ਹੜ੍ਹਾਂ ਕਾਰਨ ਮੈਕਸੀਕੋ ਨਾਲ ਸਰਹੱਦੀ ਕੰਧ ਨੂੰ ਪਹੁੰਚਿਆ ਨੁਕਸਾਨ

259
Share

ਫਰਿਜ਼ਨੋ, 24 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਕਈ ਖੇਤਰਾਂ ਵਿਚ ਭਾਰੀ ਬਾਰਿਸ਼ ਅਤੇ ਤੂਫਾਨਾਂ ਕਾਰਨ ਹੜ੍ਹਾਂ ਦੀ ਸਥਿਤੀ ਪੈਦਾ ਹੋਣ ਕਾਰਨ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਹੜ੍ਹਾਂ ਕਾਰਨ ਅਮਰੀਕਾ ਵਿਚ ਕਈ ਜਾਨਾਂ ਵੀ ਗਈਆਂ ਹਨ। ਇਸਦੇ ਇਲਾਵਾ ਅਮਰੀਕਾ ਦੇ ਦੱਖਣੀ ਐਰੀਜ਼ੋਨਾ ਵਿਚ ਖਰਾਬ ਮੌਸਮ ਕਾਰਨ ਟਰੰਪ ਪ੍ਰਸ਼ਾਸਨ ਦੁਆਰਾ ਬਣਾਈ ਗਈ ਸਰਹੱਦੀ ਕੰਧ ਦੇ ਕੁੱਝ ਹਿੱਸਿਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਸਬੰਧੀ ਯੂ.ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਏਜੰਟਾਂ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਮੈਕਸੀਕੋ ਨਾਲ ਲੱਗਦੀ ਦੇਸ਼ ਦੀ ਸਰਹੱਦ ਹੜ੍ਹ ਕਾਰਨ ਨੁਕਸਾਨੀ ਗਈ ਹੈ। ਇਸ ਵਿਚ ਲਗਾਏ ਚੌੜੇ ਧਾਤ ਦੇ ਗੇਟ ਪਾਣੀ ਦੇ ਵਹਾਅ ਕਾਰਨ ਆਪਣੀ ਜਗ੍ਹਾ ਤੋਂ ਟੁੱਟ ਗਏ ਹਨ। ਰਿਪੋਰਟਾਂ ਅਨੁਸਾਰ ਅਰਬਾਂ ਡਾਲਰ ਦੀ ਲਾਗਤ ਨਾਲ ਬਣੀ ਸਰਹੱਦ ਦੀ ਕੰਧ ਨੂੰ ਭਾਰੀ ਨੁਕਸਾਨ ਸੈਨ ਬਰਨਾਰਡੀਨੋ ਰੈਂਚ ਵਿਖੇ ਹੋਇਆ ਹੈ, ਜੋ ਕਿ ਡਗਲਸ ਐਰੀਜ਼ੋਨਾ ਅਤੇ ਸੈਨ ਬਰਨਾਰਡੀਨੋ ਵਾਈਲਡ ਲਾਈਫ ਰਫਿਜੂਜੀ ਦੇ ਵਿਚਕਾਰ ਸਥਿਤ ਹੈ। ਜ਼ਿਕਰਯੋਗ ਹੈ ਕਿ ਮੈਕਸੀਕੋ ਸਰਹੱਦ ਦੇ ਨਾਲ ਇਸ ਕੰਧ ਦੀ ਉਸਾਰੀ ਟਰੰਪ ਪ੍ਰਸ਼ਾਸਨ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਲਈ ਕੀਤੀ ਗਈ ਸੀ।

Share