ਹਿਮਾਚਲ ਪੁਲਿਸ ਵੱਲੋਂ ਅਮਿਤਾਭ ਬੱਚਨ ਤੇ ਟਰੰਪ ਦੇ ਨਾਮ ’ਤੇ ਫ਼ਰਜ਼ੀ ਪਾਸ ਬਣਵਾਉਣ ਵਾਲਿਆਂ ਖਿਲਾਫ ਕੇਸ ਦਰਜ

91
Share

ਸ਼ਿਮਲਾ, 7 ਮਈ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ਪੁਲਿਸ ਨੇ ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਮ ’ਤੇ ਫ਼ਰਜ਼ੀ ਈ-ਪਾਸ ਬਣਵਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਟਵਿੱਟਰ ’ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸ਼ਿਮਲਾ ਵਿਚ ਇਸ ਸਬੰਧੀ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਅਤੇ ਆਈ.ਟੀ. ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਫ਼ਰਜ਼ੀ ਰਜਿਸਟ੍ਰੇਸ਼ਨ ਕਰਵਾਉਣ ਦੀ ਸ਼ਿਕਾਇਤ ਸੂਬਾ ਸਰਕਾਰ ਦੇ ਈ-ਪਾਸ ਪਲੇਟਫਾਰਮ ’ਤੇ ਕੀਤੀ ਗਈ ਸੀ। ਦੋਵੇਂ ਪਾਸ ਜ਼ਰੂਰੀ ਵਸਤਾਂ ਸਪਲਾਈ ਕਰਵਾਉਣ ਦੀ ਸ਼੍ਰੇਣੀ ਵਿੱਚ ਬਣਵਾਏ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਦੋਹਾਂ ਈ-ਪਾਸਾਂ ਦੇ ਆਧਾਰ ਨੰਬਰ ਅਤੇ ਮੋਬਾਈਲ ਨੰਬਰ ਇੱਕੋ ਹਨ।
ਡੋਨਲਡ ਟਰੰਪ ਦਾ ਪਾਸ ਚੰਡੀਗੜ੍ਹ ਦੇ ਸੈਕਟਰ 17 ਤੋਂ ਬਣਿਆ ਹੋਇਆ ਹੈ। ਵਿਰੋਧੀ ਧਿਰਾਂ ਦੇ ਆਗੂ ਇਨ੍ਹਾਂ ਪਾਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰ ਰਹੇ ਹਨ ਅਤੇ ਸਬੰਧਿਤ ਅਥਾਰਟੀਆਂ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਤੇ ਤਸਦੀਕ ਕਰਨ ਦੀ ਅਢੁੱਕਵੀਂ ਵਿਧੀ ਦੇ ਨਾਲ-ਨਾਲ ਸਰਕਾਰ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਹਾਲਾਂਕਿ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਈ-ਕੋਵਿਡ ਪਾਸ ਵਿਧੀ ਲੋਕਾਂ ਦੀ ਸਹੂਲਤ ਲਈ ਬਣਾਈ ਗਈ ਹੈ, ਜਿਸ ਨੂੰ ਸਿਸਟਮ ਆਪਣੇ-ਆਪ ਪ੍ਰਵਾਨਗੀ ਦਿੰਦਾ ਹੈ, ਤਾਂ ਕਿ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

Share