ਹਾਲੀਵੁੱਡ ਅਦਾਕਾਰਾ ਐਨੀ ਹੇਚੇ ਕਾਰ ਹਾਦਸੇ ਦੌਰਾਨ ਬੁਰੀ ਤਰ੍ਹਾਂ ਝੁਲਸੀ

50
Share

ਲਾਸ ਏਂਜਲਸ, 9 ਅਗਸਤ (ਪੰਜਾਬ ਮੇਲ)- ਹਾਲੀਵੁੱਡ ਅਦਾਕਾਰਾ ਐਨੀ ਹੇਚੇ ਦੀ ਕਾਰ ਇੱਥੇ ਇੱਕ ਰਿਹਾਇਸ਼ੀ ਇਮਾਰਤ ਨਾਲ ਟਕਰਾ ਗਈ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ ਅਤੇ ਬਾਅਦ ਵਿਚ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ‘ਲਾਸ ਏਂਜਲਸ ਟਾਈਮਜ਼’ ਦੀ ਇੱਕ ਰਿਪੋਰਟ ਅਨੁਸਾਰ ਲਾਸ ਏਂਜਲਸ ਦੇ ਮਾਰ ਵਿਸਟਾ ਦੇ ਵਾਲਗਰੋਵ ਐਵੀਨਿਊ ਸਥਿਤ ਇੱਕ ਇਮਾਰਤ ਵਿਚ ਅੱਗ ਲੱਗ ਗਈ ਅਤੇ ਹੇਚੇ ਦੀ ਕਾਰ ਵੀ ਅੱਗ ਦੀ ਲਪੇਟ ਵਿਚ ਆ ਗਈ। ਲਾਸ ਏਂਜਲਸ ਫਾਇਰ ਡਿਪਾਰਟਮੈਂਟ ਨੇ ਆਪਣੀ ਵੈੱਬਸਾਈਟ ’ਤੇ ਇਕ ਬਿਆਨ ਵਿਚ ਕਿਹਾ, ‘‘ਵਾਹਨ ਦੇ ਅੰਦਰ ਮਿਲੀ ਇਕ ਬਾਲਗ ਔਰਤ ਨੂੰ ਐੱਲ.ਏ.ਐੱਫ.ਡੀ. ਪੈਰਾਮੈਡਿਕਸ ਵੱਲੋਂ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਸੀ।’’
ਬਿਆਨ ਮੁਤਾਬਕ ਅੱਗ ਬੁਝਾਉਣ ਵਾਲਿਆਂ ਨੂੰ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾਉਣ ’ਚ 65 ਮਿੰਟ ਲੱਗੇ। ਵਾਹਨ ਦੇ ਅੰਦਰ ਮਿਲੀ ਇੱਕ ਬਾਲਗ ਔਰਤ ਨੂੰ ਬਚਾਇਆ ਗਿਆ, ਜਿਨ੍ਹਾਂ ਨੂੰ ਗੰਭੀਰ ਹਾਲਤ ਵਿਚ ਐੱਲ.ਏ.ਐੱਫ.ਡੀ. ਪੈਰਾਮੈਡਿਕਸ ਵੱਲੋਂ ਇੱਕ ਖੇਤਰੀ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਕਿਸੇ ਹੋਰ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਇੱਕ ਸੂਤਰ ਨੇ ਬਾਅਦ ਵਿਚ ਦੱਸਿਆ ਕਿ ਕਾਰ ਡਰਾਈਵਰ ਅਦਾਕਾਰਾ ਹੇਚੇ (53) ਸੀ। ਐਂਟਰਟੇਨਮੈਂਟ ਨਿਊਜ਼ ਪਬਲੀਕੇਸ਼ਨ ‘ਟੀ.ਐੱਮ.ਜ਼ੈੱਡ.’ ਦੇ ਅਨੁਸਾਰ, ਹੇਚੇ ਦੀ ਕਾਰ ਵਾਲਗ੍ਰੋਵ ਐਵੇਨਿਊ ’ਤੇ ਅੱਗ ਲੱਗਣ ਤੋਂ ਕੁਝ ਮਿੰਟ ਪਹਿਲਾਂ ਹਾਦਸਾਗ੍ਰਸਤ ਹੋ ਗਈ ਸੀ। ਟੀ.ਐੱਮ.ਜ਼ੈੱਡ. ਨੇ ਇੱਕ ਵੀਡੀਓ ਪੋਸਟ ਕੀਤੀ ਅਤੇ ਦਾਅਵਾ ਕੀਤਾ ਕਿ ਉਸ ਵਿਚ ਅਦਾਕਾਰਾ ਆਪਣੀ ਕਾਰ ਵਿਚ ਇੱਕ ਸੜਕ ’ਤੇ ਤੇਜ਼ ਰਫ਼ਤਾਰ ਨਾਲ ਜਾਂਦੀ ਵੇਖੀ ਗਈ ਸੀ।

Share