ਹੁਣ ਪੰਜਾਬ ਵਿਚ ਨਕਲੀ ਸ਼ਰਾਬ ਨੇ ਵਰਤਾਇਆ ਕਹਿਰ

783
Share

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444

ਪੰਜਾਬ ਦੇ ਮਾਝਾ ਖੇਤਰ ‘ਚ ਪੈਂਦੇ ਤਿੰਨ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ ਅਤੇ ਬਟਾਲਾ ਅੰਦਰ ਹੁਣ ਨਕਲੀ ਸ਼ਰਾਬ ਨੇ ਕਹਿਰ ਵਰਤਾਇਆ ਹੈ। ਇਸ ਤ੍ਰਾਸਦੀ ਵਿਚ ਸਵਾ ਸੌ ਦੇ ਕਰੀਬ ਉਹ ਲੋਕ ਮਾਰੇ ਗਏ ਹਨ, ਜੋ ਪਹਿਲਾਂ ਹੀ ਤੰਗੀਆਂ-ਤੁਰਸ਼ੀਆਂ ਦਾ ਸ਼ਿਕਾਰ ਸਨ ਅਤੇ ਦਿਹਾੜੀ-ਦੱਪਾ ਕਰਕੇ ਪਰਿਵਾਰਾਂ ਦਾ ਡੰਗ ਟਪਾ ਰਹੇ ਸਨ। ਪੰਜਾਬ ‘ਚ ਵਾਪਰਿਆ ਇਹ ਕੋਈ ਪਹਿਲਾ ਕਹਿਰ ਨਹੀਂ। ਇਸ ਤੋਂ ਪਹਿਲਾਂ 10-15 ਸਾਲ ਸਮੈਕ ਅਤੇ ਚਿੱਟੇ ਵਰਗੇ ਸਿੰਥੈਟਿਕ ਨਸ਼ੇ ਹਜ਼ਾਰਾਂ ਪੰਜਾਬੀ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਿਗਲ ਚੁੱਕੇ ਹਨ। ਲੋਕਾਂ ਨੇ ਨਸ਼ਿਆਂ ਦੇ ਇਸ ਵਹਿਣ ਨੂੰ ਵਗਾਉਣ ਵਾਲੇ ਸਿਆਸਤਦਾਨਾਂ ਨੂੰ 2014 ਦੀਆਂ ਲੋਕ ਸਭਾ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਸਮਝ ਮੁਤਾਬਕ ਚੰਗਾ ਸਬਕ ਸਿਖਾਇਆ ਸੀ। ਪਰ 2017 ਦੀ ਚੋਣ ਵਿਚ ਚਾਰ ਹਫਤਿਆਂ ਅੰਦਰ ਨਸ਼ਿਆਂ ਦੇ ਖਾਤਮੇ ਦੀ ਗੁਟਕਾ ਸਾਹਿਬ ਚੁੱਕ ਕੇ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਸੀ। ਉਨ੍ਹਾਂ ਦੇ ਇਸ ਵਾਅਦੇ ਅਤੇ ਦਿਲਾਸੇ ਵਿਚ ਆ ਕੇ ਲੋਕਾਂ ਨੇ ਵੋਟਾਂ ਦਾ ਹੜ੍ਹ ਉਸ ਵੱਲ ਵਗਾ ਦਿੱਤਾ ਸੀ। ਪਰ ਆਮ ਲੋਕਾਂ ਨੂੰ ਕੀ ਪਤਾ ਸੀ ਕਿ ਸਿਆਸਤਦਾਨ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕਿਸੇ ਵੀ ਪੱਧਰ ਉੱਤੇ ਨਾ ਤਾ ਚਿੰਤਾਵਾਨ ਹਨ ਅਤੇ ਨਾ ਹੀ ਉਨ੍ਹਾਂ ਦੀ ਅਜਿਹੀ ਕੋਈ ਨੀਯਤ ਹੈ, ਸਗੋਂ ਉਹ ਤਾਂ ਲੋਕਾਂ ਨੂੰ ਭਾਵੁਕ ਕਰਕੇ ਵੋਟਾਂ ਬਟੋਰਨ ਦੇ ਆਹਰ ਵਿਚ ਹੀ ਲੱਗੇ ਹੋਏ ਹਨ। ਹੋਇਆ ਵੀ ਅਜਿਹਾ ਹੀ। ਚਾਰ ਹਫਤਿਆਂ ਤਾਂ ਕੀ, ਚਾਰ ਸਾਲਾਂ ਤੱਕ ਵੀ ਕੈਪਟਨ ਸਰਕਾਰ ਨੇ ਕਿਸੇ ਵੱਡੇ ਸਮੱਗਲਰ ਜਾਂ ਇਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਸਿਆਸਤਦਾਨਾਂ ਵੱਲ ਅੱਖ ਭਰ ਕੇ ਨਹੀਂ ਦੇਖਿਆ। ਕਰੋਨਾ ਆਫਤ ਦਰਮਿਆਨ ਪਹਿਲਾਂ ਪੰਜਾਬ ਦੀਆਂ ਸ਼ਰਾਬ ਫੈਕਟਰੀਆਂ ਵਿਚੋਂ ਵੱਡੇ ਪੱਧਰ ਉੱਤੇ ਨਾਜਾਇਜ਼ ਸ਼ਰਾਬ ਵੇਚੇ ਜਾਣ ਦਾ ਵੱਡਾ ਸਕੈਂਡਲ ਸਾਹਮਣੇ ਆਇਆ ਸੀ। ਨਾਜਾਇਜ਼ ਸ਼ਰਾਬ ਦੇ ਇਸ ਧੰਦੇ ਨਾਲ ਪੰਜਾਬ ਸਰਕਾਰ ਨੂੰ ਘੱਟੋ-ਘੱਟ ਢਾਈ-ਤਿੰਨ ਹਜ਼ਾਰ ਕਰੋੜ ਦੇ ਮਾਲੀਏ ਦਾ ਚੂਨਾ ਲੱਗਿਆ ਹੈ। ਅਜੇ ਇਹ ਗੱਲ ਠੰਡੀ ਵੀ ਨਹੀਂ ਸੀ ਪਈ ਕਿ ਮਾਝਾ ਖੇਤਰ ਵਿਚ ਨਕਲੀ ਸ਼ਰਾਬ ਵੇਚੇ ਜਾਣ ਦੇ ਧੰਦੇ ਨਾਲ ਸਵਾ ਸੌ ਗਰੀਬ ਲੋਕਾਂ ਦੀਆਂ ਜਾਨਾਂ ਚਲੀਆਂ ਜਾਣ ਦਾ ਮਾਮਲਾ ਸਾਹਮਣੇ ਆ ਗਿਆ ਹੈ। ਮੌਤਾਂ ਤੋਂ ਇਲਾਵਾ ਸੈਂਕੜੇ ਹੋਰ ਲੋਕ ਜਿਊਣ-ਮਰਨ ਦੀ ਜ਼ਿੰਦਗੀ ਨਾਲ ਜੂਝ ਰਹੇ ਹਨ। ਕਈਆਂ ਦੀ ਅੱਖਾਂ ਦੀ ਲੋਅ ਜਾਂਦੀ ਰਹੀ ਹੈ। ਕਈ ਅਪਾਹਜ ਹੋ ਰਹੇ ਹਨ। ਪੰਜਾਬ ਅੰਦਰ ਇੰਨੇ ਵੱਡੇ ਪੱਧਰ ਉੱਤੇ ਨਸ਼ਿਆਂ ਦੇ ਇਹ ਧੰਦੇ ਸਿਆਸਤਦਾਨਾਂ, ਅਫਸਰਸ਼ਾਹੀ ਅਤੇ ਸਰਕਾਰ ਦੇ ਅੱਖੋਂ ਓਹਲੇ ਨਹੀਂ ਹੋ ਸਕਦੇ। ਹੇਠਲੇ ਪੱਧਰ ਉੱਤੇ ਛੋਟੇ-ਛੋਟੇ ਤਸਕਰ, ਪੁਲਿਸ ਅਤੇ ਆਬਕਾਰੀ ਵਿਭਾਗ ਦੇ ਅਫਸਰ ਤੇ ਸਿਆਸਤਦਾਨ ਇਨ੍ਹਾਂ ਧੰਦਿਆਂ ਦੀ ਪੁਸ਼ਤ-ਪਨਾਹੀ ਕਰਦੇ ਹਨ। ਜਦਕਿ ਉਪਰਲੇ ਪੱਧਰ ਉੱਤੇ ਵੱਡੇ ਸਿਆਸਤਦਾਨ, ਅਫਸਰ ਅਤੇ ਸਮੱਗਲਰ ਖੂਬ ਹੱਥ ਰੰਗ ਰਹੇ ਹਨ।
ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਵੀ ਨਸ਼ੀਲੇ ਪਦਾਰਥਾਂ ਦਾ ਧੰਦਾ ਬੜਾ ਜ਼ੋਰ-ਸ਼ੋਰ ਨਾਲ ਚੱਲਦਾ ਰਿਹਾ ਹੈ। ਅਨੇਕਾਂ ਸਿਆਸਤਦਾਨਾਂ ਅਤੇ ਅਫਸਰਾਂ ਉਪਰ ਇਸ ਧੰਦੇ ਵਿਚੋਂ ਮੋਟੀਆਂ ਰਕਮਾਂ ਬਣਾਉਣ ਦੇ ਦੋਸ਼ ਵੀ ਲੱਗਦੇ ਰਹੇ ਹਨ। ਪਰ ਹਮੇਸ਼ਾ ਕੁੱਝ ਛੋਟੇ-ਮੋਟੇ ਤਸਕਰਾਂ ਅਤੇ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸਰਕਾਰ ਵੱਲੋਂ ਨਸ਼ਿਆਂ ਦੀ ਸਪਲਾਈ ਲਾਈਨ ਬੰਦ ਕਰਨ ਅਤੇ ਨਸ਼ਾਖੋਰੀ ਦਾ ਲੱਕ ਤੋੜਨ ਦੇ ਦਮਗੱਜੇ ਮਾਰੇ ਜਾਂਦੇ ਰਹੇ ਹਨ। ਪਰ ਅਜਿਹੇ ਦਮਗੱਜਿਆਂ ਦਾ ਪਾਜ ਕੁੱਝ ਚਿਰ ਬਾਅਦ ਹੀ ਮੁੜ ਖੁੱਲ੍ਹ ਜਾਂਦਾ ਹੈ। ਕੈਪਟਨ ਸਰਕਾਰ ਨੇ ਸ਼ੁਰੂ ਵਿਚ ਹੀ ਸਪੈਸ਼ਲ ਟਾਸਕ ਫੋਰਸ ਬਣਾ ਕੇ ਨਸ਼ਿਆਂ ਖਿਲਾਫ ਮੁਹਿੰਮ ਦਾ ਵੱਡਾ ਵਿਖਾਵਾ ਕੀਤਾ ਸੀ। ਪਰ ਡੇਢ ਕੁ ਸਾਲ ਬਾਅਦ ਸੈਂਕੜੇ ਕੁਇੰਟਲ ਨਸ਼ੀਲੇ ਪਦਾਰਥ ਬਰਾਮਦ ਹੋਣ ਨਾਲ ਇਹ ਸਭ ਦਾਅਵੇ ਝੂਠੇ ਪੈ ਗਏ ਸਨ। ਸ਼ਰਾਬ ਫੈਕਟਰੀਆਂ ਵਿਚੋਂ ਨਾਜਾਇਜ਼ ਸ਼ਰਾਬ ਵੇਚ ਕੇ ਕਰੋੜਾਂ ਰੁਪਏ ਕਮਾਉਣ ਦਾ ਸਕੈਂਡਲ ਸਾਹਮਣੇ ਆਇਆ। ਰਾਜਪੁਰਾ ਅਤੇ ਕੀੜੀ ਅਫਗਾਨਾਂ ਦੀਆਂ ਸ਼ਰਾਬ ਫੈਕਟਰੀਆਂ ਵਿਚੋਂ ਨਾਜਾਇਜ਼ ਸ਼ਰਾਬ ਬਰਾਮਦ ਵੀ ਹੋਈ। ਪਰ ਉਨ੍ਹਾਂ ਦੀ ਵੱਡੇ ਘਰਾਂ ਤੱਕ ਪਹੁੰਚ ਕਾਰਨ ਕਿਸੇ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਰਾਜਪੁਰਾ ਨੇੜਲੀ ਇਕ ਸ਼ਰਾਬ ਫੈਕਟਰੀ ਵਿਚ 22 ਹਜ਼ਾਰ ਤੋਂ ਵਧੇਰੇ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਫੜੀਆਂ ਗਈਆਂ ਸਨ, ਜਿਨ੍ਹਾਂ ਦੀ ਕੀਮਤ 20 ਕਰੋੜ ਤੋਂ ਵਧੇਰੇ ਬਣਦੀ ਹੈ। ਪਰ ਫੈਕਟਰੀ ਮਾਲਕ ਖਿਲਾਫ ਕਿਸੇ ਨੇ ਮੁਕੱਦਮਾ ਵੀ ਦਰਜ ਨਹੀਂ ਕੀਤਾ। ਇਸੇ ਤਰ੍ਹਾਂ ਰਾਜਪੁਰਾ, ਖੰਨਾ ਲਾਗੇ ਘਨੌਰ ਤੇ ਲੁਧਿਆਣਾ ਵਿਚ ਨਕਲੀ ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ ਫੜੀਆਂ ਗਈਆਂ ਸਨ। ਹੁਣ ਇਸ ਵਰਤੇ ਨਵੇਂ ਕਹਿਰ ਵਿਚ ਪਤਾ ਲੱਗਾ ਹੈ ਕਿ ਇਹ ਨਕਲੀ ਸ਼ਰਾਬ, ਸ਼ਰਾਬ ਫੈਕਟਰੀਆਂ ਵਿਚੋਂ ਨਾਜਾਇਜ਼ ਤਰੀਕੇ ਨਾਲ ਬਾਹਰ ਵੇਚੀ ਜਾਂਦੀ ‘ਮਿਥਾਈਲ’ ਰਾਹੀਂ ਬਣਾਈ ਜਾਂਦੀ ਹੈ। ਇਹ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਪਿੰਡਾਂ ਅੰਦਰ ਦੇਸੀ ਸ਼ਰਾਬ ਕੱਢੀ ਜਾਂਦੀ ਸੀ, ਜਿਸ ਉਪਰ ਖਰਚਾ ਵੀ ਹੁੰਦਾ ਸੀ ਤੇ ਰਵਾਇਤੀ ਢੰਗ ਨਾਲ ਕੱਢੀ ਜਾਂਦੀ ਇਹ ਸ਼ਰਾਬ ਪੰਦਰਾਂ-ਵੀਹ ਦਿਨ ਬਾਅਦ ਤਿਆਰ ਹੁੰਦੀ ਸੀ। ਪਿੰਡਾਂ ਅੰਦਰ ਇਸ ਕਿਸਮ ਦੀ ਰਵਾਇਤੀ ਸ਼ਰਾਬ ਬੜੇ ਚਿਰਾਂ ਤੋਂ ਚਲਦੀ ਆ ਰਹੀ ਹੈ ਅਤੇ ਅਜੇ ਵੀ ਪ੍ਰਚਲਿਤ ਹੈ। ਪਰ ਹੁਣ ਮੁਨਾਫੇਖੋਰੀ ਦੇ ਧੰਦੇ ਵਿਚ ਪੈ ਕੇ ਤਸਕਰਾਂ ਨੇ ਨਕਲੀ ਸ਼ਰਾਬ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਜੋ ਕਿ ਕਈ ਵਾਰ ਮਨੁੱਖੀ ਜਾਨਾਂ ਦਾ ਖੌਅ ਵੀ ਬਣ ਜਾਂਦੀ ਹੈ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਰਾਜਪੁਰੇ ਅਤੇ ਮਾਝਾ ਖੇਤਰ ਵਿਚ ਲੱਗੀਆਂ ਸ਼ਰਾਬ ਫੈਕਟਰੀਆਂ ਵਿਚੋਂ ਮਿਥਾਈਲ ਐਲਕੋਹਲ (ਖਾਸ ਕਿਸਮ ਦੀ ਸਪਿਰਿਟ) ਤਸਕਰਾਂ ਰਾਹੀਂ ਪੇਂਡੂ ਖੇਤਰਾਂ ਵਿਚ ਪਹੁੰਚਾਈ ਜਾਂਦੀ ਰਹੀ ਹੈ। ਦੱਸਦੇ ਹਨ ਕਿ ਇਸ ਸਪਿਰਿਟ ਦੇ ਕੁੱਝ ਤੁਪਕੇ ਪਾਣੀ ਵਿਚ ਮਿਲਾਉਣ ਨਾਲ ਝੱਟ ਸ਼ਰਾਬ ਤਿਆਰ ਹੋ ਜਾਂਦੀ ਹੈ। ਇਹ ਨਕਲੀ ਸ਼ਰਾਬ ਬੇਹੱਦ ਸਸਤੀ ਅਤੇ ਤੁਰਤ-ਫੁਰਤ ਤਿਆਰ ਹੋਣ ਕਾਰਨ ਤਸਕਰ ਇਸ ਵਿਚੋਂ ਖੂਬ ਹੱਥ ਰੰਗਣ ਲੱਗੇ। ਗਰੀਬ ਅਤੇ ਦਿਹਾੜੀਦਾਰ ਲੋਕਾਂ ਲਈ ਇਸ ਵੇਲੇ ਪੰਜਾਬ ਵਿਚ ਠੇਕਿਆਂ ਤੋਂ ਸ਼ਰਾਬ ਲੈ ਕੇ ਪੀਣਾ ਮੁਸ਼ਕਿਲ ਹੀ ਨਹੀਂ, ਸਗੋਂ ਅਸੰਭਵ ਹੋ ਗਿਆ ਹੈ। ਕਿਉਂਕਿ ਸਰਕਾਰ ਨੇ ਠੇਕਿਆਂ ਉਪਰ ਸ਼ਰਾਬ ਇੰਨੀ ਮਹਿੰਗੀ ਕਰ ਦਿੱਤੀ ਹੈ ਕਿ ਕੁੱਝ ਸਾਲ ਪਹਿਲਾਂ ਆਮ ਲੋਕਾਂ ਦੇ ਪੀਣ ਵਾਲੀ ਠੇਕੇ ਦੀ ਦੇਸੀ ਸ਼ਰਾਬ ਦੀ ਬੋਤਲ 80 ਰੁਪਏ ਦੇ ਕਰੀਬ ਮਿਲਦੀ ਸੀ। ਪਰ ਹੁਣ ਇਸ ਦੀ ਕੀਮਤ 400 ਦੇ ਕਰੀਬ ਵਧੀ ਹੋਈ ਹੈ। ਇਸ ਤਰ੍ਹਾਂ 300 ਰੁਪਏ ਦੀ ਦਿਹਾੜੀ ਕਰਨ ਵਾਲਾ ਮਜ਼ਦੂਰ ਇਹ ਸ਼ਰਾਬ ਪੀਣ ਦੇ ਸਮਰੱਥ ਹੀ ਨਹੀਂ ਰਹਿ ਗਿਆ ਹੈ। ਇਸੇ ਕਾਰਨ ਗਰੀਬ ਅਤੇ ਦਿਹਾੜੀਦਾਰ ਲੋਕ ਸਸਤੀ ਮਿਲਦੀ ਸ਼ਰਾਬ ਵੱਲ ਮੁੜ ਗਏ। ਮਾਝੇ ਦੇ ਸਾਰੇ ਖੇਤਰ ਵਿਚ ਮਿਥਾਈਲ ਐਲਕੋਹਲ ਦੁਆਰਾ ਤਿਆਰ ਕੀਤੀ ਸ਼ਰਾਬ ਦੇ ਪਲਾਸਟਿਕ ਦੇ ਪਾਊਚ ਮਿਲਦੇ ਸਨ। ਇਨ੍ਹਾਂ ਪਾਊਚਾਂ ਦੀ ਕੀਮਤ 20 ਅਤੇ 30 ਰੁਪਏ ਸੀ। ਜਾਣਕਾਰ ਦੱਸਦੇ ਹਨ ਕਿ ਖਾਸ ਮਿੱਕਦਾਰ ‘ਚ ਵਰਤੀ ਐਲਕੋਹਲ ਮਨੁੱਖੀ ਜ਼ਿੰਦਗੀ ਲਈ ਇਕਦਮ ਵੱਡਾ ਖਤਰਾ ਨਹੀਂ ਬਣਦੀ। ਪਰ ਜੇਕਰ ਕਿਸੇ ਤਰ੍ਹਾਂ ਜਾਂ ਲਾਲਚਵੱਸ ਇਹ ਮਿੱਕਦਾਰ ਵੱਧ ਜਾਵੇ, ਤਾਂ ਮਨੁੱਖੀ ਜਾਨਾਂ ਦੀ ਖੌਅ ਵੀ ਬਣ ਜਾਂਦੀ ਹੈ। ਕਹਿੰਦੇ ਹਨ ਕਿ ਮਾਝਾ ਖੇਤਰ ਵਿਚ ਵਿਕਦੀ ਨਕਲੀ ਸ਼ਰਾਬ ਅੰਦਰ ਮਿਥਾਈਲ ਐਲਕੋਹਲ ਦੀ ਮਾਤਰਾ ਵਧਣ ਨਾਲ ਹੀ ਇਹ ਭਾਣਾਂ ਵਰਤਿਆ ਹੈ। ਬਟਾਲੇ ਤੋਂ ਤਰਨ ਤਾਰਨ ਤੱਕ ਪੂਰੇ ਮਾਝਾ ਖੇਤਰ ਵਿਚ ਇਕੋ ਸਮੇਂ ਭਾਣਾਂ ਵਰਤਣ ਤੋਂ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਇਹ ਗਲਤੀ ਕਿਸੇ ਇਕੱਲੇ-ਕਹਿਰੇ ਨਕਲੀ ਸ਼ਰਾਬ ਵੇਚਣ ਵਾਲੇ ਦੀ ਨਹੀਂ, ਸਗੋਂ ਇਸ ਪੂਰੇ ਖੇਤਰ ਵਿਚ ਕੋਈ ਇਕੋ ਗਿਰੋਹ ਜਾਂ ਗਰੁੱਪ ਹੀ ਕੰਮ ਕਰ ਰਿਹਾ ਹੈ, ਜੋ ਸਾਰੇ ਤਸਕਰਾਂ ਨੂੰ ਮਿਥਾਈਲ ਸਪਲਾਈ ਕਰਦਾ ਹੈ। ਪੁਲਿਸ ਨੇ ਭਾਣਾਂ ਵਾਪਰਨ ਤੋਂ ਬਾਅਦ ਇਕਦਮ ਤੇਜ਼ੀ ਦਿਖਾਉਂਦਿਆਂ ਬਹੁਤ ਸਾਰੇ ਨਕਲੀ ਸ਼ਰਾਬ ਵੇਚਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਵਾਲ ਇਹ ਵੀ ਉੱਠ ਰਿਹਾ ਹੈ ਕਿ ਪੁਲਿਸ ਨੂੰ ਜੇ ਪਹਿਲਾਂ ਚੱਲ ਰਹੇ ਇੱਡੇ ਵੱਡੇ ਧੰਦੇ ਦੀ ਜਾਣਕਾਰੀ ਨਹੀਂ ਸੀ, ਤਾਂ ਇਕੋ ਦਮ ਉਨ੍ਹਾਂ ਨੂੰ ਤਸਕਰਾਂ ਬਾਰੇ ਇਲਮ ਕਿੱਥੋਂ ਹੋ ਗਿਆ ਤੇ ਰਾਤੋ-ਰਾਤ 100 ਤੋਂ ਵਧੇਰੇ ਦੋਸ਼ੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਪਰ ਵੱਡਾ ਸਵਾਲ ਅਜੇ ਵੀ ਖੜ੍ਹਾ ਹੈ ਕਿ ਇਨ੍ਹਾਂ ਤਸਕਰਾਂ ਨੂੰ ਮਿਥਾਈਲ ਸਪਲਾਈ ਕਰਨ ਵਾਲੇ ਲੋਕ ਕੌਣ ਹਨ ਅਤੇ ਇਸ ਤੋਂ ਵੀ ਵੱਡੀ ਗੱਲ ਕਿ ਮਿਥਾਈਲ ਐਲਕੋਹਲ ਪੰਜਾਬ ਦੀਆਂ ਸ਼ਰਾਬ ਫੈਕਟਰੀਆਂ ਵਿਚੋਂ ਬਿਨਾਂ ਇਜਾਜ਼ਤ ਦੇ ਕਿਵੇਂ ਬਾਹਰ ਆ ਰਹੀ ਹੈ। ਜਦ ਤੱਕ ਇਸ ਗੱਲ ਦਾ ਉੱਤਰ ਨਹੀਂ ਮਿਲਦਾ, ਤਦ ਤੱਕ ਇਨਸਾਫ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ। ਵਾਪਰੇ ਇਸ ਵੱਡੇ ਕਾਂਡ ਨਾਲ ਕਾਂਗਰਸ ਦੇ ਅੰਦਰੋਂ ਵੀ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਕਾਂਗਰਸ ਦੇ ਰਾਜ ਸਭਾ ਮੈਂਬਰਾਂ ਅਤੇ ਸਾਬਕਾ ਪ੍ਰਦੇਸ਼ ਪ੍ਰਧਾਨਾਂ ਨੇ ਰਾਜਪਾਲ ਨੂੰ ਮਿਲ ਕੇ ਕੈਪਟਨ ਸਰਕਾਰ ਖਿਲਾਫ ਸਖ਼ਤ ਰੋਸ ਜ਼ਾਹਿਰ ਕੀਤਾ ਹੈ ਅਤੇ ਕੈਪਟਨ ਸਰਕਾਰ ਉਪਰ ਭਰੋਸਾ ਨਾ ਕਰਦਿਆਂ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਸੀ.ਬੀ.ਆਈ. ਤੋਂ ਕਰਵਾਏ ਜਾਣ ਦੀ ਮੰਗ ਕੀਤੀ ਹੈ। ਇਸ ਵੇਲੇ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦਾ ਕੰਮ ਜਲੰਧਰ ਡਿਵੀਜ਼ਨੀ ਕਮਿਸ਼ਨਰ ਨੂੰ ਸੌਂਪਿਆ ਹੈ। ਪਰ ਲੋਕ ਇਸ ਗੱਲ ‘ਤੇ ਹੈਰਾਨ ਹਨ ਕਿ ਇੰਨਾ ਵੱਡਾ ਦੁਖਾਂਤ ਵਾਪਰਿਆ ਹੈ ਪਰ ਨਾ ਮੁੱਖ ਮੰਤਰੀ, ਨਾ ਉਨ੍ਹਾਂ ਦਾ ਕੋਈ ਵਜ਼ੀਰ ਤੇ ਨਾ ਕੋਈ ਵੱਡਾ ਅਫਸਰ ਅਜੇ ਤੱਕ ਮਾਝਾ ਖੇਤਰ ਵਿਚ ਮੌਕੇ ਦਾ ਜਾਇਜ਼ਾ ਲੈਣ ਪੁੱਜਿਆ ਹੈ ਅਤੇ ਨਾ ਹੀ ਕਿਸੇ ਕਾਂਗਰਸੀ ਆਗੂ ਨੇ ਲੋਕਾਂ ਦਾ ਦੁੱਖ ਵੰਡਾਉਣ ਦਾ ਯਤਨ ਹੀ ਕੀਤਾ ਹੈ। ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਮਾਝਾ ਖੇਤਰ ਵਿਚ ਲਗਾਤਾਰ ਵਿਚਰ ਰਹੇ ਹਨ ਅਤੇ ਉਹ ਦੋਸ਼ੀਆਂ ਖਿਲਾਫ ਕਤਲ ਦੇ ਮੁਕੱਦਮੇ ਦਰਜ ਕਰਨ ਦੀ ਮੰਗ ਵੀ ਕਰ ਰਹੇ ਹਨ।
ਵੱਡਾ ਮਾਮਲਾ ਇਹ ਉੱਠਿਆ ਹੈ ਕਿ ਇਸ ਸਾਰੇ ਵਰਤਾਰੇ ‘ਚ ਕਾਂਗਰਸੀ ਵਿਧਾਇਕ ਅਤੇ ਆਗੂ ਵੀ ਸ਼ਾਮਲ ਹਨ ਅਤੇ ਅਫਸਰਸ਼ਾਹੀ ਵੀ ਖੂਬ ਹੱਥ ਰੰਗ ਰਹੀ ਹੈ। ਇਸ ਕਰਕੇ ਪੰਜਾਬ ਵਿਚ ਵਾਪਰ ਰਹੇ ਅਜਿਹੇ ਘਿਨਾਉਣੇ ਕਾਰਿਆਂ ਦੀ ਰੋਕਥਾਮ ਲਈ ਇਸ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਹੋਣੀ ਲਾਜ਼ਮੀ ਹੈ।


Share