ਹੁਣ ਜ਼ਹਿਰੀਲੀ ਸ਼ਰਾਬ ਕਾਰਨ ਉੱਜੜੇ ਘਰਾਂ ਦੀ ਸਾਰ ਲੈਣਗੇ ਡਾ.ਓਬਰਾਏ

655
ਜਾਣਕਾਰੀ ਦਿੰਦੇ ਹੋਏ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ।
Share

ਜ਼ਹਿਰੀਲੀ ਸ਼ਰਾਬ ਕਾਰਨ ਵਿਧਵਾ ਹੋਈਆਂ ਔਰਤਾਂ ਨੂੰ ਪੈਨਸ਼ਨ ਦੇਵਾਂਗੇ : ਡਾ.ਓਬਰਾਏ

ਅੰਮ੍ਰਿਤਸਰ,ਤਰਨ ਤਾਰਨ ਤੇ ਗੁਰਦਾਸਪੁਰ ਜਿਲ੍ਹਿਆਂ ਅੰਦਰ ਟਰੱਸਟ ਟੀਮਾਂ ਵੱਲੋਂ ਸਰਵੇਖਣ ਜਾਰੀ

ਅੰਮ੍ਰਿਤਸਰ, 6 ਅਗਸਤ (ਪੰਜਾਬ ਮੇਲ)-  ਪੰਜਾਬ ਅੰਦਰ ਬੀਤੇ ਦਿਨੀਂ ਦਿਲ ਦਹਿਲਾਉਣ ਤੇ ਹਰੇਕ ਪੰਜਾਬੀ ਨੂੰ ਸੋਚਣ ਲਈ ਮਜਬੂਰ ਕਰਨ ਵਾਲੀ ਵਾਪਰੀ ਵੱਡੀ ਘਟਨਾ,ਜਿਸ ਦੌਰਾਨ ਪੈਸੇ ਦੇ ਲਾਲਚੀ ਲੋਕਾਂ ਦੀ ਘੋਰ ਗ਼ਲਤੀ ਦੀ ਬਦੌਲਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਗਰੀਬ ਤਬਕੇ ਨਾਲ ਸਬੰਧਤ 111 ਵਿਅਕਤੀ ਮੌਤ ਦੀ ਡੂੰਘੀ ਨੀਂਦੇ ਸੌਂ ਗਏ ਸਨ। ਉਨ੍ਹਾਂ ਲੋਕਾਂ ਦੇ ਬੇਕਸੂਰ ਤੇ ਬੇਵੱਸ ਪਰਿਵਾਰਾਂ ਦੀ ਸਾਰ ਲੈੰਦਿਆਂ ਇੱਕ ਵਾਰ ਮੁੜ ਵੱਡੀ ਪਹਿਲਕਦਮੀ ਕਰਦਿਆਂ ਆਪਣੇ ਵੱਡੇ ਜਿਗਰੇ ਸਦਕਾ ਪੂਰੀ ਦੁਨੀਆਂ ਅੰਦਰ ਜਾਣੇ ਜਾਂਦੇ ਦੁਬਈ ਦੇ ਨਾਮਵਰ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਇਸ ਘਟਨਾ ਦੌਰਾਨ ਆਪਣੇ ਪੁੱਤ ਜਾਂ ਸੁਹਾਗ ਗਵਾ ਚੁੱਕੀਆਂ ਬਦਕਿਸਮਤ ਔਰਤਾਂ ਨੂੰ ਮਹੀਨਾਵਾਰ ਪੈਨਸ਼ਨ ਦੇਣ ਦਾ ਫ਼ੈਸਲਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀਆਂ ਅੰਮ੍ਰਿਤਸਰ,ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਨਾਲ ਸੰਬੰਧਿਤ ਟੀਮਾਂ ਰਾਹੀਂ ਉਨ੍ਹਾਂ ਦੇ ਧਿਆਨ ‘ਚ ਆਇਆ ਹੈ,ਉਕਤ ਜ਼ਿਲ੍ਹਿਆਂ ‘ਚ  ਜ਼ਹਿਰੀਲੀ ਸ਼ਰਾਬ ਨਾਲ ਆਪਣੀ ਜਾਨ ਗਵਾਉਣ ਵਾਲੇ ਬਹੁਤੇ ਵਿਅਕਤੀ ਦਿਹਾੜੀਦਾਰ ਗਰੀਬ ਮਜ਼ਦੂਰ ਸਨ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰਾਂ ‘ਚ ਬਹੁਤ ਸਾਰੇ ਅਜਿਹੇ ਪਰਿਵਾਰ ਵੀ ਹਨ,ਜਿਨ੍ਹਾਂ ਦਾ  ਕਮਾਉਣ ਵਾਲਾ ਇਕਲੌਤਾ ਮੈਂਬਰ ਹੀ ਇਸ ਜ਼ਹਿਰੀਲੀ ਸ਼ਰਾਬ ਦੀ ਭੇਂਟ ਚੜ੍ਹ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਵੇਖਦਿਆਂ ਹੋਇਆਂ ਸਰਬੱਤ ਦਾ ਭਲਾ ਟਰੱਸਟ ਨੇ ਇਹ ਫ਼ੈਸਲਾ ਕੀਤਾ ਹੈ ਕਿ ਇਸ ਘਟਨਾ ‘ਚ ਆਪਣੇ ਪੁੱਤ ਜਾਂ ਸੁਹਾਗ ਗਵਾ ਚੁੱਕੀਆਂ ਬਦਕਿਸਮਤ ਔਰਤਾਂ ਨੂੰ ਘਰ ਦੇ ਗੁਜ਼ਾਰੇ ਲਈ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ।


Share