ਹਿੰਦੂ ਭਾਈਚਾਰੇ ਵੱਲੋਂ ਭਗਵਾਨ ਗਣੇਸ਼ ਦੀ ਫੋਟੋ ਹੇਠਾਂ ਅਣਉਚਿਤ ਭਾਸ਼ਾ ਵਰਤਣ ਵਿਰੁੱਧ ਰੋਸ ਪ੍ਰਦਰਸ਼ਨ

272
Share

ਸਰੀ, 7 ਫਰਵਰੀ (ਹਰਦਮ ਮਾਨ/ਪੰਜਾਬ ਮੇਲ)-ਵੈਦਿਕ ਹਿੰਦੂ ਕਲਚਰਲ ਸੁਸਾਇਟੀ ਦੀ ਅਗਵਾਈ ਹੇਠ ਸੈਂਕੜੇ ਲੋਕਾਂ ਨੇ ਸਰੀ ਦੇ ਲਕਸ਼ਮੀ ਨਰਾਇਣ ਮੰਦਿਰ ਵਿੱਚ ਇਕੱਠੇ ਹੋ ਕੇ ਬੀ.ਸੀ. ਵਿੱਚ ਇੱਕ ਹਿੰਦੂ ਦੇਵਤੇ ਦੀ ਅਪਮਾਨਜਨਕ ਵਰਤੋਂ ਕਰਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਕੰਪਨੀ, ਬਿਗ ਡੀ-ਕੇ ਐਨਰਜੀ ਕੋਚਿੰਗ ਵੱਲੋਂ ਭਗਵਾਨ ਗਣੇਸ਼ ਦੀ ਫੋਟੋ ਦੇ ਹੇਠਾਂ ਅਣਉਚਿਤ ਭਾਸ਼ਾ ਦੀ ਵਰਤੋਂ ਕਰਨ ਦਾ ਦੋਸ਼ ਲਾਇਆ। ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ਵਿਚ ਬੈਨਰ, ਮਾਟੋ ਫੜ੍ਹ ਕੇ ਲਕਸ਼ਮੀ ਨਰਾਇਣ ਮੰਦਰ ਤੋਂ ਕਿੰਗ ਜਾਰਜ ਬੁਲੇਵਾਰਡ ਅਤੇ 88 ਐਵੇਨਿਊ ਦੇ ਕੋਨੇ ਤੱਕ ਮਾਰਚ ਵੀ ਕੀਤਾ।
ਇਸ ਮੌਕੇ ਬੋਲਦਿਆਂ ਪ੍ਰਬੰਧਕੀ ਕਮੇਟੀ ਦੇ ਬੁਲਾਰੇ ਤਰਨਾ ਐਮ. ਕੌਰ ਨੇ ਕਿਹਾ ਕਿ ਕਿਸੇ ਭਾਈਚਾਰੇ ਦੇ ਵਿਸ਼ਵਾਸ ਨੂੰ ਸਿਰਫ਼ ਆਪਣੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਨਹੀਂ ਵਰਤਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਦੱਖਣੀ ਏਸ਼ੀਆਈ ਭਾਈਚਾਰੇ ਦੇ ਕਈ ਮੈਂਬਰਾਂ ਨੇ ਉਸ ਕੰਪਨੀ ਦੇ ਮਾਲਕ ਕੋਲ ਪਹੁੰਚ ਕੀਤੀ ਹੈ ਅਤੇ ਉਸ ਨੇ ਦੇਵਤੇ ਦੀ ਤਸਵੀਰ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਲੋਗੋ ਤੋਂ ਚਿੱਤਰ ਨੂੰ ਹਟਾਉਣ ਲਈ ਇੱਕ ਔਨਲਾਈਨ ਪਟੀਸ਼ਨ ਸ਼ੁਰੂ ਕੀਤੀ ਹੈ, ਜਿਸ ‘ਤੇ ਹੁਣ ਤੱਕ 2,500 ਤੋਂ ਵੱਧ ਦਸਤਖਤ ਹੋ ਚੁੱਕੇ ਹਨ।
ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਕਿਹਾ ਕਿ ਭਾਈਚਾਰਾ ਕੰਪਨੀ ਦੇ ਮਾਲਕ ਨੂੰ ਲੋਗੋ ਤੋਂ ਗਣੇਸ਼ ਦੀ ਤਸਵੀਰ ਹਟਾਉਣ ਲਈ ਕਹਿ ਰਿਹਾ ਹੈ। ਸਰੀ ਦੇ ਸੰਸਦ ਮੈਂਬਰ ਰਣਦੀਪ ਸਰਾਏ ਅਤੇ ਸੁੱਖ ਧਾਲੀਵਾਲ ਨੇ ਲੋਗੋ ਤੋਂ ਚਿੱਤਰ ਨੂੰ ਹਟਾਉਣ ਦਾ ਸਮਰਥਨ ਕੀਤਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਹੋਰ ਸਿਆਸਤਦਾਨ ਵੀ ਜਨਤਕ ਤੌਰ ‘ਤੇ ਦੇਵਤੇ ਦੇ ਚਿੱਤਰ ਦੀ ਵਰਤੋਂ ਦੀ ਨਿੰਦਾ ਕਰਨਗੇ।
ਹਿੰਦੂ ਭਾਈਚਾਰੇ ਦੇ ਮੈਂਬਰਾਂ ਨੇ ਆਰਸੀਐਮਪੀ ਨਾਲ ਸੰਪਰਕ ਕੀਤਾ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿਚ ਕੁਝ ਨਹੀਂ ਕਰ ਸਕਦੇ। ਤਰਨਾ ਐਮ. ਕੌਰ ਨੇ ਇਹ ਵੀ ਕਿਹਾ ਕਿ ਸਾਨੂੰ ਕੋਈ ਕਾਰਵਾਈ ਕਰਨੀ ਪਵੇਗੀ ਕਿਉਂਕਿ ਅਸੀਂ ਇਸ ਤਰ੍ਹਾਂ ਦਾ ਨਿਰਾਦਰ ਬਰਦਾਸ਼ਤ ਨਹੀਂ ਕਰ ਸਕਦੇ।


Share