ਹਜ਼ਾਰਾਂ ਸਿੱਖਾਂ ਨੂੰ ਉਜਾੜਨ ਦੇ ਰਾਹ ਪਈ ਯੋਗੀ ਸਰਕਾਰ

659
ਬਿਜਨੌਰ 'ਚ ਖੇਤ ਉਜਾੜਨ ਟਰੈਕਟਰ ਲੈ ਕੇ ਪੁੱਜੀ ਪੁਲਿਸ।
Share

-ਤਿੰਨ ਪੀੜ੍ਹੀਆਂ ਤੋਂ ਵਸੇ ਪਰਿਵਾਰਾਂ ਦੇ ਖੇਤਾਂ ‘ਚ ਜੇ.ਸੀ.ਬੀ. ਚਲਾ ਕੇ ਫ਼ਸਲਾਂ ਕੀਤੀਆਂ ਤਬਾਹ
ਜਲੰਧਰ, 15 ਜੂਨ (ਮੇਜਰ ਸਿੰਘ/ਪੰਜਾਬ ਮੇਲ)-ਯੂ.ਪੀ. ਦੀ ਯੋਗੀ ਸਰਕਾਰ ਕੋਰੋਨਾ ਆਫ਼ਤ ਦੇ ਘੋਰ ਸੰਕਟ ‘ਚ ਤਿੰਨ ਪੀੜ੍ਹੀਆਂ ਤੋਂ ਜ਼ਮੀਨਾਂ ਆਬਾਦ ਕਰ ਕੇ ਬੈਠੇ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਉਜਾੜਨ ਦੇ ਰਾਹ ਪਈ ਹੋਈ ਹੈ। ਪਿਛਲੇ ਦਿਨੀਂ ਸਿੱਖ ਵਸੋਂ ਵਾਲੇ ਰਾਜ ਦੇ ਤਰਾਈ ਖੇਤਰ ਦੇ ਜ਼ਿਲ੍ਹਾ ਰਾਮਪੁਰ ਦੇ 15 ਪਿੰਡਾਂ, ਜ਼ਿਲ੍ਹਾ ਬਿਜ਼ਨੌਰ ਦੀ ਨਗੀਨਾ ਤਹਿਸੀਲ ‘ਚ ਪੈਂਦੇ ਪਿੰਡ ਚੰਪਤਪੁਰ ਅਤੇ ਜ਼ਿਲ੍ਹਾ ਲਖੀਮਪੁਰ ਖੀਰੀ ਦੀ ਤਹਿਸੀਲ ਨਿਗਾਸਨ ਦੇ ਪਿੰਡ ਰਣਨਗਰ ਵਿਚਲੇ ਕਿਸਾਨਾਂ ਨੂੰ ਪੁਲਿਸ ਦੇ ਜ਼ੋਰ ਪ੍ਰਸ਼ਾਸਨ ਨੇ ਉਜਾੜਨਾ ਸ਼ੁਰੂ ਕੀਤਾ ਹੈ। ਇਸ ਖੇਤਰ ਦੇ ਸਾਰੇ ਹੀ ਸਿੱਖ ਪਰਿਵਾਰ 1947 ਵੀ ਵੰਡ ਸਮੇਂ ਪਾਕਿਸਤਾਨ ਤੋਂ ਉਠ ਕੇ ਸਿੱਧੇ ਇੱਥੇ ਆ ਕੇ ਵਸੇ ਸਨ। ਇਸ ਖੇਤਰ ਦੇ ਰੋਹੀ ਬੀਆਬਾਨਾਂ ਤੇ ਜੰਗਲ ਬੇਲਿਆਂ ‘ਚ ਅਤਿਅੰਤ ਔਖਿਆਈ ਝੱਲਦਿਆਂ ਇਨ੍ਹਾਂ ਲੋਕਾਂ ਨੇ ਇੱਥੇ ਕਈ ਦਹਾਕਿਆਂ ਦੀ ਮਿਹਨਤ ਬਾਅਦ ਜ਼ਮੀਨਾਂ ਆਬਾਦ ਕੀਤੀਆਂ ਹਨ। ਲੋਕ ਦੱਸਦੇ ਹਨ ਕਿ ਜ਼ਮੀਨਾਂ ਆਬਾਦ ਕਰ ਕੇ ਵਸਦਿਆਂ ਉਨ੍ਹਾਂ ਦੀ ਤੀਜੀ ਪੀੜ੍ਹੀ ਚੱਲ ਰਹੀ ਹੈ। 1980 ‘ਚ ਹੋਈ ਚੱਕਬੰਦੀ ਸਮੇਂ 20 ਸਾਲਾਂ ਦੇ ਕਾਬਜ਼ ਹੋਣ ਕਾਰਨ ਇੱਥੇ ਵਸੇ ਕਿਸਾਨਾਂ ਨੂੰ ਹੱਕ ਮਾਲਕੀ ਵੀ ਮਿਲ ਗਏ ਸਨ ਪਰ ਉੱਤਰ ਪ੍ਰਦੇਸ਼ ਸਰਕਾਰ ਨੇ ਘੁੱਗ ਵਸਦੇ ਸਿੱਖ ਪਰਿਵਾਰਾਂ ਉੱਪਰ ਇਸ ਆਫ਼ਤ ਵੇਲੇ ਉਜਾੜੇ ਦੀ ਤਲਵਾਰ ਧਰ ਦਿੱਤੀ ਹੈ। ਸਿੱਖ ਸੰਗਠਨ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਮੁਖੀ ਜਸਬੀਰ ਸਿੰਘ ਵਿਰਕ ਨੇ ਫ਼ੋਨ ਉੱਪਰ ਦੱਸਿਆ ਕਿ ਚੰਪਤਪੁਰ ਪਿੰਡ ਵਿਚ ਪਹਿਲਾਂ 3 ਜੂਨ ਨੂੰ ਜੇ.ਸੀ.ਬੀ. ਮਸ਼ੀਨਾਂ ਲੈ ਕੇ ਪੁਲਿਸ ਪੁੱਜੀ। ਚੰਪਤਪੁਰ ‘ਚ 300 ਦੇ ਘਰਾਂ ਦੀ ਸਾਰੀ ਵਸੋਂ ਸਿੱਖ ਪਰਿਵਾਰਾਂ ਦੀ ਹੈ। ਕਿਸਾਨਾਂ ਵਲੋਂ ਵਿਰੋਧ ਕਾਰਨ ਉਸ ਦਿਨ ਉਹ ਕੁਝ ਨਹੀਂ ਕਰ ਸਕੇ। ਮੁੜ ਫਿਰ ਭਾਰੀ ਪੁਲਿਸ ਨਾਲ ਆਏ ਤੇ ਗੰਨੇ ਦੀ ਕਈ ਏਕੜ ਖੜ੍ਹੀ ਫ਼ਸਲ ਤਬਾਰ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਖੇਤਰ ‘ਚ, ਹੋਰ ਸਾਰੇ ਹੀ ਪਿੰਡਾਂ ਵਿਚ ਵੀ ਪੰਚਾਇਤੀ ਜ਼ਮੀਨਾਂ ਉੱਪਰ ਕਬਜ਼ੇ ਹਨ ਪਰ ਸਰਕਾਰ ਨੇ ਨਿਸ਼ਾਨਾ ਸਿੱਖ ਵਸੋਂ ਵਾਲੇ ਪਿੰਡ ਨੂੰ ਹੀ ਬਣਾਇਆ ਹੈ। ਯੂ.ਪੀ. ਸਰਕਾਰ ਸਿੱਖ ਕਿਸਾਨਾਂ ਨੂੰ ਉਜਾੜ ਕੇ ਇੱਥੇ ਸੂਬਾਈ ਆਰਮਡ ਪੁਲਿਸ ਦਾ ਸੈਂਟਰ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਰਣਨਗਰ ਪਿੰਡ ਵਿਚ ਵੀ ਪਿਛਲੇ ਕਰੀਬ 70 ਸਾਲ ਤੋਂ 300 ਦੇ ਕਰੀਬ ਸਿੱਖ ਪਰਿਵਾਰ ਰਹਿ ਰਹੇ ਹਨ ਤੇ ਸਖ਼ਤ ਮਿਹਨਤ ਨਾਲ ਉਨ੍ਹਾਂ ਜ਼ਮੀਨਾਂ ਆਬਾਦ ਕੀਤੀਆਂ ਹਨ। ਇੱਥੇ ਵੀ ਭਾਰੀ ਪੁਲਿਸ ਫੋਰਸ ਜੇ.ਸੀ.ਬੀ. ਮਸ਼ੀਨਾਂ ਨਾਲ ਪੁੱਜੀ, ਤਾਂ ਕਿਸਾਨ ਜਦ ਮਸ਼ੀਨਾਂ ਮੂਹਰੇ ਲਿੱਟ ਗਏ ਤਾਂ ਉਨ੍ਹਾਂ ਨੂੰ ਵਾਪਸ ਜਾਣਾ ਪਿਆ ਪਰ ਪੁਲਿਸ ਨੇ ਪਿੰਡ ਦੇ 35 ਵਸਨੀਕਾਂ ਤੇ 250 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤੇ ਹਨ। ਵਿਰਕ ਨੇ ਦੱਸਿਆ ਕਿ ਇਸ ਖੇਤਰ ‘ਚ ਗੁਰੂ ਨਾਨਕ ਸਾਗਰ ਡੈਮ ਲਈ ਸਿੱਖਾਂ ਦੀ 3 ਹਜ਼ਾਰ ਏਕੜ ਹਾਸਲ ਕੀਤੀ ਜ਼ਮੀਨ ਦਾ ਅੱਜ ਤੱਕ ਵੀ ਨਾ ਕੋਈ ਮੁਆਵਜ਼ਾ ਦਿੱਤਾ ਹੈ ਤੇ ਨਾ ਹੀ ਬਦਲੇ ‘ਚ ਕੋਈ ਜ਼ਮੀਨ ਹੀ ਅਲਾਟ ਕੀਤੀ ਗਈ ਹੈ। ਜ਼ਿਲ੍ਹਾ ਰਾਮਪੁਰ ਦੇ 15 ਤੋਂ ਵਧੇਰੇ ਪਿੰਡਾਂ ਦੇ 30 ਹਜ਼ਾਰ ਕਿਸਾਨਾਂ ਉੱਪਰ ਵੀ ਉਜਾੜੇ ਦੀ ਤਲਵਾਰ ਲਟਕ ਰਹੀ ਹੈ। ਇਨ੍ਹਾਂ ਪਿੰਡਾਂ ‘ਚ 1980 ‘ਚ ਹੋਈ ਚੱਕਬੰਦੀ ਮੌਕੇ ਕਿਸਾਨਾਂ ਨੂੰ ਹੱਕ ਮਾਲਕੀ ਵੀ ਦਿੱਤੇ ਗਏ ਸਨ ਤੇ ਬਹੁਤ ਸਾਰਿਆਂ ਦੇ ਕੇਸ ਹਾਈਕੋਰਟ ‘ਚ ਚੱਲ ਰਹੇ ਹਨ ਪਰ ਯੋਗੀ ਸਰਕਾਰ ਨੇ ਨਾ ਕਿਸੇ ਕਿਸਾਨ ਨੂੰ ਕੋਈ ਨੋਟਿਸ ਜਾਰੀ ਕੀਤਾ ਹੈ ਤੇ ਨਾ ਕਿਸੇ ਦੀ ਸੁਣਵਾਈ ਹੀ ਹੋ ਰਹੀ ਹੈ, ਸਗੋਂ ਪੁਲਿਸ ਤੇ ਜੇ.ਸੀ.ਬੀ. ਮਸ਼ੀਨਾਂ ਭੇਜ ਕੇ ਫ਼ਸਲਾਂ ਉਜਾੜਨ ਤੇ ਘਰ ਢਾਹੁਣ ਦੀ ਜ਼ਿੱਦ ਕੀਤੀ ਜਾ ਰਹੀ ਹੈ। ਸਿੱਖ ਸੰਗਠਨ ਦੇ ਆਗੂ ਨੇ ਦੋਸ਼ ਲਗਾਇਆ ਕਿ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮਿਲ ਕੇ ਸਿੱਖ ਵਫ਼ਦ ਨੇ ਇਹ ਵੀ ਮੰਗ ਕੀਤੀ ਕਿ 70 ਸਾਲ ਤੋਂ ਬਾਅਦ ਕਿਸਾਨਾਂ ਨੂੰ ਕੋਰੋਨਾ ਆਫ਼ਤ ਮੌਕੇ ਘਰਾਂ ਤੋਂ ਨਾ ਉਜਾੜਿਆ ਜਾਵੇ ਤੇ ਘੱਟੋ-ਘੱਟ ਤਿੰਨ ਮਹੀਨੇ ਦਾ ਸਮਾਂ ਦੇ ਦਿੱਤਾ ਜਾਵੇ ਪਰ ਇਹ ਅਪੀਲ ਵੀ ਪ੍ਰਵਾਨ ਨਹੀਂ ਕੀਤੀ। ਜਸਵੀਰ ਸਿੰਘ ਵਿਰਕ ਨੇ ਸਮੂਹ ਸਿੱਖ ਭਾਈਚਾਰੇ ਤੇ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਯੋਗੀ ਸਰਕਾਰ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੇ ਸਿੱਖ ਪਰਿਵਾਰਾਂ ਦੀ ਹਮਾਇਤ ‘ਚ ਆਵਾਜ਼ ਉਠਾਈ ਜਾਵੇ।


Share