ਹੈਰਿਸ ਕਾਊਂਟੀ ਦੇ ਉਤਰ ਪੱਛਮੀ ਖੇਤਰ ’ਚ ਨਫਰਤੀ ਇਸ਼ਤਿਹਾਰ ਲਗਾਏ, ਲੋਕਾਂ ’ਚ ਡਰ ਤੇ ਸਹਿਮ

162
ਇਕ ਵਿਅਕਤੀ ਨਫਰਤੀ ਇਸ਼ਤਿਹਾਰ ਪੜ੍ਹਦਾ ਹੋਇਆ।
Share

ਸੈਕਰਾਮੈਂਟੋ, 9 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਉਤਰ ਪੱਛਮੀ ਹੈਰਿਸ ਕਾਊਂਟੀ ਵਿਚ ਲੋਕਾਂ ਦੇ ਘਰਾਂ ਦੇ ਦਰਵਾਜ਼ਿਆਂ, ਖਿੜਕੀਆਂ ਤੇ ਕਾਰਾਂ ਉਪਰ ਨਫਰਤੀ ਇਸ਼ਤਿਹਾਰ ਲੱਗੇ ਵੇਖ ਕੇ ਲੋਕ ਹੈਰਾਨ ਰਹਿ ਗਏ। ਅਮਰੀਕਨ-ਇਸਲਾਮਿਕ ਸਬੰਧਾਂ ਬਾਰੇ ਹੋਸਟਨ ਚੈਪਟਰ ਆਫ ਕੌਂਸਲ ਦੇ ਡਾਇਰੈਕਟਰ ਆਪਰੇਸ਼ਨ ਵਿਲੀਅਮ ਵਾਈਟ ਅਨੁਸਾਰ ਰਾਤ ਵੇਲੇ ਲਾਏ ਗਏ ਇਸ਼ਤਿਹਾਰਾਂ ’ਚ ਗੋਰਿਆਂ ਨੂੰ ਸਰਬਉੁੱਚ ਕਰਾਰ ਦਿੱਤਾ ਗਿਆ ਹੈ। ਇਸ਼ਤਿਹਾਰ ਦਾ ਸਿਰਲੇਖ ‘‘2026 ਏ ਰੇਸ ਓਡੀਸੇ’’ ਹੈ, ਜਿਸ ਵਿਚ ਲਿਖਿਆ ਹੈ ‘‘ਗੋਰਿਆਂ ਦੀ ਘੱਟ ਰਹੀ ਵਸੋਂ ਦਰ ਬਾਰੇ ਸੋਚੋ, ਜੇ ਇਸ ਤਰ੍ਹਾਂ ਹੀ ਜਾਰੀ ਰਿਹਾ, ਤਾਂ ਅਮਰੀਕਾ ਦੇ ਵੱਡੇ ਸ਼ਹਿਰਾਂ ਦਾ ਅਗਲੇ 10 ਸਾਲਾਂ ਦੌਰਾਨ ਨਕਸ਼ਾ ਕਿਹੋ ਜਿਹਾ ਹੋਵੇਗਾ?’’ ਇਸ਼ਤਿਹਾਰਾਂ ਦਾ ਕੇਂਦਰ ਬਿੰਦੂ ਨਸਲੀ ਹੈ ਤੇ ਇਨ੍ਹਾਂ ਵਿਚ ਅਫਰੀਕਨ ਅਮਰੀਕੀਆਂ ਪ੍ਰਤੀ ਨਾਂਹ ਪੱਖੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਇਸ਼ਹਿਤਾਰ ਦੇ ਹੇਠਾਂ ਲੋਕਾਂ ਨੂੰ ਜੁੜਨ ਵਾਸਤੇ ਇਕ ਵੈੱਬਸਾਈਟ ਦਾ ਪਤਾ ਵੀ ਦਿੱਤਾ ਗਿਆ ਹੈ। ਇਸ ਇਸ਼ਤਿਹਾਰ ਵਿਚ ਸ਼ਰਾਰਤੀ ਅਨਸਰਾਂ ਵੱਲੋਂ ਵਰਤੀ ਗਈ ਭਾਸ਼ਾ ਕਾਰਨ ਜ਼ਿਆਦਾਤਰ ਅਖਬਾਰਾਂ ਨੇ ਇਸ ਨੂੰ ਨਾ ਛਾਪਣ ਦਾ ਫੈਸਲਾ ਲਿਆ ਹੈ ਤੇ ਅਜਿਹਾ ਕਰਨਾ ਆਪਣੇ ਆਪ ਵਿਚ ਇਕ ਅਪਰਾਧ ਵੀ ਮੰਨਿਆ ਜਾਂਦਾ ਹੈ। ਵਾਈਟ ਨੇ ਕਿਹਾ ਹੈੈ ਕਿ ਇਹ ਲੋਕਾਂ ਨੂੰ ਭੈਅਭੀਤ ਕਰਨ ਦਾ ਯਤਨ ਹੈ ਪਰੰਤੂ ਇਸ ਸ਼ਹਿਰ ਵਿਚ ਡਰ ਜਾਂ ਭੈਅ ਨੂੰ ਕੋਈ ਥਾਂ ਨਹੀਂ ਹੈ। ਉਨਾਂ ਕਿਹਾ ਹੈ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਉਹ ਉਸ ਵਿਸ਼ੇਸ਼ ਖੇਤਰ ਦਾ ਜ਼ਿਕਰ ਨਹੀਂ ਕਰ ਰਹੇ, ਜਿੱਥੇ ਗੋਰਿਆਂ ਦੀ ਸ਼੍ਰੇਸ਼ਟਾ ਦੇ ਇਸ਼ਤਿਹਾਰ ਲਗਾਏ ਗਏ ਹਨ ਪਰੰਤੂ ਇਸ ਖੇਤਰ ਵਿਚ ਵੱਖ-ਵੱਖ ਪਿਛੋਕੜਾਂ ਨਾਲ ਸਬੰਧ ਰਖਦੇ ਲੋਕ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਡਰੇ ਹੋਏ ਹਨ ਤੇ ਉਹ ਇਸ ਸਬੰਧੀ ਮੀਡੀਆ ਨਾਲ ਗੱਲਬਾਤ ਨਹੀਂ ਕਰਨਾ ਚਹੁੰਦੇ। ਲੋਕ ਇਸ ਮੁੱਦੇ ਨੂੰ ਜ਼ਿਆਦਾ ਉਛਾਲਣ ਦੇ ਹੱਕ ਵਿਚ ਨਹੀਂ ਹਨ। ਵਾਈਟ ਨੇ ਕਿਹਾ ਕਿ ਇਕ ਵਿਅਕਤੀ ਨੇ ਫੋਨ ਕਰਕੇ ਇਸ ਸਬੰਧੀ ਸ਼ਿਕਾਇਤ ਕੀਤੀ ਹੈ। ਹੋਸਟਨ ਦੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਉਨ੍ਹਾਂ ਨੇ ਕਿਹਾ ਹੈ ਕਿ ਘਰਾਂ ਦੇ ਬਾਹਰ ਲੱਗੇ ਕੈਮਰਿਆਂ ਤੋਂ ਸਾਜਿਸ਼ਕਾਰਾਂ ਦਾ ਪਤਾ ਲਾਇਆ ਜਾਵੇਗਾ। ਵਾਈਟ ਨੇ ਕਿਹਾ ਕਿ ਹੈਰਿਸ ਕਾਊਂਟੀ ਦੇ ਲਾਅ ਇਨਫੋਰਸਮੈਂਟ ਤੇ ਐੱਫ.ਬੀ.ਆਈ. ਨੂੰ ਦੇਣ ਵਾਸਤੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਸਵੰਦ ਹਨ ਕਿ ਸਾਰੇ ਚੁਣੇ ਹੋਏ ਪ੍ਰਤੀਨਿੱਧ ਇਕਮੁੱਠ ਹੋ ਕੇ ਸਮਾਜ ਨੂੰ ਤੋੜਨ ਵਾਲੀ ਇਸ ਹਰਕਤ ਦੀ ਨਿੰਦਾ ਕਰਨਗੇ। ਅਜਿਹੇ ਇਸ਼ਤਿਹਾਰ ਦੱਖਣੀ ਫਲੋਰਿਡਾ ਤੇ 5 ਹੋਰ ਰਾਜਾਂ ’ਚ ਵੀ ਵੰਡੇ ਗਏ ਹਨ ਜਾਂ ਕੰਧਾਂ ਉਪਰ ਚਿਪਕਾਏ ਗਏ ਹਨ। ਇਥੇ ਜ਼ਿਕਰਯੋਗ ਹੈ ਕਿ ਹੈਰਿਸ ਕਾਉਂਟੀ ’ਚ ਅਗਲੀ ਪ੍ਰਾਇਮਰੀ ਚੋਣ ਪਹਿਲੀ ਮਾਰਚ ਨੂੰ ਹੈ ਤੇ ਅਗਾਊਂ ਵੋਟਿੰਗ ਅਗਲੇ ਸੋਮਵਾਰ ਤੋਂ ਸ਼ੁਰੂ ਹੋ ਰਹੀ ਹੈ।

Share