‘ਹਾਰਟ ਆਫ ਏਸ਼ੀਆ’ ਸੰਮੇਲਨ ’ਚ ਭਾਰਤੀ ਵਿਦੇਸ਼ ਮੰਤਰੀ ਨਾਲ ਬੈਠ ਹਾਲੇ ਤੈਅ ਨਹੀਂ : ਕੁਰੈਸ਼ੀ

439
Share

ਇਸਲਾਮਾਬਾਦ, 30 ਮਾਰਚ (ਪੰਜਾਬ ਮੇਲ)- ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਤਜਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ’ਚ ਹੋਣ ਵਾਲੇ ‘ਹਾਰਟ ਆਫ ਏਸ਼ੀਆ’ ਸੰਮੇਲਨ ’ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਲਈ ਹਾਲੇ ਤੱਕ ਕੋਈ ਬੈਠਕ ਨਾ ਤੈਅ ਹੈ ਅਤੇ ਨਾ ਹੀ ਇਸ ਸੰਬੰਧੀ ਕੋਈ ਪ੍ਰਸਤਾਵ ਦਿੱਤਾ ਗਿਆ ਹੈ। ਮੀਡੀਆ ਵਿਚ ਪ੍ਰਕਾਸ਼ਿਤ ਇਕ ਖ਼ਬਰ ਵਿਚ ਇਹ ਜਾਣਕਾਰੀ ਸਾਹਮਣੇ ਆਈ।
ਸੰਮੇਲਨ ਵਿਚ ਦੋਹਾਂ ਮੰਤਰੀਆਂ ਦੇ ਸ਼ਾਮਲ ਹੋਣ ਦੀ ਖ਼ਬਰ ਤੋਂ ਉਨ੍ਹਾਂ ਦੀ ਮੁਲਾਕਾਤ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਦੇ ਅਤੇ ਜੈਸ਼ੰਕਰ ਵਿਚਾਲੇ ਕੋਈ ਬੈਠਕ ਨਾ ਤੈਅ ਹੈ ਅਤੇ ਨਾ ਹੀ ਅਜਿਹਾ ਕੋਈ ਪ੍ਰਸਤਾਵ ਦਿੱਤਾ ਗਿਆ ਹੈ। ਭਾਰਤ ਅਤੇ ਪਾਕਿਸਤਾਨ ਵੱਲੋਂ ਪਰਦੇ ਦੇ ਪਿੱਛੇ ਤੋਂ ਡਿਪਲੋਮੈਟਿਕ ਸੰਬੰਧਾਂ ਦੀ ਪੂਰਨ ਬਹਾਲੀ ਦੀਆਂ ਕੋਸ਼ਿਸ਼ਾਂ ਦੇ ਬਾਰੇ ’ਚ ਮੀਡੀਆ ਵਿਚ ਆਈਆਂ ਖ਼ਬਰਾਂ ਦੇ ਜਵਾਬ ’ਚ ਕੁਰੈਸ਼ੀ ਨੇ ਕਿਹਾ, ‘‘ਹਾਲੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।’’
ਜੈਸ਼ੰਕਰ ਨੇ ਸੰਮੇਲਨ ’ਚ ਕੁਰੈਸ਼ੀ ਨਾਲ ਮੁਲਾਕਾਤ ਕਰਨ ਦੇ ਬਾਰੇ ਵੀ ਪਿਛਲੇ ਹਫ਼ਤੇ ਪੁੱਛੇ ਗਏ ਸਵਾਲਾਂ ਦਾ ਸਿੱਧੇ ਤੌਰ ’ਤੇ ਜਵਾਬ ਨਹੀਂ ਦਿੱਤਾ ਸੀ। ਉਨ੍ਹਾਂ ਨੇ 26 ਮਾਰਚ ਨੂੰ ਨਵੀਂ ਦਿੱਲੀ ’ਚ ਆਯੋਜਿਤ ‘ਇੰਡੀਆ ਇਕਨੌਮਿਕ ਕੌਨਕਲੇਵ’ ਵਿਚ ਕਿਹਾ ਸੀ, ਮੇਰਾ ਪ੍ਰੋਗਰਾਮ ਬਣ ਰਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਹੁਣ ਤੱਕ ਅਜਿਹੀ ਕਿਸੇ ਬੈਠਕ ਦਾ ਯੋਜਨਾ ਬਣੀ ਹੈ।’’ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸੰਮੇਲਨ ’ਚ ਸ਼ਾਮਲ ਹੋਣ ਦੌਰਾਨ ਜੈਸ਼ੰਕਰ ਹੋਰ ਦੇਸ਼ਾਂ ਦੇ ਨੇਤਾਵਾਂ ਨਾਲ ਗੱਲਬਾਤ ਕਰ ਸਕਦੇ ਹਨ।

Share