ਹਿਊਸਟਨ ‘ਚ ਪੁਲਿਸ ਨੇ ਛੁਡਾਏ ਮਨੁੱਖੀ ਤਸਕਰੀ ਲਈ ਅਗਵਾ ਕੀਤੇ ਦਰਜਨਾਂ ਲੋਕ

454
Share

ਫਰਿਜ਼ਨੋ, 5 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਹਿਊਸਟਨ ਦੇ ਇੱਕ ਘਰ ਵਿਚ ਮਨੁੱਖੀ ਤਸਕਰੀ ਕਰਨ ਦੇ ਇਰਾਦੇ ਨਾਲ ਅਗਵਾ ਕਰਕੇ ਰੱਖੇ ਹੋਏ ਤਕਰੀਬਨ 30 ਵਿਅਕਤੀ ਜਿਨ੍ਹਾਂ ਵਿਚ ਇੱਕ ਔਰਤ ਵੀ ਸੀ, ਨੂੰ ਪੁਲਿਸ ਨੇ ਕਾਰਵਾਈ ਕਰਦਿਆਂ ਰਿਹਾਅ ਕਰਵਾਇਆ ਹੈ। ਪੁਲਿਸ ਅਨੁਸਾਰ ਵੀਰਵਾਰ ਦੀ ਰਾਤ ਨੂੰ ਇੱਕ ਗਲੀ ਵਿਚ ਭੱਜ ਰਿਹਾ ਇੱਕ ਵਿਅਕਤੀ ਅਧਿਕਾਰੀਆਂ ਦੇ ਧਿਆਨ ਹੇਠ ਆਇਆ, ਜੋ ਕਿ ਉਸ ਨੂੰ ਅਗਵਾ ਕਰਨ ਬਾਰੇ ਕਹਿ ਰਿਹਾ ਸੀ, ਜਦਕਿ ਹੋਰਾਂ ਨੂੰ ਘਰ ਵਿਚ ਰੱਖਣ ਬਾਰੇ ਵੀ ਦੱਸ ਰਿਹਾ ਸੀ। ਪੁਲਿਸ ਕਮਾਂਡਰ ਜੋਨਾਥਨ ਹਾਲੀਡੇਅ ਨੇ ਦੱਸਿਆ ਕਿ ਇਸਦੇ ਬਾਅਦ ਘਟਨਾ ਵਾਲੀ ਥਾਂ ‘ਤੇ ਅਧਿਕਾਰੀਆਂ ਨੇ ਜ਼ਬਰਦਸਤੀ ਦਾਖਲ ਹੋ ਕੇ 29 ਆਦਮੀਆਂ ਅਤੇ ਇੱਕ ਔਰਤ ਨੂੰ ਲੱਭਣ ਵਿਚ ਸਫਲਤਾ ਪ੍ਰਾਪਤ ਕੀਤੀ। ਪੁਲਿਸ ਅਨੁਸਾਰ ਅਗਵਾ ਹੋਏ ਲੋਕਾਂ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਦੋ ਦਿਨ ਅਤੇ ਇੱਕ ਹਫ਼ਤਾ ਪਹਿਲਾਂ ਬ੍ਰਾਊਨਜ਼ਵਿੱਲੇ ਵਿਚ ਲਿਜਾਇਆ ਗਿਆ ਸੀ ਅਤੇ ਬਚਾਏ ਗਏ ਜ਼ਿਆਦਾਤਰ ਵਿਅਕਤੀ ਮੈਕਸੀਕੋ, ਅਲਸੈਲਵੇਡੋਰ, ਹੋਂਡੁਰਸ, ਕਿਊਬਾ ਦੇ ਰਹਿਣ ਵਾਲੇ ਹਨ। ਅਧਿਕਾਰੀ ਹਾਲੀਡੇਅ ਅਨੁਸਾਰ ਇਮੀਗ੍ਰੇਸ਼ਨ ਅਧਿਕਾਰੀ ਘਟਨਾ ਸਥਾਨ ‘ਤੇ ਹੋਮਲੈਂਡ ਸਿਕਿਓਰਿਟੀ ਵਿਭਾਗ ਨਾਲ ਹਾਜ਼ਰ ਸਨ ਅਤੇ ਅਗਲੀ ਜਾਂਚ ਦੀ ਤਿਆਰੀ ਕਰ ਰਹੇ ਸਨ। ਇਸ ਮਾਮਲੇ ਦੇ ਸੰਬੰਧ ਵਿਚ ਤਿੰਨ ਸੰਭਾਵਿਤ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਦਕਿ ਬਚਾਏ ਗਏ ਸਾਰੇ ਲੋਕਾਂ ਨੂੰ ਇੱਕ ਹਾਈ ਸਕੂਲ ਵਿਚ ਲਿਜਾ ਕੇ ਉਨ੍ਹਾਂ ਨੂੰ ਖਾਣਾ ਅਤੇ ਕੱਪੜੇ ਮੁਹੱਈਆ ਕਰਵਾਏ ਗਏ।


Share