ਹੁਣ ਕਾਂਗਰਸੀਆਂ, ਅਕਾਲੀਆਂ ਅਤੇ ਆਪ ਸਮੇਤ ਸਾਰੀਆਂ ਸਿਆਸੀ ਪਾਰਟੀ ਦੇ ਆਗੂਆਂ ਨੂੰ ਜਨਤਕ ਤੌਰ ਤੇ ਦਲੀਲਾਂ ਪੂਰਵਕ ਤਿੱਖੇ ਸਵਾਲ ਕਰਨਗੇ ਪੰਜਾਬ ਦੇ ਨੌਜਵਾਨ

436
Share

ਕਿਰਤੀ ਕਿਸਾਨ ਯੂਨੀਅਨ ਨੇ ਵਰਕਸ਼ਾਪ ਲਗਾ ਕੇ ਨੌਜਵਾਨਾਂ ਵੱਲੋਂ ਸਿਆਸੀ ਪਾਰਟੀ ਦੇ ਆਗੂਆਂ ਨੂੰ ਪਿੰਡਾਂ ‘ਚ ਆਉਣ ਤੇ ਪੁੱਛੇ ਜਾਣ ਵਾਲੇ ਸਵਾਲ ਨੋਟ ਕਰਵਾਏ
ਸੰਗਰੂਰ, 25 ਅਗਸਤ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)- ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੀ ਸੂਬਾ ਪੱਧਰੀ ਵਿਸਥਾਰੀ ਮੀਟਿੰਗ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਹੋਈ। ਵਰਕਸ਼ਾਪ ਵਿੱਚ ਅਗਲੇ ਇੱਕ ਮਹੀਨੇ ਅੰਦਰ ਯੂਥ ਵਿੰਗ ਦਾ ਵਿਸਥਾਰ ਕਰਕੇ ਜਥੇਬੰਦਕ ਢਾਂਚਾ ਮਜਬੂਤ ਕਰਨ, ਪਿੰਡਾਂ ਅੰਦਰ ਆਉੰਦੇ ਸਿਆਸੀ ਲੀਡਰਾਂ ਨੂੰ ਸਵਾਲ ਕਰਨ ਲਈ ਮੁਹਿੰਮ ਚਲਾਉਣ ਅਤੇ ਆਗੂ ਟੀਮ ਦੀ ਵਿਚਾਰਧਾਰਕ ਸਿਖਲਾਈ ਅਤੇ ਦਿੱਲੀ ਅੰਦੋਲਨ ਨੂੰ ਮਜਬੂਤ ਕਰਨ ਲਈ ਲਗਾਤਾਰ ਸਮੂਲੀਅਤ ਦਾ ਫ਼ੈਸਲਾ ਕੀਤਾ ਗਿਆ।
ਕਿਰਤੀ ਕਿਸਾਨ ਯੂਨੀਅਨ ਨੇ ਅਕਾਲੀਆਂ, ਕਾਂਗਰਸੀਆਂ ਤੇ ਆਪ ਨੂੰ ਪਿੰਡਾਂ ਵਿੱਚ ਆਓੁਣ ਤੇ ਪੁੱਛੇ ਜਾਣ ਵਾਲੇ ਸਵਾਲ ਸਾਰੇ ਕਾਰਕੁੰਨਾਂ ਨੂੰ ਨੋਟ ਕਰਵਾਏ ਤੇ ਇਹਨਾਂ ਸਵਾਲਾਂ ਤੋ ਲੋਕਾਂ ਨੂੰ ਜਾਣੂੰ ਕਰਵਾਉਣ ਦਾ ਫ਼ੈਸਲਾ ਕੀਤਾ। ਜਥੇਬੰਦੀ ਨੇ ਕਾਂਗਰਸੀਆਂ ਤੋ ਸਮੁੱਚੀ ਕਿਸਾਨੀ ਦਾ ਕਰਜਾ ਮੁਆਫ਼ ਕਰਨ, ਘਰ-ਘਰ ਨੌਕਰੀ ਦੇਣ, ਨਸ਼ਾ ਖਤਮ ਕਰਨ ਦੇ ਵਾਅਦੇ ਪੂਰੇ ਨਾ ਹੋਣ ਦੇ ਸਵਾਲ ਪੁੱਛੇ ਜਾਣ। ਅਕਾਲੀਆਂ ਤੋਂ ਮੋਦੀ ਹਕੂਮਤ ਵੱਲੋ ਲਿਆਂਦੇ ਖੇਤੀ ਆਰਡੀਨੈਂਸਾਂ ਦੀ ਪਹਿਲਾਂ ਹਮਾਇਤ ਕਰਨ ਤੇ ਸੁਪਰੀਮ ਕੋਰਟ ਵਿੱਚ ਮੋਦੀ ਹਕੂਮਤ ਵੱਲੋ ਸਵਾਮੀਨਾਥਨ ਕਮਿਸ਼ਨ ਵੱਲੋ ਤਹਿ ਫਾਰਮੂਲੇ ਤਹਿਤ ਫ਼ਸਲਾਂ ਦਾ ਰੇਟ ਨਾ ਤਹਿ ਕਰਨ ਤੋ ਜਵਾਬ ਦੇਣ ਮੌਕੇ ਅਕਾਲੀਆਂ ਦਾ ਚੁੱਪ ਰਹਿਣ, ਅਕਾਲੀਆਂ ਦੀ ਸੱਤਾ ਮੌਕੇ ਪੰਜਾਬ ਵਿੱਚ ਚਿੱਟੇ ਸਮੇਤ ਹੋਰ ਨਸ਼ੇ ਕਿਓ ਵਧੇ? ਇਹ ਸਵਾਲ ਪੁੱਛੇ ਜਾਣ ਤੇ ਆਮ ਆਦਮੀ ਪਾਰਟੀ ਤੋਂ ਸਭ ਤੋ ਪਹਿਲਾਂ ਖੇਤੀ ਕਾਨੂੰਨ ਲਾਗੂ ਕਰਨ ਲਈ ਦਿੱਲੀ ਵਿੱਚ ਕੀਤੇ ਨੋਟੀਫਿਕੇਸ਼ਨ, ਏਪੀਐਮਸੀ ਮੰਡੀਆਂ ਖਤਮ ਕਰਨਾ ਮੈਨੀਫੈਸਟੋ ਚ ਕਿਉਂ ਦਰਜ ਕੀਤਾ ਨਾਲ ਸਬੰਧਤ ਸਵਾਲ ਕੀਤੇ ਜਾਣ।
ਆਗੂਆਂ ਕਿਹਾ ਕੇ ਖੇਤੀ ਕਾਨੂੰਨ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਹੈ।ਅਕਾਲੀ ਤੇ ਆਪ ਮੋਦੀ ਹਕੂਮਤ ਦੀ ਸੂਬਿਆਂ ਤੋ ਅਧਿਕਾਰ ਖੋਹਣ ਦੀ ਨੀਤੀ ਦੇ ਸਮਰਥਕ ਨੇ ਜਿਸ ਕਰਕੇ ਕਸ਼ਮੀਰ ਚੋਂ 370 ਧਾਰਾ ਖਤਮ ਕਰਨ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕੇ ਲੋਕਾਂ ਦੀਆਂ ਸਿਹਤ, ਸਿੱਖਿਆ, ਰੁਜਗਾਰ, ਬਿਜਲੀ, ਪਾਣੀ ਵਰਗੀਆਂ ਸਹੂਲਤਾਂ ਪਹੁੰਚ ਤੋਂ ਦੂਰ ਹੋਣ ਵਿੱਚ ਨਿੱਜੀਕਰਨ ਦੀਆਂ ਨੀਤੀਆਂ ਜਿੰਮੇਵਾਰ ਹਨ ਤੇ ਇਹਨਾਂ ਨੀਤੀਆਂ ਦੀਆਂ ਸਮਰਥਕ ਸਾਰੀਆਂ ਪਾਰਟੀਆਂ ਨੇ ਤੇ ਇਸੇ ਨੀਤੀ ਤਹਿਤ ਹੀ ਕਾਰਪੋਰੇਟ ਨੂੰ ਖੇਤੀ ਖੇਤਰ ਚ ਲਿਆਂਦਾ ਜਾ ਰਿਹਾ ਹੈ। ਇਸ ਸਵਾਲ ਸਾਰੀਆਂ ਪਾਰਟੀਆਂ ਨੂੰ ਪੁੱਛਿਆ ਜਾਵੇਗਾ ਕੀ ਓੁਹ ਨਿੱਜੀਕਰਨ ਦੀ ਨੀਤੀ ਬੰਦ ਕਰਨ ਤੇ ਕਾਰਪੋਰੇਟ ਤੋ ਸਾਰਾ ਬਿਜਨਸ ਖੋਹਣ ਤੇ ਵਿਦੇਸ਼ੀ ਕੰਪਨੀਆਂ ਨੂੰ ਮੁਲਕ ਚੋ ਬਾਹਰ ਕੱਢਣਗੇ? ਉਨ੍ਹਾਂ ਕਿਹਾ ਕੇ ਜਦ ਤੱਕ ਦਿੱਲੀ ਮੋਰਚਾ ਤਦ ਤਕ ਚੋਣਾਂ ਨਹੀ ਦਾ ਨਾਹਰਾ ਵੀ ਬੁਲੰਦ ਕੀਤਾ ਜਾਵੇਗਾ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਯੂਥ ਵਿੰਗ ਦੇ ਸੂਬਾ ਆਗੂ ਤਰਪ੍ਰੀਤ ਉੱਪਲ, ਜਸਦੀਪ ਸਿੰਘ ਬਹਾਦਰਪੁਰ, ਸੁਖਦੇਵ ਸਿੰਘ ਸਹਿੰਸਰਾ, ਬਲਕਰਨ ਵੈਰੋਕੇ ਅਤੇ ਗੁਰਜੋਤ ਡੋਡ ਨੇ ਦੱਸਿਆ ਕਿ ਕਿਸਾਨ ਅੰਦੋਲਨ ਨੇ ਨੌਜਵਾਨਾਂ ਚ ਆਪਣੇ ਹੱਕਾਂ ਲਈ ਲੜਨ ਦੀ ਚੇਤਨਾ ਪੈਦਾ ਕੀਤੀ ਹੈ। ਪਹਿਲਾਂ ਸਿਆਸੀ ਆਗੂ ਆਪਣੇ ਵਿਰੋਧੀਆਂ ਖਿਲਾਫ਼, ਆਪਣੇ ਨਜਾਇਜ ਕਾਰੋਬਾਰ ਚਲਾਉਣ ਲਈ ਅਤੇ ਵੋਟਾਂ ਵੇਲੇ ਨੌਜਵਾਨ ਪੀੜ੍ਹੀ ਨੂੰ ਵਰਗਲਾ ਕੇ ਆਪਣੇ ਹਿੱਤਾਂ ਲਈ ਵਰਤਦੇ ਸਨ। ਮੌਜੂਦਾ ਸਮੇਂ ਨੌਜਵਾਨ ਸਿਆਸੀ ਲੋਕਾਂ ਦੀਆਂ ਇਨ੍ਹਾਂ ਚਾਲਾਂ ਨੂੰ ਸਮਝ ਚੁੱਕੇ ਹਨ ਤੇ ਹੁਣ ਨੌਜਵਾਨ ਦਿਲੀ ਅੰਦੋਲਨ ਨੂੰ ਮਜ਼ਬੂਤ ਕਰਨ ਅਤੇ ਪਿੰਡਾਂ ਚ ਆਉਣ ਤੇ ਇਨ੍ਹਾਂ ਸਿਆਸੀ ਲੀਡਰਾਂ ਨੂੰ ਕੀ ਸਵਾਲ ਕਰਨੇ ਨੇ ਇਹੀ ਵਿਉਂਤਬੰਦੀ ਬਣਾ ਰਹੇ ਨੇ ਅਤੇ ਪਿੰਡ ਪਿੰਡ ਕਮੇਟੀਆਂ ਬਣਾ ਕੇ ਨੌਜਵਾਨ ਯੂਥ ਵਿੰਗ ਦੀ ਅਗਵਾਈ ਹੇਠ ਇਕੱਠੇ ਹੋ ਰਹੇ ਹਨ। ਅੱਜ ਦੀ ਵਰਕਸਾਪ ਵਿੱਚ ਇਨ੍ਹਾਂ ਗੱਲਾਂ ਤੇ ਹੀ ਚਰਚਾ ਕੀਤੀ ਗਈ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਮੌਜੂਦਾ ਰਾਜਨੀਤਿਕ ਹਾਲਾਤਾਂ ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਕਿਸ ਤਰਾਂ ਸਾਮਰਾਜੀ ਤਾਕਤਾਂ ਸਾਡੇ ਕੁਦਰਤੀ ਸਾਧਨਾਂਆਤੇ ਅਨਾਜ ਤੇ ਕਬਜਾ ਕਰਕੇ ਸਾਡੀ ਲੁੱਟ ਕਰਨਾ ਚਾਹੁੰਦੀਆਂ ਹਨ ਤੇ ਲੋਕਾਂ ਦੇ ਵਿਸ਼ਾਲ ਸੰਘਰਸ਼ ਨਾਲ ਹੀ ਇਨ੍ਹਾਂ ਨੂੰ ਹਰਾਇਆ ਜਾ ਸਕਦਾ ਹੈ। ਅੰਤ ‘ਚ ਸਾਰੇ ਨੌਜਵਾਨਾਂ ਨੇ ਪੂਰੀ ਤਨਦੇਹੀ ਨਾਲ ਕਿਸਾਨ ਅੰਦੋਲਨ ਚ ਡਟਣ ਅਤੇ ਪਿੰਡਾਂ ਚ ਆਉਣ ਵਾਲੇ ਸਿਆਸੀ ਲੀਡਰਾਂ ਦੇ ਡਟਵੇਂ ਵਿਰੋਧ ਦਾ ਪ੍ਰਣ ਕੀਤਾ। ਇਸ ਮੌਕੇ ਯੂਥ ਆਗੂ ਮਨੋਹਰ ਝੋਰੜਾਂ, ਗੁਰਵਿੰਦਰ ਦੇਧਨਾ, ਜਗਪ੍ਰੀਤ ਕੋੋਟਲਾ ਗੁੱਜਰਾਂ, ਜਸਮੇਲ ਸਿੰਘ ਗੋਰਾ ਵੀ ਹਾਜਰ ਸਨ।

Share