ਓਟਾਵਾ, 30 ਨਵੰਬਰ (ਪੰਜਾਬ ਮੇਲ)- ਹੈਲਥ ਕੈਨੇਡਾ ਵੱਲੋਂ ਪਹਿਲੀ ਕੋਵਿਡ-19 ਵੈਕਸੀਨ ਨੂੰ ਕ੍ਰਿਸਮਸ ਤੋਂ ਪਹਿਲਾਂ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇਹ ਐਲਾਨ ਵੀਰਵਾਰ ਨੂੰ ਏਜੰਸੀ ਦੇ ਚੀਫ ਮੈਡੀਕਲ ਐਡਵਾਈਜ਼ਰ ਵੱਲੋਂ ਦਿੱਤਾ ਗਿਆ। ਡਾਕਟਰ ਸੁਪਰਿਆ ਸ਼ਰਮਾ ਨੇ ਦੱਸਿਆ ਕਿ ਇਸ ਸਮੇਂ ਹੈਲਥ ਕੈਨੇਡਾ ਵੱਲੋਂ ਤਿੰਨ ਸੰਭਾਵੀ ਵੈਕਸੀਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚੋਂ ਫਾਈਜ਼ਰ ਦੀ ਵੈਕਸੀਨ ਨੂੰ ਸਭ ਤੋਂ ਐਡਵਾਂਸ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵੈਕਸੀਨ ਨੂੰ ਅਮਰੀਕਾ ਤੇ ਯੂਰਪੀਅਨ ਹੈਲਥ ਏਜੰਸੀਆਂ ਦੀ ਤਰਜ਼ ਉੱਤੇ ਕ੍ਰਿਸਮਸ ਤੋਂ ਪਹਿਲਾਂ ਹੀ ਕੈਨੇਡਾ ਵਿਚ ਵਰਤੋਂ ਲਈ ਮਨਜ਼ੂਰੀ ਦਿੱਤੇ ਜਾਣ ਦੀ ਸੰਭਾਵਨਾ ਹੈ।
ਯੂ.ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਤੇ ਯੂਰਪੀਅਨ ਮੈਡੀਸਨਜ਼ ਏਜੰਸੀ ਦੋਹਾਂ ਦਾ ਕਹਿਣਾ ਹੈ ਕਿ ਉਹ ਬਾਇਓਨਟੈਕ ਨਾਲ ਭਾਈਵਾਲੀ ਵਿਚ ਇਸ ਵੈਕਸੀਨ ਨੂੰ ਦਸੰਬਰ ਤੱਕ ਵਰਤੋਂ ਦੀ ਮਨਜ਼ੂਰੀ ਦੇਣ ਬਾਰੇ ਵਿਚਾਰ ਕਰ ਰਹੇ ਹਨ। ਇਸ ਵੈਕਸੀਨ ਬਾਰੇ ਮੁੱਢਲੇ ਸਕਰਾਤਮਕ ਨਤੀਜਿਆਂ ਦੀਆਂ ਮਿਲੀਆਂ ਰਿਪੋਰਟਾਂ ਤੇ ਇਸ ਦੇ 90 ਫੀਸਦੀ ਅਸਰਦਾਰ ਹੋਣ ਕਾਰਨ ਇਸ ਵੈਕਸੀਨ ਨੂੰ ਹੀ ਸਬੰਧਤ ਦੇਸ਼ਾਂ ‘ਚ ਮਨਜ਼ੂਰੀ ਮਿਲਣ ਦੀ ਆਸ ਹੈ। ਐੱਫ.ਡੀ.ਏ. ਵੱਲੋਂ 10 ਦਸੰਬਰ ਨੂੰ ਕੀਤੀ ਜਾਣ ਵਾਲੀ ਮੀਟਿੰਗ ‘ਚ ਇਹ ਫ਼ੈਸਲਾ ਕੀਤਾ ਜਾਵੇਗਾ ਕਿ ਫਾਈਜ਼ਰ ਨੂੰ ਹਰੀ ਝੰਡੀ ਦਿੱਤੀ ਜਾਵੇਗੀ ਜਾਂ ਨਹੀਂ। ਡਾਕਟਰ ਸਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਵੀ ਇਸ ਸਮੇਂ ਦੌਰਾਨ ਹੀ ਵੈਕਸੀਨ ਬਾਰੇ ਪੱਕਾ ਫ਼ੈਸਲਾ ਲਵਾਂਗੇ। ਫਿਰ ਅਸੀਂ ਕੈਨੇਡਾ ਭਰ ਵਿਚ ਇਸ ਵੈਕਸੀਨ ਨੂੰ ਉਪਲਬਧ ਕਰਵਾਉਣ ਬਾਰੇ ਰਣਨੀਤੀ ਤਿਆਰ ਕਰਾਂਗੇ।