ਹੁਣ 60 ਹਜ਼ਾਰ ਲੋੜਵੰਦ ਪਰਿਵਾਰਾਂ ਦਾ ਢਿੱਡ ਭਰੇਗਾ ਸਰਬੱਤ ਦਾ ਭਲਾ ਟਰੱਸਟ

729
ਅੰਮ੍ਰਿਤਸਰ 'ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਸ਼ੁਰੂਆਤ ਕਰਨ ਮੌਕੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਨਪ੍ਰੀਤ ਸੰਧੂ,ਸ਼ਿਸ਼ਪਾਲ ਲਾਡੀ,ਅਮਰਜੀਤ ਸਿੰਘ ਸੰਧੂ ਤੇ ਹੋਰ।
Share

ਅੰਮ੍ਰਿਤਸਰ ਜਿਲ੍ਹੇ ਅੰਦਰ 1900 ਪਰਿਵਾਰਾਂ ਨੂੰ ਮੁੜ ਦਿੱਤਾ ਜਾਵੇਗਾ ਇੱਕ- ਇੱਕ ਮਹੀਨੇ ਦਾ ਸੁੱਕਾ ਰਾਸ਼ਨ
ਲੋੜਵੰਦ ਮੱਧਵਰਤੀ ਪਰਿਵਾਰਾਂ ਤੱਕ ਵੀ ਪਹੁੰਚਾਵਾਂਗੇ ਰਾਸ਼ਨ : ਡਾ.ਓਬਰਾਏ
ਅੰਮ੍ਰਿਤਸਰ, 26 ਜੂਨ (ਪੰਜਾਬ ਮੇਲ)- ਆਪਣੇ ਵਿਲੱਖਣ ਸੇਵਾ ਕਾਰਜਾਂ ਕਾਰਨ ਪੂਰੀ ਦੁਨੀਆਂ ਅੰਦਰ ਪੰਜਾਬ,ਪੰਜਾਬੀ ਤੇ ਪੰਜਾਬੀਅਤ ਦਾ ਮਾਣ ਬਣ ਚੁੱਕੇ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐਸ.ਪੀ. ਸਿੰਘ ਓਬਰਾਏ ਵੱਲੋਂ ਆਪਣੇ ਤੀਜੇ ਪੜਾਅ ਤਹਿਤ ਇਸ ਮਹੀਨੇ ਵੀ ਕਰੋਨਾ ਸੰਕਟ ਕਾਰਨ ਪ੍ਰਭਾਵਿਤ ਹੋਏ 60 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦੇ ਸੁੱਕੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਜਾਣਗੀਆਂ।

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐੱਸ.ਪੀ. ਸਿੰਘ ਓਬਰਾਏ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਅਪ੍ਰੈਲ ਤੇ ਮਈ ਮਹੀਨੇ ਤੋਂ ਬਾਅਦ ਹੁਣ ਰਾਸ਼ਨ ਦੀ ਵੰਡੀ ਜਾਣ ਵਾਲੀ ਤੀਜੀ ਖੇਪ ਦੌਰਾਨ ਸਮੁੱਚੇ ਪੰਜਾਬ ਤੋਂ ਇਲਾਵਾ ਜੰਮੂ ਕਸ਼ਮੀਰ, ਹਿਮਾਚਲ, ਰਾਜਸਥਾਨ ਦੇ ਕੁਝ ਹਿੱਸਿਆਂ ਅੰਦਰ 60 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਦਿੱਤਾ ਜਾਵੇਗਾ l ਜਿਸ ਨਾਲ ਕਰੀਬ 3 ਲੱਖ ਲੋਕਾਂ ਨੂੰ ਇੱਕ ਮਹੀਨੇ ਲਈ ਤਿੰਨ ਵਕਤ ਦੀ ਰੋਟੀ ਮਿਲ ਸਕੇਗੀ।
ਉਨ੍ਹਾਂ ਦੱਸਿਆ ਕਿ ਇਸ ਵਾਰ ਟਰੱਸਟ ਵੱਲੋਂ ਦੋ ਤਰ੍ਹਾਂ ਦੀਆਂ ਕਿੱਟਾਂ ਤਿਆਰ ਕੀਤੀਆਂ ਗਈਆਂ ਹਨ। ਜਿਸ ਵਿੱਚ ਵੱਡੇ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਇੱਕ ਕਿੱਟ ਅੰਦਰ 20.5 ਕਿਲੋਗ੍ਰਾਮ ਜਦ ਕਿ ਛੋਟੇ ਪਰਿਵਾਰ ਵਾਲੀ ਕਿੱਟ ਵਿਚ 15.5 ਕਿਲੋਗ੍ਰਾਮ ਸੁੱਕਾ ਰਾਸ਼ਨ ਹੈ। ਜਿਸ ਨਾਲ ਲੋੜਵੰਦ ਪਰਿਵਾਰ ਦਾ ਇੱਕ ਮਹੀਨਾ ਲਈ ਗੁਜ਼ਾਰਾ ਹੋ ਸਕੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਦੀਆਂ ਜ਼ਿਲ੍ਹਾ ਇਕਾਈਆਂ ਵੱਲੋਂ ਪੂਰੀ ਵਿਉਂਤਬੰਦੀ ਨਾਲ ਲੋੜਵੰਦ ਪਰਿਵਾਰਾਂ ਦੀ ਸ਼ਨਾਖ਼ਤ ਕਰ ਕੇ ਲਿਸਟਾਂ ਤਿਆਰ ਕੀਤੀਆਂ ਹੋਈਆਂ ਹਨ,ਜਿਸ ਦੀ ਬਦੌਲਤ ਹਰ ਵਾਰ ਟਰੱਸਟ ਦਾ ਰਾਸ਼ਨ ਵੰਡਣ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਨੇਪਰੇ ਚੜ੍ਹ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੂੰ ਰਾਸ਼ਨ ਦਿੱਤਾ ਜਾਣਾ ਹੈ,ਉਨ੍ਹਾਂ ‘ਚ ਟਰੱਸਟ ਕੋਲੋਂ ਪਿਛਲੇ ਲੰਮੇ ਸਮੇਂ ਤੋਂ ਵਿਧਵਾ,ਬੁਢਾਪਾ ਤੇ ਅੰਗਹੀਣ ਪੈਨਸ਼ਨਾਂ ਦੇ ਨਾਲ-ਨਾਲ ਮੈਡੀਕਲ ਸਹੂਲਤ ਲੈ ਰਹੇ ਹਜ਼ਾਰਾਂ ਲੋਕਾਂ ਦੇ ਪਰਿਵਾਰਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ‘ਚ ਉਨ੍ਹਾਂ ਬੱਚਿਆਂ ਦੇ ਪਰਿਵਾਰ ਵੀ ਸ਼ਾਮਿਲ ਹਨ,ਜਿਨ੍ਹਾਂ ਨੂੰ ਟਰੱਸਟ ਵਲੋਂ ਉੱਚੇਰੀ ਸਿੱਖਿਆ ਦਵਾਉਣ ਲਈ ਗੋਦ ਲਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਟਰੱਸਟ ਲੋੜਵੰਦ ਗ੍ਰੰਥੀ ਸਿੰਘ,ਢਾਡੀ ਤੇ ਕਵੀਸ਼ਰੀ ਜਥਿਆਂ ਦੇ ਪਰਿਵਾਰਾਂ,ਕਿੰਨਰ ਭਾਈਚਾਰੇ ਦੇ ਲੋੜਵੰਦ ਲੋਕਾਂ ਤੋਂ ਇਲਾਵਾ ਕੁਝ ਅਜਿਹੇ ਪਰਿਵਾਰਾਂ ਨੂੰ ਵੀ ਰਾਸ਼ਨ ਦਿੱਤਾ ਜਾਵੇਗਾ ਜੋ ਮੱਧਵਰਤੀ ਵਰਗ ਨਾਲ ਸਬੰਧਿਤ ਹੋਣ ਦੇ ਬਾਵਜ਼ੂਦ ਵੀ ਹਲਾਤਾਂ ਨੇ ਮਜ਼ਬੂਰ ਕਰ ਦਿੱਤੇ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਜਿਲ੍ਹਾ ਅੰਮ੍ਰਿਤਸਰ ਅਤੇ ਪੁਲਿਸ ਜਿਲ੍ਹਾ ਮਜੀਠਾ ਅਧੀਨ ਆਉਂਦੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ 1900 ਲੋੜਵੰਦ ਪਰਿਵਾਰਾਂ ਨੂੰ 31 ਟਨ ਸੁੱਕਾ ਰਾਸ਼ਨ ਵੰਡਿਆ ਜਾਵੇਗਾ ਅਤੇ ਇਹ ਸਾਰੀ ਸੇਵਾ ਕਰੋਨਾ ਕਾਰਨ ਪੈਦਾ ਹੋਏ ਹਾਲਾਤ ਠੀਕ ਹੋਣ ਨਿਰੰਤਰ ਜਾਰੀ ਰਹੇਗੀ।
ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੀ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਸਲਾਹਕਾਰ ਸੁਖਦੀਪ ਸਿੱਧੂ,ਜਨਰਲ ਸਕੱਤਰ ਮਨਪ੍ਰੀਤ ਸੰਧੂ,ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਵਿੱਤ ਸਕੱਤਰ ਨਵਜੀਤ ਸਿੰਘ ਘਈ, ਅਮਰਜੀਤ ਸਿੰਘ ਸੰਧੂ,ਪ੍ਰਦੀਪ ਸਿੰਘ ਥਿੰਦ ਸਮੇਤ ਬਾਕੀ ਮੈਂਬਰ ਵੀ ਮੌਜੂਦ ਸਨ।


Share