ਹੁਣ ਅਮਰੀਕਾ ਆਉਣ ਲਈ ਨੈਗੇਟਿਵ ਕੋਵਿਡ ਟੈਸਟ ਦਿਖਾਉਣਾ ਹੋਇਆ ਲਾਜ਼ਮੀ

438
Share

ਸੈਕਰਾਮੈਂਟੋ, 13 ਜਨਵਰੀ (ਪੰਜਾਬ ਮੇਲ)- ਅਮਰੀਕਾ ਦੀ ਸੀ.ਡੀ.ਸੀ. ਨੇ ਇਕ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਹੁਣ ਅਮਰੀਕਾ ਆਉਣ ਵਾਲੇ ਹਰ ਯਾਤਰੀ ਲਈ ਕੋਵਿਡ-19 ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਇਹ ਟੈਸਟ ਯਾਤਰੀ ਨੂੰ ਜਹਾਜ਼ ਚੜ੍ਹਨ ਤੋਂ 72 ਘੰਟੇ ਪਹਿਲਾਂ ਕਰਵਾਉਣਾ ਹੋਵੇਗਾ। ਫਿਰ ਹੀ ਉਹ ਅਮਰੀਕਾ ’ਚ ਦਾਖਲ ਹੋ ਸਕਣਗੇ। ਅਮਰੀਕਾ ਲਈ ਜਹਾਜ਼ ਚੜ੍ਹਨ ਤੋਂ ਪਹਿਲਾਂ ਯਾਤਰੀ ਨੂੰ ਏਅਰਪੋਰਟ ’ਤੇ ਕੋਵਿਡ-19 ਦਾ ਨੈਗੇਟਿਵ ਟੈਸਟ ਦਿਖਾਉਣਾ ਲਾਜ਼ਮੀ ਹੋਵੇਗਾ।
ਸੀ.ਡੀ.ਸੀ. ਦੇ ਡਾਇਰੈਕਟਰ ਰੌਬਰਟ ਰੈੱਡਫੀਲਡ ਨੇ ਮੰਗਲਵਾਰ ਨੂੰ ਇਸ ਹੁਕਮ ’ਤੇ ਦਸਤਖਤ ਕੀਤੇ, ਜੋ 26 ਜਨਵਰੀ, 2021 ਤੋਂ ਲਾਗੂ ਹੋ ਜਾਵੇਗਾ। ਡਾ. ਰੈੱਡਫੀਲਡ ਨੇ ਕਿਹਾ ਕਿ ਅਮਰੀਕਾ ਵਿਚ ਕੋਰੋਨਾਵਾਇਰਸ ਕਾਫੀ ਫੈਲ ਚੁੱਕਾ ਹੈ, ਜਿਸ ਕਰਕੇ ਇਸ ਉਪਰ ਕਾਬੂ ਕਰਨਾ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਕਰੋਨਾ ’ਤੇ ਕੁੱਝ ਕਾਬੂ ਪਾਇਆ ਜਾ ਸਕਦਾ ਹੈ।
ਇਸ ਹੁਕਮ ਅਨੁਸਾਰ ਜੇ ਅਮਰੀਕਾ ਆਉਣ ਵਾਲਾ ਯਾਤਰੀ ਜਹਾਜ਼ ਚੜ੍ਹਨ ਤੋਂ ਪਹਿਲਾਂ ਆਪਣਾ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਨਹੀਂ ਦਿਖਾਉਂਦਾ, ਤਾਂ ਉਸ ਨੂੰ ਜਹਾਜ਼ ਨਹੀਂ ਚੜ੍ਹਨ ਦਿੱਤਾ ਜਾਵੇਗਾ। ਯਾਤਰੀ ਦੇ ਅਮਰੀਕਾ ਪਹੁੰਚਣ ’ਤੇ ਵੀ ਟੈਸਟ ਦੀ ਨੈਗੇਟਿਵ ਰਿਪੋਰਟ ਚੈੱਕ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਨ੍ਹਾਂ ਦਿਨਾਂ ਵਿਚ ਬਹੁਤ ਸਾਰੇ ਪ੍ਰਵਾਸੀ ਭਾਰਤੀ ਆਪਣੇ ਮੁਲਕ ਗਏ ਹੋਏ ਹਨ ਤੇ ਵਾਪਸ ਆਉਣ ਵੇਲੇ ਉਨ੍ਹਾਂ ਨੂੰ ਵੀ ਉਥੋਂ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਲੈਣੀ ਪਵੇਗੀ, ਤਾਂ ਹੀ ਉਹ ਅਮਰੀਕਾ ਵਾਪਸ ਆ ਸਕਦੇ ਹਨ।


Share