ਹੋਬੋਕੇਨ ਸ਼ਹਿਰ ਦੇ ਦੂਜੀ ਵਾਰ ਮੇਅਰ ਚੁਣੇ ਗਏ ਰਵੀ ਭੱਲਾ

249
ਰਵੀ ਭੱਲਾ ਆਪਣੀ ਪਤਨੀ ਨਵਨੀਤ ਤੇ ਦੋ ਬੱਚਿਆਂ ਨਾਲ
Share

ਨਿਉੂਜਰਸੀ,  6 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ) – ਨਿਉੂਜਰਸੀ ਸੂਬੇ ਦੇ ਹੋਬੋਕੇਨ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਰਵੀ ਭੱਲਾ ਨੇ ਬੀਤੇ ਦਿਨੀਂ ਦੂਜੀ ਵਾਰ ਇਸੇ ਸ਼ਹਿਰ ਦਾ ਮੇਅਰ ਚੁਣੇ ਜਾਣ ਮਗਰੋਂ ਸਹੁੰ ਚੁੱਕੀ। ਮੇਅਰ ਰਵੀ ਭੱਲਾ ਨੇ ਇਕ ਸਮਾਗਮ ਦੌਰਾਨ ਗੁਟਕਾ ਸਾਹਿਬ ‘ਤੇ ਹੱਥ ਰੱਖ ਕੇ ਸਹੁੰ ਚੁੱਕੀ। ਹੋਬੋਕੇਨ ਦੇ ਮੇਅਰ ਰਵੀ ਭੱਲਾ ਨੂੰ ਸਿਟੀ ਕਲਰਕ ਜੇਮਸ ਫਰੀਨਾ ਵੱਲੋਂ ਆਪਣੇ ਦੂਜੇ ਕਾਰਜਕਾਲ ਲਈ ਸਹੁੰ ਚੁਕਾਈ ਗਈ। ਮਹਾਮਾਰੀ ਦੇ ਕਾਰਨ, ਸਿਟੀ ਹਾਲ ਵਿਚ ਆਯੋਜਿਤ ਸਹੁੰ ਚੁੱਕ ਸਮਾਗਮ ਵਿਚ ਸਿਰਫ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ। ਇਸ ਮੌਕੇ ਚੁਣੇ ਗਏ ਕੌਂਸਲਮੈਨ, ਜਿਨ੍ਹਾਂ ‘ਚ ਜੋਅ ਕੁਇੰਟੇਰੋ, ਜਿੰਮ ਡੋਇਲ, ਐਮਿਲੀ ਜੈਬਰ ਨੂੰ ਵੀ ਸਿਟੀ ਕਲਰਕ ਜੇਮਸ ਫਰੀਨਾ ਵੱਲੋਂ ਉਹਨਾਂ ਦੇ ਅਹੁਦੇ ਦੀ ਸਹੁੰ ਚੁਕਾਈ ਗਈ।

ਆਪਣੇ ਸੰਬੋਧਨ ‘ਚ ਰਵੀ ਭੱਲਾ ਨੇ ਕਿਹਾ, ‘ਹੋਬੋਕੇਨ ਦੇ ਮੇਅਰ ਵਜੋਂ ਦੂਜੀ ਵਾਰ ਸਹੁੰ ਚੁੱਕਣਾ ਮੇਰੇ ਲਈ ਜੀਵਨ ਭਰ ਦਾ ਸਨਮਾਨ ਹੈ ਅਤੇ ਮੈਂ ਅਗਲੇ ਚਾਰ ਸਾਲਾਂ ‘ਚ ਹੋਬੋਕੇਨ ਸ਼ਹਿਰ ਨੂੰ ਸ਼ਹਿਰ ਵਾਸੀਆਂ ਦੇ ਰਹਿਣ ਲਈ ਇਕ ਹੋਰ ਵਧੀਆ ਜਗ੍ਹਾ ਬਣਾਉਣ ‘ਚ ਕੋਈ ਕਸਰ ਨਹੀਂ ਛੱਡਾਂਗਾ। ਆਉਂਦੇ ਚਾਰ ਸਾਲਾਂ ‘ਚ ਹੋਬੋਕੇਨ ਨੂੰ ਨਿਉੂਜਰਸੀ ਦਾ ਇਕ ਬਿਹਤਰ ਸ਼ਹਿਰ ਬਣਾਇਆ ਜਾਵੇਗਾ। ਆਪਣੇ ਪਰਿਵਾਰ ਨਾਲ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਏ ਮੇਅਰ ਭੱਲਾ ਨੇ ਕਿਹਾ ਕਿ ਮੈਂ ਆਪਣੀ ਕਮਿਊਨਿਟੀ ਅਤੇ ਉਨ੍ਹਾਂ ਸਾਰੇ ਸਮਰਥਕਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਦੂਸਰੀ ਵਾਰ ਸ਼ਹਿਰ ਦੀ ਕਮਾਨ ਸੌਂਪੀ ਅਤੇ ਮੈਨੂੰ ਮੇਅਰ ਵਜੋਂ ਸੇਵਾ ਕਰਨ ਦਾ ਮਾਣ ਬਖ਼ਸ਼ਿਆ। ਭੱਲਾ ਨਵੰਬਰ 2021 ਦੀਆਂ ਚੋਣਾਂ ਵਿਚ ਬਿਨਾਂ ਮੁਕਾਬਲਾ ਚੋਣ ਲੜੇ ਸਨ।


Share