ਹੈਰੋਇਨ ਤਸਕਰੀ ਮਾਮਲੇ ਵਿੱਚ ਗ੍ਰਿਫ਼ਤਾਰ ਰਣਜੀਤ ਸਿੰਘ ਚੀਤਾ ਨੂੰ ਮੁੜ ਪੁਲਿਸ ਰਿਮਾਂਡ ‘ਤੇ ਭੇਜਿਆ

750
ਐਸ.ਏ.ਐਸ. ਨਗਰ (ਮੁਹਾਲੀ), 31 ਮਈ (ਪੰਜਾਬ ਮੇਲ)- ਨੈਸ਼ਨਲ ਜਾਂਚ ਏਜੰਸੀ (ਐਨਆਈਏ) ਵੱਲੋਂ ਹੈਰੋਇਨ ਤਸਕਰੀ ਮਾਮਲੇ ਵਿੱਚ ਗ੍ਰਿਫ਼ਤਾਰ ਰਣਜੀਤ ਸਿੰਘ ਚੀਤਾ ਅਤੇ ਉਸ ਦੇ ਭਰਾ ਗਗਨਦੀਪ ਉਰਫ਼ ਭੋਲਾ ਨੂੰ ਅੱਠ ਦਿਨ ਦਾ ਪੁਲੀਸ ਰਿਮਾਂਡ ਪੂਰਾ ਹੋਣ ‘ਤੇ ਅੱਜ ਐਨਆਈਏ ਦੇ ਵਿਸ਼ੇਸ਼ ਜੱਜ ਕਰੁਨੇਸ਼ ਕੁਮਾਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਰਣਜੀਤ ਚੀਤਾ ਨੂੰ ਫਿਰ ਤੋਂ ਦੋ ਜੂਨ ਤੱਕ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ ਜਦੋਂਕਿ ਉਸ ਦੇ ਭਰਾ ਗਗਨਦੀਪ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਮੁਲਜ਼ਮ ਦੇ ਸਰਹੱਦੋਂ ਪਾਰ ਹੁੰਦੀ ਹੈਰੋਇਨ ਤਸਕਰੀ ਮਾਮਲੇ ਨਾਲ ਵੀ ਤਾਰ ਜੁੜੇ ਹੋਏ ਹਨ। ਇਸ ਤੋਂ ਇਲਾਵਾ ਉਸ ਦੇ ਪਾਕਿਸਤਾਨ ਆਧਾਰਿਤ ਹਿਜ਼ਬੁਲ ਮੁਜ਼ਾਹਿਦੀਨ ਨਾਰਕੋ ਅਤਿਵਾਦ ਨੈੱਟਵਰਕ ਨਾਲ ਸਬੰਧ ਹੋਣ ਬਾਰੇ ਪਤਾ ਲੱਗਾ ਹੈ।

ਪੰਜਾਬ ਪੁਲੀਸ ਅਤੇ ਹਰਿਆਣਾ ਪੁਲੀਸ ਨੇ ਸਾਂਝੇ ਅਪਰੇਸ਼ਨ ਤਹਿਤ ਬੀਤੀ 9 ਮਈ ਨੂੰ ਮੁਲਜ਼ਮ ਰਣਜੀਤ ਸਿੰਘ ਅਤੇ ਉਸ ਦੇ ਭਰਾ ਗਗਨਦੀਪ ਉਰਫ਼ ਭੋਲਾ ਨੂੰ ਸਿਰਸਾ ‘ਚੋਂ ਡਰੱਗ ਤਸਕਰੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ 5 ਮਈ ਨੂੰ ਚੀਤਾ ਦੇ ਚਚੇਰੇ ਭਰਾਵਾਂ ਅਤੇ ਹਿਜ਼ਬੁਲ ਦੇ ਦੋ ਹੋਰ ਕਾਰਕੁਨਾਂ ਬਿਕਰਮ ਸਿੰਘ ਉਰਫ਼ ਵਿੱਕੀ ਅਤੇ ਉਸ ਦੇ ਭਰਾ ਮਨਿੰਦਰ ਸਿੰਘ ਉਰਫ਼ ਮਨੀ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਕੋਲੋਂ ਕਿੱਲੋ ਹੈਰੋਇਨ ਅਤੇ 32.25 ਲੱਖ ਰੁਪਏ ਬਰਾਮਦ ਕੀਤੇ ਗਏ ਸੀ। ਹੁਣ ਇਸ ਮਾਮਲੇ ਦੀ ਜਾਂਚ ਐਨਆਈਏ ਦੇ ਸਪੁਰਦ ਕੀਤੀ ਗਈ ਹੈ।
ਰਣਜੀਤ ਚੀਤਾ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 10 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਉਸ ਦੇ ਤਾਰ ਪੰਜਾਬ ਤੇ ਜੰਮੂ-ਕਸ਼ਮੀਰ ਵਿੱਚ ਭਾਰਤ-ਪਾਕਿ ਸਰਹੱਦ ‘ਤੇ ਨਸ਼ਿਆਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਸਮਗਲਿੰਗ ਨਾਲ ਜੁੜੇ ਹੋਏ ਹਨ। ਉਹ ਪਿਛਲੇ ਸਾਲ ਪਾਕਿਸਤਾਨ ਤੋਂ 2700 ਕਰੋੜ ਰੁਪਏ ਦੀ ਕੀਮਤ ਵਾਲੀ 532 ਕਿੱਲੋਗਰਾਮ ਹੈਰੋਇਨ ਅਤੇ 52 ਕਿੱਲੋ ਮਿਕਸਡ ਨਸ਼ੀਲੇ ਪਦਾਰਥ ਲਿਆਉਣ ਦੀ ਗੱਲ ਵੀ ਮੰਨ ਚੁੱਕਾ ਹੈ।
ਪੁੱਛਗਿੱਛ ਵਿੱਚ ਪਤਾ ਲੱਗਾ ਹੈ ਕਿ ਬਿਕਰਮ ਅਤੇ ਮਨਿੰਦਰ ਆਪਣੇ ਚਚੇਰੇ ਭਰਾ ਰਣਜੀਤ ਚੀਤਾ, ਇਕਬਾਲ ਸਿੰਘ ਉਰਫ਼ ਸ਼ੇਰਾ ਅਤੇ ਸਰਵਣ ਸਿੰਘ ਨਾਲ ਸਰਹੱਦੋਂ ਪਾਰ ਨਸ਼ਾ ਤਸਕਰੀ ਕਰਦੇ ਸਨ।
ਪੁਲੀਸ ਅਨੁਸਾਰ ਰਣਜੀਤ ਚੀਤਾ ਨੂੰ ਹੈਰੋਇਨ ਤਸਕਰੀ ਲਈ 2008, 2009, 2011 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ 5 ਕਿੱਲੋ ਹੈਰੋਇਨ ਦੀ ਤਸਕਰੀ ਮਾਮਲੇ ਵਿੱਚ 12 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ ਪਰ ਸੁਪਰੀਮ ਕੋਰਟ ਨੇ ਮਾਰਚ 2018 ਵਿੱਚ ਉਸ ਨੂੰ ਬਰੀ ਕਰ ਦਿੱਤਾ ਸੀ।