‘ਹਿਊਮੈਨ ਰਾਈਟਸ ਵਾਚ’ ਨੇ ਬੰਗਲਾ ਦੇਸ਼ ਨੂੰ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ

430
ਘੱਟ ਗਿਣਤੀ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਵਿਰੁੱਧ ਢਾਕਾ, ਬੰਗਲਾਦੇਸ਼ ’ਚ ਕੱਢੀ ਗਈ ਇਕ ਰੈਲੀ ਦਾ ਦਿ੍ਰਸ਼।
Share

-ਹਿੰਸਾ ’ਤੇ ਕਾਬੂ ਪਾਉਣ ਲਈ ਤਾਕਤ ਦੀ ਵਰਤੋਂ ਤੋਂ ਗੁਰੇਜ ਕੀਤਾ ਜਾਵੇ : ਹਿਊਮੈਨ ਰਾਈਟਸ ਵਾਚ
ਸੈਕਰਾਮੈਂਟੋ, 24 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਮਨੁੱਖੀ ਹੱਕਾਂ ਬਾਰੇ ਕੌਮਾਂਤਰੀ ਗਰੁੱਪ ‘ਹਿਊਮੈਨ ਰਾਈਟਸ ਵਾਚ’ ਨੇ ਬੰਗਲਾਦੇਸ਼ ਸਰਕਾਰ ਨੂੰ ਕਿਹਾ ਹੈ ਕਿ ਉਹ ਹਿੰਦੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਇਸ ਦੇ ਨਾਲ ਹੀ ਗਰੁੱਪ ਨੇ ਹਿੰਦੂਆਂ ਵਿਰੁੱਧ ਹਿੰਸਾ ਉਪਰ ਕਾਬੂ ਪਾਉਣ ਲਈ ਤਾਕਤ ਦੀ ਵਰਤੋਂ ਤੋਂ ਗੁਰੇਜ ਕਰਨ ਲਈ ਕਿਹਾ ਹੈ। ‘ਹਿਊਮੈਨ ਰਾਈਟਸ ਵਾਚ’ ਦੇ ਏਸ਼ੀਆ ਮੁਖੀ ਬਰਾਡ ਐਡਮਜ ਨੇ ਇਕ ਬਿਆਨ ’ਚ ਕਿਹਾ ਹੈ ਕਿ ਭੀੜ ਉਪਰ ਸਿੱਧੀਆਂ ਗੋਲੀਆਂ ਚਲਾਉਣ ਤੋਂ ਬਚਿਆ ਜਾਵੇ ਤੇ ਸੰਭਲ ਕੇ ਕਾਰਵਾਈ ਕੀਤੀ ਜਾਵੇ। ਬਿਆਨ ਵਿਚ ਹਾਲਾਂਕਿ ਹਿੰਦੂਆਂ ਉਪਰ ਹਮਲਿਆਂ ਲਈ ਜ਼ਿੰਮੇਵਾਰਾਂ ਦਾ ਨਾਂ ਨਹੀਂ ਲਿਆ ਤੇ ਨਾ ਹੀ ਉਨਾਂ ਦੀ ਨਿੰਦਾ ਕੀਤੀ ਹੈ ਪਰੰਤੂ ਗਰੁੱਪ ਨੇ ਮੰਨਿਆ ਹੈ ਕਿ ਹਿੰਦੂ ਜੋ ਬੰਗਲਾਦੇਸ਼ ਦੀ ਮੁਸਲਮਾਨ ਆਬਾਦੀ ਦਾ ਤਕਰੀਬਨ 10% ਹਨ, ਉਪਰ ਅਕਸਰ ਹਮਲੇ ਹੁੰਦੇ ਹਨ। ਬਿਆਨ ’ਚ ਗੁਰੱਪ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੇ ਫੋਨ ਦਾ ਵੀ ਜ਼ਿਕਰ ਕੀਤਾ ਹੈ, ਜਿਸ ਦੌਰਾਨ ਹਸੀਨਾ ਨੇ ਭਾਰਤ ਵਿਚ ਫਿਰਕੂ ਹਿੰਸਾ ਖਤਮ ਕਰਨ ਲਈ ਕਿਹਾ ਸੀ, ਜਿਥੇ ਸੱਤਾਧਾਰੀ ਪਾਰਟੀ ਵੱਲੋਂ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਨੂੰ ਨਿਸ਼ਾਨ ਬਣਾਇਆ ਜਾ ਰਿਹਾ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਚੁੱਕੇ ਤੁਲਸੀ ਗੈਬਾਰਡ ਨੇ ਬੰਗਲਾਦੇਸ਼ ’ਚ ਫਿਰਕੂ ਹਿੰਸਾ ਉਪਰ ਦੁੱਖ ਪ੍ਰਗਟ ਕਰਦਿਆਂ ਜਹਾਦੀਆਂ ਵੱਲੋਂ ਮੰਦਰ ਨੂੰ ਨੁਕਸਾਨ ਪਹੁੁੰਚਾਉਣ ਦੀ ਤਿੱਖੀ ਨਿੰਦਾ ਕੀਤੀ ਹੈ।

Share