ਹੈਂਕਰਾਂ ਵੱਲੋਂ ਮੋਬਿਕੁਵਿਕ ਦੇ 9.9 ਕਰੋੜ ਭਾਰਤੀ ਲੋਕਾਂ ਦਾ ਡੇਟਾ ਹਾਸਲ ਕਰਨ ਦਾ ਦਾਅਵਾ: ਕੰਪਨੀ ਵੱਲੋਂ ਖੰਡਨ

247
Share

ਨਵੀਂ ਦਿੱਲੀ, 30 ਮਾਰਚ (ਪੰਜਾਬ ਮੇਲ)- ਹੈਕਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਮੋਬੀਕੁਵਿਕ ਦੇ 9.9 ਕਰੋੜ ਭਾਰਤੀ ਲੋਕਾਂ ਦਾ ਡੇਟਾ ਹਾਸਲ ਕਰ ਲਿਆ ਹੈ। ਇਨ੍ਹਾਂ ਵਿਚ ਲੋਕਾਂ ਦੇ ਮੋਬਾਈਲ ਨੰਬਰ, ਬੈਂਕ ਖਾਤੇ ਦੀ ਡਿਟੇਲ, ਈਮੇਲ ਅਤੇ ਕ੍ਰੈਡਿਟ ਕਾਰਡ ਨੰਬਰ ਸ਼ਾਮਿਲ ਹੈ। ਹਾਲਾਂਕਿ, ਭੁਗਤਾਨ ਕੰਪਨੀ ਨੇ ਇਸ ਦਾ ਖੰਡਨ ਕੀਤਾ ਹੈ। ਸਾਈਬਰ ਸੁਰੱਖਿਆ ਵਿਸ਼ਲੇਸ਼ਕ ਰਾਜਸ਼ੇਖਰ ਰਾਜਹਰੀਆ ਨੇ ਇਸ ਡੇਟਾ ਲੀਕ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਇਸ ਸਬੰਧੀ ਭਾਰਤੀ ਰਿਜ਼ਰਵ ਬੈਂਕ, ਇੰਡੀਅਨ ਕੰਪਿਊਟਰ ਐਮਰਜੰਸੀ ਰਿਸਪਾਂਸ ਟੀਮ, ਪੀਸੀਆਈ ਮਾਨਕ ਅਤੇ ਭੁਗਤਾਨ ਤਕਨਾਲੋਜੀ ਕੰਪਨੀਆਂ ਨੂੰ ਵੀ ਸੂਚਿਤ ਕੀਤਾ ਹੈ। ਇਕ ਹੈਕਰ ਸਮੂਹ ਜਾਰਡਨੇਵਨ ਨੇ ਡੇਟਾਬੇਸ ਦਾ ਲਿੰਕ ਪੀਟੀਆਈ ਨੂੰ ਵੀ ਈਮੇਲ ਕੀਤਾ ਹੈ। ਇਸ ਸਮੂਹ ਦਾ ਕਹਿਣਾ ਹੈ ਕਿ ਉਸ ਦਾ ਉਦੇਸ਼ ਇਸ ਡੇਟਾ ਦਾ ਇਸਤੇਮਾਨ ਨਹੀਂ ਹੈ। ਸਮੂਹ ਦਾ ਕਹਿਣਾ ਹੈ ਕਿ ਅਜਿਹਾ ਕਰਨ ਪਿੱਛੇ ਉਸ ਦਾ ਮਕਸਦ ਕੰਪਨੀ ਤੋਂ ਪੈਸਾ ਲੈਣਾ ਹੈ। ਇਸ ਮਗਰੋਂ ਉਹ ਇਸ ਡੇਟਾ ਨੂੰ ‘ਡਿਲੀਟ’ ਕਰ ਦੇਵੇਗਾ। ਦੂਜੇ ਪਾਸੇ ਮੋਬਿਕੁਵਿਕ ਨੇ ਦੋਸ਼ਾਂ ਦੀ ਗੰਭੀਰਤਾ ਨੂੰ ਦੇਖਦਿਆਂ ਤੀਜੀ ਧਿਰ ਰਾਹੀਂ ਫੋਰੈਂਸਿਕ ਡੇਟਾ ਸੁਰੱਖਿਆ ਆਡਿਟ ਕਰਾਉਣ ਦੀ ਗੱਲ ਕਹੀ ਹੈ। ਕੰਪਨੀ ਨੇ ਕਿਹਾ ਹੈ ਕਿ ਮੋਬਿਕੁਵਿਕ ਦੇ ਸਭਨਾਂ ਖਾਤਿਆਂ ਅਤੇ ਉਸ ਵਿਚਲੀ ਪੂੰਜੀ ਪੂਰੀ ਤਰ੍ਹਾਂ ਸੁਰੱਖਿਤ ਹੈ। ਉਧਰ, ਰਾਜਹਰੀਆ ਦਾ ਕਹਿਣਾ ਹੈ ਕਿ ਸਰਕਾਰੀ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਫੌਰੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ।

Share