟੀ.ਐੱਫ. ਵੱਲੋਂ ਸਖ਼ਤ ਨਿਖੇਧੀ

373
ਡੀ.ਟੀ.ਐੱਫ. ਪੰਜਾਬ ਦੇ ਆਗੂ ਪਟਿਆਲਾ ਵਿਖੇ 2364 ਸਿਲੈਕਟਿਡ ਬੇਰੁਜ਼ਗਾਰ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦੀ ਨਿਖੇਧੀ ਕਰਦੇ ਹੋਏ
Share

ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ 2364 ਅਧਿਆਪਕਾਂ ਦੇ ਨਿਯੁਕਤੀ ਪੱਤਰ ਫੌਰੀ ਜਾਰੀ ਕਰਨ ਦੀ ਮੰਗ
ਪਟਿਆਲਾ, 11 ਅਗਸਤ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)- ਪਿਛਲੇ ਲੰਬੇ ਸਮੇਂ ਤੋਂ ਆਪਣੇ ਰੁਜ਼ਗਾਰ ਨੂੰ ਲੈ ਕੇ ਸਥਾਨਕ ਦੁਖਨਿਵਾਰਨ ਗੁਰੂਦੁਆਰਾ ਸਾਹਮਣੇ ਮੋਰਚਾ ਲਾਈ ਬੈਠੇ 2364 ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਤੀ ਮਹਿਲ ਵੱਲ ਮਾਰਚ ਦੌਰਾਨ ਉਕਤ ਯਾਤਰੀ ਨਿਵਾਸ ਦੇ ਨੇੜੇ ਸਥਾਨਕ ਵਾਈਪੀਐਸ ਚੌਂਕ ਵਿੱਚ ਪੁਲਿਸ ਵੱਲੋਂ ਲਾਠੀਚਾਰਜ ਕਰਦੇ ਹੋਏ, ਇਨ੍ਹਾਂ ਬੇਰੁੁਜ਼ਗਾਰ ਅਧਿਆਪਕਾਂ ਦੀ ਤਿੱਖੀ ਖਿੱਚ ਧੂਹ ਕਰਨ ਦੀ ਡੈਮੋਕਰੈਟਿਕ ਟੀਚਰਜ਼ ਫਰੰਟ (ਪੰਜਾਬ) ਵੱਲੋਂ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਅਤੇ ਪ੍ਰਾਇਮਰੀ ਦੀ 2364 ਭਰਤੀ ਵਿੱਚ ਚੁਣੇ ਜਾ ਚੁੱਕੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਫੌਰੀ ਜਾਰੀ ਕਰਨ ਦੀ ਮੰਗ ਵੀ ਕੀਤੀ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕੈਪਟਨ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਪਿਛਲੀਆਂ ਪੰਜਾਬ ਵਿੱ ਪਿਛਲੀਆਂ ਚੋਣਾਂ ਮੌਕੇ, ਵੱਖ ਵੱਖ ਤਰ੍ਹਾਂ ਦੇ ਲਾਰੇ ਘੜਨ ਵਾਲਾ ਪ੍ਰਸ਼ਾਤ ਕਿਸ਼ੋਰ ਵੀ ਹੁਣ ਕੈਪਟਨ ਦੀ ਬੇੜੀ ਡੁੱਬਦੀ ਦੇਖ ਕੇ ਸਾਥ ਛੱਡ ਚੁੱਕਾ ਹੈ, ਪਰ ਕੈਪਟਨ ਅਮਰਿੰਦਰ ਸਿੰਘ ਅਜੇ ਵੀ ਗਫ਼ਲਤ ਦੀ ਨੀਂਦ ਤੋਂ ਜਾਗਣਾ ਨਹੀਂ ਚਾਹੁੰਦਾ ਜਿਸ ਕਰਕੇ ਅਜੇ ਵੀ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦੀ ਥਾਂ ਲਾਠੀਚਾਰਜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਮੁੱਲ ਕਾਂਗਰਸ ਸਰਕਾਰ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਾਰਨਾ ਪਵੇਗਾ।
ਡੀਟੀਐੱਫ ਦੇ ਸੂਬਾਈ ਆਗੂਆਂ ਗੁਰਮੀਤ ਸੁਖਪੁਰ, ਰਾਜੀਵ ਕੁਮਾਰ, ਜਗਪਾਲ ਬੰਗੀ, ਜਸਵਿੰਦਰ ਔਜਲਾ, ਹਰਦੀਪ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਕੁਲਵਿੰਦਰ ਜੋਸ਼ਨ, ਦਲਜੀਤ ਸਫੀਪੁਰ, ਪਵਨ ਕੁਮਾਰ, ਨਛੱਤਰ ਸਿੰਘ ਤਰਨਤਾਰਨ, ਰੁਪਿੰਦਰ ਗਿੱਲ, ਤੇਜਿੰਦਰ ਕਪੂਰਥਲਾ, ਸੁਖਦੇਵ ਡਾਨਸੀਵਾਲ, ਮੁਕੇਸ਼ ਗੁਜਰਾਤੀ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਆਮ ਲੋਕਾਂ ਦੇ ਧੀਆਂ ਪੁੱਤਾਂ ਦੀ ਸਿੱਖਿਆ ਦੀ ਮਹੱਤਤਾ ਨੂੰ ਸਮਝਦੇ ਹੋਏ ਬਿਨ੍ਹਾਂ ਦੇਰੀ ਇਹਨਾਂ ਅਧਿਆਪਕਾਂ ਸਮੇਤ ਸਿੱਖਿਆ ਵਿਭਾਗ ਵਿੱਚ ਪਈਆਂ ਖਾਲੀ ਪੋਸਟਾਂ ਨੂੰ ਭਰਨਾ ਚਾਹੀਦਾ ਹੈ ਅਤੇ ਪਿੱਛਲੇ ਸਾਢੇ ਚਾਰ ਸਾਲਾਂ ਤੋਂ ਰੁਜ਼ਗਾਰ ਦੀ ਉਡੀਕ ਕਰ ਰਹੇ ਨੌਜਵਾਨਾਂ ਨੂੰ ਭਰਤੀ ਦੀ ਉਪਰਲੀ ਉਮਰ ਸੀਮਾ ਵਿੱਚ ਤਰਕਸੰਗਤ ਛੋਟ ਵੀ ਦੇ ਕੇ ਸਾਰੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦਿੱਤਾ ਜਾਵੇ।

 


Share