ਹਾਰਟ ਅਟੈਕ ਕਾਰਨ ਨਿਊਜਰਸੀ ਵਿੱਚ ਪੰਜਾਬੀ ਨੌਜਵਾਨ ਦੀ ਮੌਤ

772

ਸਮਰਾਲਾ, 18 ਅਪ੍ਰੈਲ (ਪੰਜਾਬ ਮੇਲ)-ਅਮਰੀਕਾ ਦੇ ਨਿਊਜਰਸੀ ਵਿੱਚ ਸਿਮਰਨਜੀਤ ਸਿੰਘ ਨਾਂ ਦੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ, ਜੋ ਕਿ ਸਮਰਾਲਾ ਨੇੜਲੇ ਪਿੰਡ ਖੱਟਰਾਂ ਦਾ ਵਾਸੀ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਆਪਣੇ ਜੁੜਵਾ ਭਰਾ ਨਾਲ ਪਿੰਡ ‘ਚ ਖੇਤੀਬਾੜੀ ਦਾ ਕੰਮ ਕਰਦਾ ਸੀ, ਪਰ ਕੁਝ ਸਾਲ ਪਹਿਲਾਂ ਉਸ ਦੇ ਪਿਤਾ ਦੀ ਅਚਨਚੇਤ ਮੌਤ ਹੋ ਗਈ। ਘਰ ਦੇ ਗੁਜ਼ਾਰੇ ਲਈ ਸਿਮਰਜੀਤ ਸਿੰਘ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਬੁਲਾਵੇ ‘ਤੇ ਅਮਰੀਕਾ ਚਲਾ ਗਿਆ ਤੇ ਉਸ ਦਾ ਦੂਜਾ ਭਰਾ ਦੁਬਈ ਸੈਟਲ ਹੋ ਗਿਆ। ਸੂਤਰਾਂ ਅਨੁਸਾਰ ਸਿਮਰਜੀਤ ਸਿੰਘ ਹੁਣ ਇਕ ਸਟੋਰ ‘ਚ ਕੰਮ ਕਰਦਾ ਸੀ। ਬੀਤੇ ਦਿਨੀਂ ਜਦੋਂ ਸਟੋਰ ਦਾ ਕੰਮ ਬੰਦ ਹੋਣ ਤੋਂ ਬਾਅਦ ਉਹ ਆਪਣੇ ਘਰ ਨੂੰ ਜਾਣ ਲੱਗਿਆ ਤਾਂ ਉਸ ਨੂੰ ਦਿਲ ਦਾ ਦੌਰਾ ਪਿਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਿੰਡ ਦੇ ਮੋਹਤਵਰ ਵਿਅਕਤੀਆਂ ਨੇ ਦੱਸਿਆ ਕਿ ਹਵਾਈ ਸੇਵਾ ਬੰਦ ਹੋਣ ਕਾਰਨ ਉਸ ਦਾ ਅਮਰੀਕਾ ‘ਚ ਹੀ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਕੁਆਰਾ ਸੀ, ਦੂਜਾ ਭਰਾ ਦੁਬਈ ‘ਚ ਹੋਣ ਕਾਰਨ ਘਰ ‘ਚ ਉਸ ਦੀ ਬਜ਼ੁਰਗ ਮਾਤਾ ਹੀ ਰਹਿੰਦੀ ਹੈ। ਸਾਬਕਾ ਸਰਪੰਚ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਜੁੜਵੇ ਭਰਾ ਬਹੁਤ ਮਿਹਨਤੀ ਸਨ ਤੇ ਵਾਇਰਸ ਦਾ ਪ੍ਰਕੋਪ ਖ਼ਤਮ ਹੋਣ ਤੋਂ ਬਾਅਦ ਆਪਣੇ ਵਤਨ ਪਰਤਣ ਦੀ ਆਸ ‘ਚ ਸਨ।