ਹਿਜਾਬ ’ਤੇ ਪਾਬੰਦੀ ਸਿੱਖਾਂ ਦੀ ਪਗੜੀ ’ਤੇ ਇਤਰਾਜ਼ ਕਰਨ ਬਰਾਬਰ: ਕੇਂਦਰੀ ਸਿੰਘ ਸਭਾ

115
Share

ਚੰਡੀਗੜ੍ਹ, 15 ਫਰਵਰੀ (ਪੰਜਾਬ ਮੇਲ)- ਕੇਂਦਰੀ ਸਿੰਘ ਸਭਾ ਨੇ ਕਿਹਾ ਕਿ ਕਰਨਾਟਕ ਸਰਕਾਰ ਨੇ ਸੂਬੇ ’ਚ ਹਿਜਾਬ ਪਹਿਨਣ ’ਤੇ ਪਾਬੰਦੀ ਲਗਾ ਦਿੱਤੀ ਹੈ, ਜੋ ਕਿ ਸਿੱਖਾਂ ਦੀ ਪਗੜੀ ’ਤੇ ਇਤਰਾਜ਼ ਦੇ ਬਰਾਬਰ ਹੈ। ਕਰਨਾਟਕ ਸਰਕਾਰ ਦੇ ਇਸ ਫ਼ੈਸਲੇ ਦਾ ਪੂਰੇ ਦੇਸ਼ ਵਿੱਚ ਵਿਰੋਧ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਮੁਸਲਿਮ ਔਰਤਾਂ ਵੱਲੋਂ ਹਿਜਾਬ ਪਹਿਨਣਾ ਧਾਰਮਿਕ ਚਿੰਨ੍ਹ ਦੇ ਤੌਰ ’ਤੇ ਉਭਰਿਆ ਹੈ। ਜਿਵੇਂ ਸਿੱਖਾਂ ਦੀ ਪਗੜੀ/ਦਾਹੜੀ ਅਤੇ ਅੰਮਿ੍ਰਤਧਾਰੀ ਸਿੱਖਾਂ ਦੇ ਕਕਾਰ ਹਨ। ਕਿਸੇ ਧਰਮ/ਸੱਭਿਆਚਾਰ ਨਾਲ ਜੁੜ੍ਹੇ ਭਾਈਚਾਰੇ ਦੇ ਵੱਖਰੇ ਲਿਬਾਸ ’ਤੇ ਉਂਗਲ ਚੁੱਕਣਾ ਜਾਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣਾ ਗਲਤ ਹੈ। ਕੇਂਦਰੀ ਸਿੰਘ ਸਭਾ ਨੇ ਸਿੱਖ ਭਾਈਚਾਰੇ ਨੂੰ ਭਵਿੱਖੀ ਹਿੰਦੂ ਰਾਸ਼ਟਰਵਾਦੀ ਖਤਰਿਆਂ ਤੋਂ ਅਵੇਸਲੇ ਨਾ ਹੋਣ ਅਤੇ ਅਜਿਹੀ ਹਿੰਦੂਤਵੀ ਰਾਜਨੀਤੀ ਦਾ ਵਿਰੋਧ ਕਰਨ ਦਾ ਸਦਾ ਦਿੱਤਾ। ਕੇਂਦਰੀ ਸਿੰਘ ਸਭਾ ਦੇ ਪ੍ਰੋ. ਸ਼ਾਮ ਸਿੰਘ ਪ੍ਰਧਾਨ, ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ ਸਿੰਘ ਨੇ ਕਿਹਾ ਕਿ ਕਰਨਾਟਕ ਦੀ ਭਾਜਪਾ ਸਰਕਾਰ ਨੇ ਇਹ ਵਿਵਾਦ ਉਸ ਸਮੇਂ ਸ਼ੁਰੂ ਕਰਵਾਇਆ ਜਦੋਂ ਪੰਜ ਸੂਬਿਆਂ ਵਿੱਚ ਚੋਣਾਂ ਹੋ ਰਹੀਆਂ ਹਨ। ਭਾਜਪਾ ਦੀ ਕੱਟੜਵਾਦੀ ਰਾਜਨੀਤੀ ਦਾ ਧੁਰਾ ਹੀ ਘੱਟ ਗਿਣਤੀਆਂ ਵਿਰੁੱਧ ਧਾਰਮਿਕ ਨਫਰਤ ਫੈਲਾ ਕੇ ਹਿੰਦੂ ਰਾਸ਼ਟਰ ਦਾ ਨਿਰਮਾਣ ਕਰਨਾ ਹੈ।

Share