ਹੁਣ ਤੱਕ ਵਿਸ਼ਵ ਭਰ ’ਚ ਵੰਡੇ ਗਏ 60 ਫੀਸਦੀ ਕੋਵਿਡ-19 ਟੀਕੇ ਸਿਰਫ 3 ਦੇਸ਼ਾਂ ਨੂੰ ਮਿਲੇ : ਡਬਲਯੂ.ਐੱਚ.ਓ.

490
Share

-2 ਅਰਬ ਟੀਕਿਆਂ ’ਚੋਂ 60 ਫੀਸਦੀ ਟੀਕੇ ਸਿਰਫ ਚੀਨ, ਅਮਰੀਕਾ ਤੇ ਭਾਰਤ ਨੂੰ ਮਿਲੇ
ਸੰਯੁਕਤ ਰਾਸ਼ਟਰ,5 ਜੂਨ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ ਦੇ ਇਕ ਸੀਨੀਅਰ ਸਲਾਹਕਾਰ ਨੇ ਕਿਹਾ ਕਿ ਹੁਣ ਤੱਕ ਵਿਸ਼ਵ ਭਰ ਵਿਚ ਵੰਡੇ ਗਏ ਕੋਵਿਡ-19 ਰੋਕੂ 2 ਅਰਬ ਟੀਕਿਆਂ ਵਿਚੋਂ ਕਰੀਬ 60 ਫ਼ੀਸਦੀ ਟੀਕੇ ਸਿਰਫ਼ 3 ਦੇਸ਼ਾਂ ਚੀਨ, ਅਮਰੀਕਾ ਅਤੇ ਭਾਰਤ ਨੂੰ ਮਿਲੇ ਹਨ। ਡਬਲਯੂ.ਐੱਚ.ਓ. ਡਾਇਰੈਕਟਰ ਜਨਰਲ ਟੇਡਰੋਸ ਅਦਾਨੋਮ ਗੇਬ੍ਰੇਯਸਸਦੇ ਸੀਨੀਅਰ ਸਲਾਹਕਾਰ ਬਰੁਸ ਏਲੀਵਰਡ ਨੇ ਸ਼ੁੱਕਰਵਾਰ ਨੂੰ ਇਕ ਪੱਤਰਕਾਰ ਸੰਮੇਲਨ ’ਚ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ, ‘ਇਸ ਹਫ਼ਤੇ ਸਾਨੂੰ 2 ਅਰਬ ਤੋਂ ਜ਼ਿਆਦਾ ਟੀਕੇ ਮਿਲਣਗੇ…ਅਸੀਂ ਟੀਕਿਆਂ ਦੀ ਸੰਖਿਆ ਅਤੇ ਨਵੇਂ ਕੋਵਿਡ-19 ਰੋਕੂ ਟੀਕਿਆਂ ਦੇ ਲਿਹਾਜ ਨਾਲ 2 ਅਰਬ ਟੀਕਿਆਂ ਦਾ ਅੰਕੜਾ ਪਾਰ ਕਰ ਲਵਾਂਗੇ। ਇਨ੍ਹਾਂ ਨੂੰ 212 ਤੋਂ ਜ਼ਿਆਦਾ ਦੇਸ਼ਾਂ ਵਿਚ ਵੰਡਿਆ ਗਿਆ ਹੈ।’ ਉਨ੍ਹਾਂ ਕਿਹਾ, ‘ਜੇਕਰ ਅਸੀਂ 2 ਅਰਬ ਟੀਕਿਆਂ ਵੱਲ ਦੇਖੀਏ, ਤਾਂ 75 ਫ਼ੀਸਦੀ ਤੋਂ ਜ਼ਿਆਦਾ ਖ਼ੁਰਾਕ ਸਿਰਫ਼ 10 ਦੇਸ਼ਾਂ ਨੂੰ ਮਿਲੀ ਹੈ। ਇੱਥੋਂ ਤੱਕ ਕਿ 60 ਫ਼ੀਸਦੀ ਟੀਕੇ 3 ਦੇਸ਼ਾਂ ਚੀਨ, ਅਮਰੀਕਾ ਅਤੇ ਭਾਰਤ ਨੂੰ ਮਿਲੇ ਹਨ।’
ਏਲੀਵਰਡ ਨੇ ਕਿਹਾ ਕਿ ਕੋਵੈਕਸ ਨੇ ਕੋਵਿਡ-19 ਰੋਕੂ ਟੀਕੇ 127 ਦੇਸ਼ਾਂ ’ਚ ਵੰਡਣ ਅਤੇ ਕਈ ਦੇਸ਼ਾਂ ਵਿਚ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ 2 ਅਰਬ ਟੀਕਿਆਂ ਵਿਚੋਂ ਚੀਨ, ਅਮਰੀਕਾ ਅਤੇ ਭਾਰਤ ਨੂੰ ਮਿਲੀਆਂ 60 ਫ਼ੀਸਦੀ ਖ਼ੁਰਾਕਾਂ ਨੂੰ ‘ਘਰੇਲੂ ਰੂਪ ਨਾਲ ਖ਼ਰੀਦਿਆਂ ਅਤੇ ਇਸਤੇਮਾਲ ਕੀਤਾ ਗਿਆ।’ ਏਲੀਵਰਡ ਨੇ ਕਿਹਾ ਕਿ ਸਿਰਫ਼ 0.5 ਫ਼ੀਸਦੀ ਟੀਕੇ ਘੱਟ ਆਮਦਨ ਵਾਲੇ ਦੇਸ਼ਾਂ ਨੂੰ ਗਏ, ਜੋ ਦੁਨੀਆਂ ਦੀ ਆਬਾਦੀ ਦਾ 10 ਫ਼ੀਸਦੀ ਹੈ। ਉਨ੍ਹਾਂ ਕਿਹਾ, ‘ਹੁਣ ਸਮੱਸਿਆ ਇਹ ਹੈ ਕਿ ਟੀਕਿਆਂ ਦੀ ਸਪਲਾਈ ’ਚ ਰੁਕਾਵਟ ਆ ਰਹੀ ਹੈ। ਭਾਰਤ ਅਤੇ ਹੋਰ ਦੇਸ਼ਾਂ ਵਿਚ ਸਮੱਸਿਆਵਾਂ ਕਾਰਨ ਰੁਕਾਵਟਾਂ ਹੋ ਰਹੀਆਂ ਹਨ ਅਤੇ ਇਸ ਪਾੜੇ ਨੂੰ ਭਰਨ ਵਿਚ ਮੁਸ਼ਕਲ ਹੋ ਰਹੀ ਹੈ।’
ਉਨ੍ਹਾਂ ਕਿਹਾ, ‘ਸਾਨੂੰ ਉਮੀਦ ਹੈ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਘੱਟ ਤੋਂ ਘੱਟ ਚੌਥੀ ਤਿਮਾਹੀ ਵਿਚ ਫਿਰ ਤੋਂ ਟੀਕਿਆਂ ਦੀ ਸਪਲਾਈ ਸ਼ੁਰੂ ਕਰੇ।’ ਦੁਨੀਆਂ ਦਾ ਸਭ ਤੋਂ ਵੱਡਾ ਟੀਕਾ ਨਿਰਮਾਤਾ ਐੱਸ.ਆਈ.ਆਈ. ਕੋਵੈਕਸ ਨੂੰ ਐਸਟ੍ਰਾਜ਼ੇਨੇਕਾ ਟੀਕਿਆਂ ਦੀ ਸਪਲਾਈ ਕਰਨ ਵਾਲਾ ਅਹਿਮ ਸੰਸਥਾਨ ਹੈ। ਭਾਰਤ ’ਚ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਕਾਰਨ ਕੋਵੈਕਸ ਨੂੰ ਟੀਕਿਆਂ ਦੀ ਸਪਲਾਈ ਕਰਨ ’ਚ ਰੁਕਾਵਟ ਪੈਦਾ ਹੋ ਰਹੀ ਹੈ।

Share