ਹਜ਼ੂਰ ਸਾਹਿਬ ਸੰਗਤ ਨੂੰ ਲੈ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਮੁਹਿੰਮ

849

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ: 916-320-9444
ਮਾਰਚ ਮਹੀਨੇ ਪੂਰੇ ਭਾਰਤ ਅੰਦਰ ਲੌਕਡਾਊਨ ਹੋ ਜਾਣ ਨਾਲ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਪੰਜਾਬ ਤੋਂ 4 ਹਜ਼ਾਰ ਦੇ ਕਰੀਬ ਗਈ ਸੰਗਤ ਉਥੇ ਹੀ ਫਸ ਗਈ ਸੀ। ਪੂਰਾ ਮਹੀਨਾ ਭਰ ਇਹ ਸੰਗਤ ਉਨ੍ਹਾਂ ਨੂੰ ਵਾਪਸ ਪੰਜਾਬ ਪਰਤਾਉਣ ਲਈ ਕੁਰਲਾਹਟ ਕਰਦੀ ਰਹੀ ਹੈ। ਪਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਵਾਪਸ ਆਪਣੇ ਪਰਿਵਾਰਾਂ ਕੋਲ ਭੇਜਣ ਲਈ ਕੋਈ ਕਦਮ ਨਹੀਂ ਚੁੱਕਿਆ। ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੇ ਪ੍ਰਬੰਧਕ ਵੀ ਮਹਾਰਾਸ਼ਟਰ ਅਤੇ ਕੇਂਦਰ ਸਰਕਾਰ ਕੋਲ ਪਹੁੰਚ ਕਰਦੇ ਰਹੇ ਹਨ। ਸ੍ਰੀ ਹਜ਼ੂਰ ਸਾਹਿਬ ਵਿਖੇ ਫਸੇ ਇਨ੍ਹਾਂ ਹਜ਼ਾਰਾਂ ਲੋਕਾਂ ਵਿਚ ਬਹੁਤ ਸਾਰੇ ਬੱਚੇ, ਸਿੱਖ ਬੀਬੀਆਂ ਅਤੇ ਬਜ਼ੁਰਗ ਵੀ ਸਨ। ਮਹੀਨਾ ਭਰ ਪਰਿਵਾਰਾਂ ਤੋਂ ਦੂਰ ਰਹਿਣਾ ਇਨ੍ਹਾਂ ਲੋਕਾਂ ਲਈ ਵੱਡਾ ਸੰਤਾਪ ਬਣ ਗਿਆ ਸੀ। ਪਰ ਹੁਣ ਜਦ ਇਹ ਸੰਗਤ ਵਾਪਸ ਆਈ ਹੈ, ਤਾਂ ਇਹ ਸਿੱਖ ਸੰਗਤ ਵੱਡੇ ਮਾਨਸਿਕ ਸੰਤਾਪ ਦੇ ਨਾਲ-ਨਾਲ ਮਾਨਸਿਕ ਤਨਾਅ ਦੇ ਮੂੰਹ ਧੱਕ ਦਿੱਤੀ ਗਈ ਹੈ।
ਜਿਸ ਤਰ੍ਹਾਂ ਤਬਲੀਗੀ ਜਮਾਤ ਦੇ ਸਮਾਗਮ ਵਿਚ ਆਏ ਲੋਕਾਂ ਨੂੰ ਕਰੋਨਾ ਹੋਣ ਕਾਰਨ ਪੂਰੇ ਮੁਸਲਿਮ ਸਮਾਜ ਨੂੰ ਭਾਰਤ ਅੰਦਰ ਕਰੋਨਾ ਫੈਲਾਉਣ ਲਈ ਦੋਸ਼ੀ ਠਹਿਰਾ ਕੇ ਮੁਸਲਿਮ ਭਾਈਚਾਰੇ ਨੂੰ ਕਲੰਕਿਤ ਕੀਤਾ ਗਿਆ, ਲਗਭਗ ਉਸੇ ਤਰ੍ਹਾਂ ਹੁਣ ਸ੍ਰੀ ਹਜ਼ੂਰ ਸਾਹਿਬ ਤੋਂ ਆਈ ਸੰਗਤ ਬਾਰੇ ਵੀ ਅਜਿਹੀ ਬਿਆਨਬਾਜ਼ੀ ਹੋ ਰਹੀ ਹੈ ਕਿ ਪਹਿਲਾਂ ਉਨ੍ਹਾਂ ਨੇ ਮਹਾਰਾਸ਼ਟਰ ਵਿਚ ਕੋਰੋਨਾ ਫੈਲਾਇਆ ਅਤੇ ਹੁਣ ਪੰਜਾਬ ਵਿਚ ਕਰੋਨਾ ਦੇ ਫੈਲਣ ਦਾ ਕਾਰਨ ਬਣ ਰਹੇ ਹਨ। ਭਾਰਤੀ ਹਕੂਮਤ ਦੀ ਫਿਰਕੂ ਨੀਤੀ, ਖਾਸਕਰ ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲਾਂ ਦੌਰਾਨ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਵਿੱਢੇ ਯਤਨਾਂ ਅਤੇ ਅਸਹਿਣਸ਼ੀਲਤਾ ਰਾਹੀਂ ਫੈਲਾਈ ਫਿਰਕੂ ਨਫਰਤ ਕਾਰਨ ਭਾਰਤ ਅੰਦਰ ਹਰ ਅਲਾਮਤ ਲਈ ਘੱਟ ਗਿਣਤੀਆਂ ਨੂੰ ਦੋਸ਼ੀ ਠਹਿਰਾ ਕੇ ਬਦਨਾਮ ਕਰਨ ਦੀ ਮੁਹਿੰਮ ਚਲਾਉਣਾ ਆਮ ਗੱਲ ਬਣ ਗਈ ਹੈ। ਇਕ ਪਾਸੇ ਜਦ ਪੂਰੀ ਦੁਨੀਆਂ ਵਿਚ ਕਰੋਨਾ ਤੋਂ ਪੀੜਤ ਲੋਕਾਂ ਦੀ ਮੂਹਰੇ ਹੋ ਕੇ ਸੇਵਾ ਕਰਨ ਵਿਚ ਸਿੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀ ਵਾਹ-ਵਾਹ ਹੋ ਰਹੀ ਹੈ ਅਤੇ ਗੁਰਦੁਆਰਿਆਂ ਵੱਲੋਂ ਹਰ ਪੀੜਤ ਅਤੇ ਲੋੜਵੰਦਾਂ ਲਈ ਲੰਗਰ ਦੀ ਸੇਵਾ ਨੇ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ ਹੈ ਅਤੇ ਪੂਰੀ ਦੁਨੀਆਂ ਵਿਚ ਪ੍ਰਸ਼ੰਸਾ ਹੋ ਰਹੀ ਹੈ। ਉਸੇ ਸਮੇਂ ਭਾਰਤ ਅੰਦਰ ਸਿੱਖਾਂ ਨੂੰ ਬਦਨਾਮ ਕਰਨ ਦੀ ਚਲਾਈ ਜਾ ਰਹੀ ਇਹ ਮੁਹਿੰਮ ਬੇਹੱਦ ਦੁਖਦਾਈ ਅਤੇ ਖਤਰਨਾਕ ਹੈ। ਹੁਣ ਤੱਕ ਸਾਹਮਣੇ ਆਈਆਂ ਰਿਪੋਰਟਾਂ ਮੁਤਾਬਕ ਹਜ਼ੂਰ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਦੇ ਨਾਂ ਉਪਰ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਅਕਾਲੀ ਦਲ ਨੇ ਸਿਆਸਤ ਖੇਡਣੀ ਸ਼ੁਰੂ ਕਰ ਦਿੱਤੀ ਸੀ। ਇਕ ਪਾਸੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਅਤੇ ਮਹਾਰਾਸ਼ਟਰ ਸਰਕਾਰ ਨੂੰ ਚਿੱਠੀਆਂ ਲਿਖ ਕੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦਾ ਯਤਨ ਕੀਤਾ। ਇਸ ਦੇ ਜਵਾਬ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। 24, 25 ਤਰੀਕ ਨੂੰ ਜਦ ਤਖ਼ਤ ਨਾਂਦੇੜ ਸਾਹਿਬ ਦੇ ਪ੍ਰਬੰਧਕਾਂ ਨੇ ਕੁੱਝ ਵਾਹਨਾਂ ਦਾ ਪ੍ਰਬੰਧ ਕਰ ਲਿਆ, ਤਾਂ ਪੰਜਾਬ ਸਰਕਾਰ ਨੇ ਝੱਟ ਇਹ ਸਿਹਰਾ ਆਪਣੇ ਸਿਰ ਬੰਨ੍ਹਣ ਲਈ 80 ਬੱਸਾਂ ਦਾ ਕਾਫਲਾ ਹਜ਼ੂਰ ਸਾਹਿਬ ਨੂੰ ਰਵਾਨਾ ਕਰ ਦਿੱਤਾ। ਸਰਕਾਰ ਨੇ ਬੜੀ ਕਾਹਲੀ ਨਾਲ ਇਹ ਫੈਸਲਾ ਕੀਤਾ। ਨਾ ਉਸ ਨੇ ਸ਼ਰਧਾਲੂਆਂ ਦੀ ਡਾਕਟਰੀ ਜਾਂਚ ਬਾਰੇ ਪੁਖਤਾ ਜਾਣਕਾਰੀ ਹਾਸਲ ਕੀਤੀ ਅਤੇ ਨਾ ਹੀ ਆਪਣੇ ਵੱਲੋਂ ਕੋਈ ਪ੍ਰਬੰਧ ਹੀ ਕੀਤਾ। ਯਾਤਰੂਆਂ ਦੇ ਪੰਜਾਬ ਪਹੁੰਚਣ ‘ਤੇ ਉਨ੍ਹਾਂ ਨੂੰ ਇਕਾਂਤਵਾਸ ਵਿਚ ਭੇਜਣਾ ਹੈ ਜਾਂ ਸਾਰਿਆਂ ਦੇ ਟੈਸਟ ਕਰਾਉਣੇ ਹਨ, ਇਸ ਬਾਰੇ ਵੀ ਕੋਈ ਫੈਸਲਾ ਨਾ ਕੀਤਾ ਗਿਆ। ਹੱਦ ਤਾਂ ਇਹ ਹੋ ਗਈ ਕਿ ਆਉਣ ਵਾਲੇ ਇਨ੍ਹਾਂ ਸ਼ਰਧਾਲੂਆਂ ਦੇ ਠਹਿਰਣ ਲਈ ਕੋਈ ਵੀ ਯੋਗ ਪ੍ਰਬੰਧ ਨਹੀਂ ਸੀ। ਇਨ੍ਹਾਂ ਨੂੰ ਪੰਜਾਬ ਦੀ ਸਰਹੱਦ ਉੱਤੇ ਰਾਤ ਨੂੰ ਵੱਖ-ਵੱਖ ਜ਼ਿਲ੍ਹਿਆਂ ਵੱਲ ਤੋਰ ਦਿੱਤਾ ਗਿਆ। 40-50 ਘੰਟਿਆਂ ਦੇ ਸਫਰ ਨਾਲ ਥੱਕੇ ਹਾਰੇ ਆਏ ਸ਼ਰਧਾਲੂਆਂ ਲਈ ਸਰਹੱਦ ਉਪਰ ਚਾਹ-ਪਾਣੀ ਜਾਂ ਲੰਗਰ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਫਿਰ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਸਕੂਲਾਂ ਦੇ ਕਮਰਿਆਂ, ਕਾਲਜਾਂ ਦੇ ਹੋਸਟਲਾਂ ਜਾਂ ਰਾਧਾ-ਸੁਆਮੀ ਡੇਰੇ ਦੇ ਸਤਿਸੰਗ ਭਵਨਾਂ ਵਿਚ ਭੇਜ ਦਿੱਤੇ ਗਏ। ਸਕੂਲਾਂ, ਕਾਲਜਾਂ ਵਿਚ ਨਾ ਕਿਤੇ ਸਫਾਈ ਦਾ ਪ੍ਰਬੰਧ ਸੀ ਅਤੇ ਨਾ ਲੋੜ ਅਨੁਸਾਰ ਬਾਥਰੂਮ ਅਤੇ ਟਾਇਲਟ ਹੀ ਸਨ। ਖਾਣ-ਪੀਣ ਦਾ ਵੀ ਕਿਤੇ ਕੋਈ ਪ੍ਰਬੰਧ ਨਹੀਂ ਸੀ। ਤਿੰਨ ਦਿਨ ਲਗਾਤਾਰ ਰੌਲਾ ਪੈਣ ਤੋਂ ਬਾਅਦ ਹੀ ਆਖਰ ਸ਼ਰਧਾਲੂਆਂ ਨੂੰ ਰਹਿਣ ਲਈ ਯੋਗ ਪ੍ਰਬੰਧ ਹੋਏ ਹਨ।
ਪੰਜਾਬ ਸਰਕਾਰ ਦੀ ਸਿਆਸਤ ਖੇਡਣ ਦੀ ਇਕ ਹੋਰ ਵੱਡੀ ਘਿਨਾਉਣੀ ਹਰਕਤ ਸਾਹਮਣੇ ਆਈ ਹੈ। ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ ਸਿੱਖ ਸ਼ਰਧਾਲੂਆਂ ਨੂੰ ਪੰਜਾਬ ਲਿਆ ਕੇ ਵੱਡੀ ਪੱਧਰ ਉੱਤੇ ਰਾਧਾ ਸੁਆਮੀ ਸਤਿਸੰਗ ਭਵਨਾਂ ‘ਚ ਠਹਿਰਾ ਦਿੱਤਾ। ਹਰ ਕੋਈ ਜਾਣਦਾ ਹੈ ਕਿ ਸਤਿਸੰਗ ਭਵਨ ਰਿਹਾਇਸ਼ੀ ਥਾਵਾਂ ਨਹੀਂ ਹਨ। ਉਥੇ ਸਵੇਰ ਵੇਲੇ ਲੋਕ 2-3 ਘੰਟੇ ਲਈ ਸਤਿਸੰਗ ਕਰਨ ਲਈ ਆਉਂਦੇ ਹਨ। ਇਨ੍ਹਾਂ ਭਵਨਾਂ ਵਿਚ ਨਾ ਹੀ ਸੈਂਕੜੇ ਲੋਕਾਂ ਲਈ ਬਾਥਰੂਮ ਅਤੇ ਟਾਇਲਟ ਹੀ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅੰਮ੍ਰਿਤਧਾਰੀ ਸਿੱਖ ਸ਼ਰਧਾਲੂਆਂ ਨੂੰ ਉਸ ਦੀ ਆਸਥਾ ਦੇ ਉਲਟ ਰਾਧਾ ਸੁਆਮੀ ਡੇਰਿਆਂ ਵਿਚ ਭੇਜ ਦਿੱਤਾ ਗਿਆ। ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀਆਂ ਸਾਰੀਆਂ ਸਰਾਵਾਂ ਸਰਕਾਰ ਹਵਾਲੇ ਕਰਨ ਦੀ ਪਹਿਲਾਂ ਹੀ ਪੇਸ਼ਕਸ਼ ਕੀਤੀ ਹੋਈ ਸੀ ਅਤੇ ਉਥੇ ਲੰਗਰ ਪਾਣੀ ਤੋਂ ਲੈ ਕੇ ਹੋਰ ਹਰ ਤਰ੍ਹਾਂ ਦੀਆਂ ਸੇਵਾਵਾਂ ਦੇਣ ਦਾ ਵੀ ਭਰੋਸਾ ਦਿੱਤਾ ਸੀ। ਪਰ ਦੱਸਦੇ ਹਨ ਕਿ ਪੰਜਾਬ ਸਰਕਾਰ ਨੂੰ ਇਹ ਖਤਰਾ ਸੀ ਕਿ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਿਆਂ ਦੀਆਂ ਸਰਾਵਾਂ ਵਿਚ ਠਹਿਰਾਏ ਜਾਣ ਨਾਲ ਸਿਆਸੀ ਲਾਹਾ ਅਕਾਲੀ ਲਿਜਾ ਸਕਦੇ ਹਨ। ਇਸ ਕਰਕੇ ਪੰਜਾਬ ਸਰਕਾਰ ਨੇ ਸਿੱਖ ਸ਼ਰਧਾਲੂਆਂ ਨੂੰ ਸਰਾਵਾਂ ਵਿਚ ਭੇਜਣ ਦੀ ਬਜਾਏ ਡੇਰਿਆਂ ਵਿਚ ਰੱਖਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਦੇ ਸਿੱਖ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਉਣ ਦੇ ਕਾਰਨਾਮੇ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਸਿੰਘ ਸਾਹਿਬਾਨਾਂ ਨੇ ਤਾਂ ਬੜਾ ਸਖ਼ਤ ਨੋਟਿਸ ਲਿਆ। ਅਤੇ ਤੁਰੰਤ ਸ਼ਰਧਾਲੂਆਂ ਨੂੰ ਡੇਰਿਆਂ ਵਿਚੋਂ ਤਬਦੀਲ ਕਰਨ ਦੀ ਮੰਗ ਕੀਤੀ। ਪਰ ਅਕਾਲੀ ਲੀਡਰਸ਼ਿਪ ਨੇ ਇਸ ਮਾਮਲੇ ਉਪਰ ਚੁੱਪ ਹੀ ਧਾਰ ਲਈ। ਸਮਝਿਆ ਜਾਂਦਾ ਹੈ ਕਿ ਅਕਾਲੀ ਲੀਡਰਸ਼ਿਪ ਨੇ ਵੀ ਰਾਧਾ ਸੁਆਮੀ ਡੇਰੇ ਦੇ ਪ੍ਰਭਾਵ ਹੇਠਲੀਆਂ ਵੋਟਾਂ ਦੇ ਲਾਲਚ ਵਿਚ ਆ ਕੇ ਚੁੱਪ ਰਹਿਣ ਵਿਚ ਹੀ ਭਲਾ ਸਮਝਿਆ। ਪਰ ਸਵਾਲ ਇਹ ਉੱਠ ਰਿਹਾ ਹੈ ਕਿ ਅਕਾਲੀ ਲੀਡਰਸ਼ਿਪ ਨੇ 2010 ਤੋਂ 2015-16 ਤੱਕ ਡੇਰਾ ਸਰਸਾ ਦੇ ਵੋਟਰਾਂ ਨੂੰ ਭਰਮਾਉਣ ਦੇ ਲਾਲਚ ਵਿਚ ਡੇਰੇ ਪ੍ਰਤੀ ਬੇਹੱਦ ਸਹਿਯੋਗੀ ਵਤੀਰਾ ਅਪਣਾਇਆ। ਤੇ ਨਤੀਜਾ ਇਹ ਨਿਕਲਿਆ ਕਿ ਸਿੱਖ ਵੋਟਰਾਂ ਦਾ ਵੱਡਾ ਹਿੱਸਾ ਉਨ੍ਹਾਂ ਵੱਲੋਂ ਮੂੰਹ ਹੀ ਮੋੜ ਗਿਆ। ਹੁਣ ਫਿਰ ਕੁੱਝ ਸਾਲਾਂ ਬਾਅਦ ਹੀ ਮੁੜ ਡੇਰਾ ਰਾਧਾ ਸੁਆਮੀ ਪ੍ਰਤੀ ਲਿਹਾਜ਼ਦਾਰੀ ਪਾਲ ਰਹੀ ਹੈ। ਕਿਤੇ ਇਹ ਨਾ ਹੋਵੇ ਕਿ ਲਿਹਾਜ਼ਦਾਰੀ ਕਰਦਿਆਂ ਹੁਣ ਫਿਰ ਸਿੱਖ ਸੰਗਤ ਦੀ ਵਿਰੋਧਤਾ ਗਲ਼ ਪਾ ਬੈਠੇ।
ਇਹ ਬੜੀ ਮੰਦਭਾਗੀ ਗੱਲ ਹੈ ਕਿ ਸਿੱਖ ਸ਼ਰਧਾਲੂਆਂ ਨੂੰ ਕਲੰਕਿਤ ਕਰਦੇ ਪੂਰੇ ਸਿੱਖ ਭਾਈਚਾਰੇ ਨੂੰ ਹੀ ਕਟਹਿਰੇ ਵਿਚ ਖੜ੍ਹਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਨੇ ਸਿੱਖ ਸ਼ਰਧਾਲੂਆਂ ਨੂੰ ਤਬਲੀਗੀ ਜਮਾਤ ਨਾਲ ਜੋੜ ਕੇ ਕਰੋਨਾ ਫੈਲਾਉਣ ਦੇ ਦੋਸ਼ੀ ਦੱਸਿਆ ਹੈ। ਇਸੇ ਤਰ੍ਹਾਂ ਮਹਾਰਾਸ਼ਟਰ ਸਰਕਾਰ ਦੇ ਕੁੱਝ ਮੰਤਰੀਆਂ ਨੇ ਵੀ ਅਜਿਹੇ ਹੀ ਬਿਆਨ ਦਾਗੇ ਹਨ। ਇਹ ਬੜੀ ਹੀ ਮੰਦਭਾਗੀ ਗੱਲ ਹੈ ਕਿ ਇਸ ਆਫਤ ਮੌਕੇ ਸੇਵਾ ਦੇ ਫਰਿਸ਼ਤੇ ਬਣ ਕੇ ਬਹੁੜਨ ਵਾਲੀ ਕੌਮ ਵਿਰੁੱਧ ਇਸ ਤਰ੍ਹਾਂ ਦੀ ਜ਼ਹਿਰੀਲੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਕੋਰੋਨਾਵਾਇਰਸ ਤੋਂ ਕਿਸੇ ਦੇ ਪੀੜਤ ਹੋਣਾ, ਉਸ ਵਿਅਕਤੀ ਦਾ ਆਪਣਾ ਕੋਈ ਗੁਨਾਹ ਨਹੀਂ ਹੈ, ਸਗੋਂ ਇਹ ਲਾਗ ਦੀ ਬਿਮਾਰੀ ਹੈ ਅਤੇ ਕਿਸੇ ਨੂੰ ਵੀ ਆਸ-ਪਾਸ ਤੋਂ ਲੱਗ ਸਕਦੀ ਹੈ। ਇਸ ਬਿਮਾਰੀ ਦੇ ਓਹਲੇ ਹੇਠ ਕਿਸੇ ਹੋਰ ਨੂੰ ਬਿਮਾਰੀ ਲਗਾ ਦੇਣ ਲਈ ਕਲੰਕਿਤ ਨਹੀਂ ਕੀਤਾ ਜਾ ਸਕਦਾ। ਕਿਉਂਕਿ ਲਾਗ ਇਸ ਵਾਇਰਸ ਦਾ ਆਪਣਾ ਸੁਭਾਅ ਹੈ। ਕਿਸੇ ਵਿਅਕਤੀ ਦੇ ਯਤਨ ਨਾਲ ਕਿਸੇ ਨੂੰ ਵੀ ਲਾਗ ਨਹੀਂ ਲੱਗਦੀ। ਇਸ ਕਰਕੇ ਦੁਨੀਆਂ ਭਰ ਵਿਚ ਸੇਵਾ ਕਰ ਰਹੇ ਸਮਾਜ ਨੂੰ ਫਿਰਕੂ ਸੋਚ ਅਧੀਨ ਕਲੰਕਿਤ ਕਰਨ ਦਾ ਯਤਨ ਬੇਹੱਦ ਸ਼ਰਮਨਾਕ ਅਤੇ ਅਸੱਭਿਅਕ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਸਰਕਾਰ ਨੇ ਸ਼ਰਧਾਲੂਆਂ ਨੂੰ ਲਿਆਉਣ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਸਾਵਧਾਨੀ ਅਤੇ ਸੰਕੋਚ ਨਹੀਂ ਵਰਤਿਆ। ਅਤੇ ਨਾ ਹੀ ਪੰਜਾਬ ਅੰਦਰ ਉਨ੍ਹਾਂ ਦੇ ਆਉਣ ‘ਤੇ ਯੋਗ ਪ੍ਰਬੰਧ ਹੀ ਕੀਤੇ ਗਏ ਹਨ। ਇਸ ਸਾਰੇ ਮਸਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਦੂਜੀ ਅਜੀਬ ਗੱਲ ਇਹ ਆ ਰਹੀ ਹੈ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਆਉਣ ਸਮੇਂ ਸਿੱਖ ਸੰਗਤ ਵਿਚ ਗੁਜਰਾਤ ਅਤੇ ਮਹਾਰਾਸ਼ਟਰ ਵਿਚ ਕੰਮ ਕਰਦੇ ਛੇ-ਸੱਤ ਸੌ ਮਜ਼ਦੂਰ ਵੀ ਆ ਰਲੇ ਸਨ ਤੇ ਇਹ ਮਜ਼ਦੂਰ ਵੀ ਸਿੱਖ ਸੰਗਤ ਦੇ ਨਾਲ ਹੀ ਬੱਸਾਂ ਵਿਚ ਬੈਠ ਕੇ ਆਏ ਹਨ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਸਿੱਖ ਸੰਗਤ ਨੂੰ ਲੈਣ ਗਈਆਂ ਬੱਸਾਂ ਵਿਚ ਇਨ੍ਹਾਂ ਮਜ਼ਦੂਰਾਂ ਨੂੰ ਸੰਗਤ ਦੇ ਨਾਲ ਬੈਠਣ ਦੀ ਇਜਾਜ਼ਤ ਕਿਸ ਨੇ ਤੇ ਕਿਉਂ ਦਿੱਤੀ? ਖਦਸ਼ਾ ਇਹ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਕਰੀਬ ਸਵਾ ਮਹੀਨਾ ਕਰੋਨਾ ਤੋਂ ਮੁਕਤ ਅਤੇ ਤੰਦਰੁਸਤ ਰਹਿਣ ਵਾਲੀ ਸੰਗਤ ਨੂੰ ਕਰੋਨਾ ਵੰਡਣ ਵਿਚ ਸ਼ਾਮਲ ਹੋਏ ਮਜ਼ਦੂਰ ਹੋ ਸਕਦੇ ਹਨ। ਇਸ ਮਾਮਲੇ ਦੀ ਵੀ ਡੂੰਘੀ ਪੜਤਾਲ ਹੋਣੀ ਚਾਹੀਦੀ ਹੈ ਅਤੇ ਜ਼ਿੰਮੇਦਾਰੀ ਮਿੱਥਣੀ ਚਾਹੀਦੀ ਹੈ ਕਿ ਇਹ ਮਜ਼ਦੂਰ ਸੰਗਤ ਵਿਚ ਕਿਵੇਂ ਸ਼ਾਮਲ ਹੋਏ ਅਤੇ ਫਿਰ ਬੱਸਾਂ ਵਿਚ ਚੜ੍ਹਨ ਦੀ ਉਨ੍ਹਾਂ ਨੂੰ ਪ੍ਰਵਾਨਗੀ ਕਿਸ ਨੇ ਦਿੱਤੀ।