ਹੁਸ਼ਿਆਰਪੁਰ ਦੇ ਪੰਜਾਬੀ ਦੀ ਦੁਬਈ ‘ਚ ਕੋਰੋਨਾ ਨਾਲ ਮੌਤ

745

ਹੁਸ਼ਿਆਰਪੁਰ, 30 ਅਪ੍ਰੈਲ (ਪੰਜਾਬ ਮੇਲ)- ਦੁਨੀਆ ਭਰ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਇਸੇ ਦੇ ਚਲਦਿਆਂ ਦੁਬਈ ਤੋਂ ਪੰਜਾਬੀ ਭਾਈਚਾਰੇ ਲਈ ਇੱਕ ਬੁਰੀ ਖ਼ਬਰ ਹੈ, ਜਿੱਥੇ ਕਿ 48 ਸਾਲਾ ਪੰਜਾਬੀ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ। ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ‘ਚ ਪੈਂਦੇ ਟਿੱਬਾ ਸਾਹਿਬ ਦਾ ਵਾਸੀ ਅਮਰਜੀਤ ਸਿੰਘ ਦੁਬਈ ‘ਚ ਰਹਿੰਦਾ ਸੀ। ਬੀਤੀ 16 ਅਪ੍ਰੈਲ ਨੂੰ ਅਚਾਨਕ ਸਿਹਤ ਵਿਗੜਨ ‘ਤੇ ਅਮਰਜੀਤ ਸਿੰਘ ਦਾ ਕੋਰੋਨਾ ਟੈਸਟ ਹੋਇਆ ਤਾਂ ਉਸ ਦੀ ਰਿਪੋਰਟ ਪੌਜ਼ੀਟਿਵ ਆਈ। ਅਮਰਜੀਤ ਨੇ ਇਸ ਸਬੰਧੀ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੁਝ ਨਹੀਂ ਦੱਸਿਆ, ਪਰ ਬਾਅਦ ਵਿੱਚ ਦੱਸ ਦਿੱਤਾ। ਇਸ ‘ਤੇ ਪਰਿਵਾਰ ਨੇ ਉਸ ਨੂੰ ਦਿਲਾਸਾ ਦਿੱਤਾ, ਪਰ ਅਚਾਨਕ ਖ਼ਬਰ ਆਈ ਕਿ ਉਸ ਦੀ ਮੌਤ ਹੋ ਗਈ ਹੈ। ਹੁਸ਼ਿਆਰਪੁਰ ਵਿੱਚ ਅਮਰਜੀਤ ਸਿੰਘ ਦੇ ਦੋ ਛੋਟੇ ਬੱਚੇ, ਪਤਨੀ, ਛੋਟੀ ਭੈਣ ਤੇ ਬਜ਼ੁਰਗ ਪਿਤਾ ਹੈ। ਉਹ ਘਰ ‘ਚ ਇਕੱਲਾ ਕਮਾਉਣ ਵਾਲਾ ਸੀ।
ਅਮਰਜੀਤ ਸਿੰਘ ਦੇ ਪਿਤਾ ਕੇਬਲ ਸਿੰਘ ਨੇ ਦੱਸਿਆ ਕਿ ਉਨ•ਾਂ ਦੀ ਦੁਬਈ ‘ਚ ਗੱਲ ਹੋਈ ਹੈ, ਪਰ ਉੱਥੋਂ ਦੇ ਅਧਿਕਾਰੀਆਂ ਨੇ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਭਾਰਤ ਸਰਕਾਰ ਵੀ ਲਾਸ਼ ਲੈਣ ਤੋਂ ਇਨਕਾਰ ਕਰ ਰਹੀ ਹੈ। ਇਸ ਤੋਂ ਇਲਾਵਾ ਸਮਾਜਸੇਵੀ ਸੰਸਥਾ ‘ਸਰਬਤ ਦਾ ਭਲਾ’ ਦੇ ਐਸਪੀ ਓਬਰਾਏ ਨੇ ਭਰੋਸਾ ਦਿੱਤਾ ਹੈ ਕਿ ਉਹ ਅਮਰਜੀਤ ਸਿੰਘ ਦੀ ਕੰਪਨੀ ਨਾਲ ਉਸ ਦਾ ਬਣਦਾ ਵਿੱਤੀ ਲਾਭ ਲੈਣ ਲਈ ਗੱਲ ਕਰ ਰਹੇ ਹਨ।