ਹਿਜ਼ਬੁਲ ਮੁਜਾਹਿਦੀਨ ਵੱਲੋਂ ਕੇਂਦਰੀ ਮੰਤਰੀ ਜਤਿੰਦਰ ਸਿੰਘ ਸਣੇ ਜੰਮੂ ਦੇ ਕਈ ਨੇਤਾਵਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ; ਪੁਲਿਸ ਵੱਲੋਂ ਐੱਫ.ਆਈ.ਆਰ. ਦਰਜ

706

ਜੰਮੂ, 13 ਸਤੰਬਰ (ਪੰਜਾਬ ਮੇਲ)- ਹਿਜ਼ਬੁਲ ਮੁਜਾਹਿਦੀਨ ਵੱਲੋਂ ਕੇਂਦਰੀ ਮੰਤਰੀ ਜਤਿੰਦਰ ਸਿੰਘ ਸਮੇਤ ਜੰਮੂ ਖੇਤਰ ਦੇ ਮੁੱਖ ਧਾਰਾ ਦੇ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਨੇ ਐੱਫ.ਆਈ.ਆਰ. ਦਰਜ ਕੀਤੀ ਹੈ। ਅੱਤਵਾਦੀ ਸਮੂਹ ਦੇ ਲੈਟਰ ਪੈਡ ‘ਤੇ ਉਰਦੂ ‘ਚ ਲਿਖਿਆ ਦੋ ਪੰਨਿਆਂ ਵਾਲਾ ਪੱਤਰ ਜੇ.ਕੇ. ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਰਮਨ ਭੱਲਾ ਨੂੰ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਮੁੱਖ ਦਫ਼ਤਰ ਵਿਖੇ ਭੇਜਿਆ ਗਿਆ। ਜੰਮੂ ਦੇ ਸੀਨੀਅਰ ਪੁਲਿਸ ਕਪਤਾਨ ਸ੍ਰੀਧਰ ਪਾਟਿਲ ਨੇ ਦੱਸਿਆ ਕਿ ਕਾਨੂੰਨ ਦੀਆਂ ਕਈ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਸ਼੍ਰੀ ਭੱਲਾ ਨੇ ਕਿਹਾ ਕਿ ਉਹ ਪੱਤਰ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਨੂੰ ਸਾਰੀ ਜਾਣਕਾਰੀ ਦਿੱਤੀ। ਹਿਜ਼ਬੁਲ ਮੁਜਾਹਿਦੀਨ ਦੇ ਅਖੌਤੀ ਕਮਾਂਡਰ ਦੁਆਰਾ ਹਸਤਾਖਰ ਕੀਤੇ ਗਏ ਇਸ ਪੱਤਰ ‘ਚ ਕੇਂਦਰੀ ਮੰਤਰੀ ਜਤਿੰਦਰ ਸਿੰਘ, ਭੱਲਾ, ਜੇ.ਕੇ. ਭਾਜਪਾ ਦੇ ਪ੍ਰਧਾਨ ਰਵਿੰਦਰ ਰੈਣਾ, ਸਾਬਕਾ ਉਪ ਮੁੱਖ ਮੰਤਰੀ ਨਿਰਮਲ ਸਿੰਘ, ਨੈਸ਼ਨਲ ਕਾਨਫਰੰਸ ਦੇ ਸੂਬਾਈ ਪ੍ਰਧਾਨ ਦਵਿੰਦਰ ਸਿੰਘ ਰਾਣਾ, ਡੋਗਰਾ ਸਵੈਭਿਮਾਨ ਸੰਗਠਨ ਦੇ ਨੇਤਾ ਚੌਧਰੀ ਲਾਲ ਸਿੰਘ ਅਤੇ ਨੈਸ਼ਨਲ ਪੈਂਥਰਜ਼ ਪਾਰਟੀ ਦੇ ਚੇਅਰਮੈਨ ਹਰਸ਼ ਦੇਵ ਸਿੰਘ ਤੋਂ ਇਲਾਵਾ ਕਈ ਹੋਰ ਸਾਬਕਾ ਮੰਤਰੀਆਂ, ਵਿਧਾਇਕਾਂ ਅਤੇ ਆਰ.ਐੱਸ.ਐੱਸ. ਦੇ ਕਾਰਕੁਨਾਂ ਸਣੇ 17 ਨੇਤਾਵਾਂ ਦੇ ਨਾਂ ਸ਼ਾਮਲ ਸਨ। ਪੱਤਰ ‘ਚ ਲਿਖਿਆ ਗਿਆ ਹੈ, ”ਅਸੀਂ ਤੁਹਾਨੂੰ ਮੁੱਖਧਾਰਾ ਦੀ ਰਾਜਨੀਤੀ ਤਿਆਗ ਕਰਨ ਦੀ ਚਿਤਾਵਨੀ ਦਿੰਦੇ ਹਾਂ ਅਤੇ ਚਾਹੁੰਦੇ ਹਾਂ ਆਜ਼ਾਦੀ ਦੀ ਲੜਾਈ ਵਿਚ ਸਾਡਾ ਸਾਥ ਦਿੱਤਾ ਜਾਵੇ ਤੇ ਤੁਹਾਡੇ ਖ਼ਿਲਾਫ਼ ਮੌਤ ਦੇ ਵਾਰੰਟ ਜਾਰੀ ਹੋ ਚੁੱਕੇ ਹਨ। ਤੁਹਾਨੂੰ ਸਾਡੇ ਤੋਂ ਕੋਈ ਨਹੀਂ ਬਚਾ ਸਕਦਾ। ਇਸ ‘ਤੇ ਕੰਮ ਸ਼ੁਰੂ ਹੋ ਚੁੱਕਿਆ ਹੈ ਜਿਹੜੇ ਬੰਦੇ ਸੰਸਦ ਤੇ ਲਾਲ ਕਿਲ੍ਹੇ ਹਮਲਾ ਕਰ ਸਕਦੇ ਹਨ, ਉਨ੍ਹਾਂ ਲਈ ਤੁਸੀਂ ਕੁੱਝ ਵੀ ਨਹੀਂ।” ਪੱਤਰ ਵਿਚ ਕਿਹਾ ਗਿਆ ਹੈ, ”ਆਉਣ ਵਾਲੇ ਦਿਨਾਂ ਵਿਚ ਕਸ਼ਮੀਰ ਵਿਚ ਭਾਰਤ ਦਾ ਸਮਰਥਨ ਕਰਨ ਵਾਲਾ ਕੋਈ ਵੀ ਭਾਰਤੀ ਜਾਂ ਸਿਆਸਤਦਾਨ ਜ਼ਿੰਦਾ ਨਹੀਂ ਬਚੇਗਾ। ਜੰਮੂ ਦਾ ਅੱਧਾ ਹਿੱਸਾ ਪਹਿਲਾਂ ਹੀ ਸਾਡੇ ਨਾਲ ਹੈ ਪਰ ਕੁਝ ਸਿਆਸਤਦਾਨ ਅਜਿਹੇ ਹਨ, ਜੋ ਸਾਡੀ ਆਜ਼ਾਦੀ ਦੇ ਰਾਹ ਵਿਚ ਰੋੜਾ ਹਨ।”