ਹਾਊਸ ਆਫ ਕਾਮਨਜ਼ ਵੱਲੋਂ ਕੈਨੇਡਾ-ਯੂ.ਐੱਸ. ਇਕਨੌਮਿਕ ਸਬੰਧਾਂ ’ਤੇ ਵਿਸ਼ੇਸ਼ ਕਮੇਟੀ ਕਾਇਮ ਕਰਨ ਦੀ ਤਿਆਰੀ

398
USA and Canada Flags
Share

ਓਟਵਾ, 17 ਫਰਵਰੀ (ਪੰਜਾਬ ਮੇਲ)- ਹਾਊਸ ਆਫ ਕਾਮਨਜ਼ ਵੱਲੋਂ ਕੈਨੇਡਾ-ਯੂ.ਐੱਸ. ਇਕਨੌਮਿਕ ਸਬੰਧਾਂ ’ਤੇ ਇੱਕ ਵਿਸ਼ੇਸ਼ ਕਮੇਟੀ ਕਾਇਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਬਹੁਗਿਣਤੀ ਐੱਮ.ਪੀਜ਼ ਇਸ ਲਈ ਸਹਿਮਤ ਵੀ ਹਨ।
ਕੰਜ਼ਰਵੇਟਿਵਾਂ ਵੱਲੋਂ ਲਿਆਂਦੇ ਇਸ ਮਤੇ ਦਾ ਸਮਰਥਨ ਸੱਤਾਧਾਰੀ ਲਿਬਰਲਾਂ, ਬਲਾਕ ਕਿਊਬਿਕੁਆ ਤੇ ਐੱਨ.ਡੀ.ਪੀ. ਵੱਲੋਂ ਕੀਤਾ ਗਿਆ। ਗ੍ਰੀਨ ਪਾਰਟੀ ਵੱਲੋਂ ਇਸ ਮਤੇ ਦਾ ਵਿਰੋਧ ਕੀਤਾ ਗਿਆ। ਇਸ ਕਮੇਟੀ ਤਹਿਤ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਦੇ ਸਾਰੇ ਪੱਖਾਂ ਦਾ ਮੁਲਾਂਕਣ ਕੀਤਾ ਜਾਵੇਗਾ। ਇਹ ਫੈਸਲਾ ਉਸ ਸਮੇਂ ਲਿਆ ਗਿਆ ਹੈ, ਜਦੋਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਕੀਅਸਟੋਨ ਐਕਸਐਲ ਪਾਈਪਲਾਈਨ ਦੇ ਨਿਰਮਾਣ ਨੂੰ ਰੱਦ ਕਰ ਦਿੱਤਾ ਗਿਆ।
ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਮੇਟੀ ਦਾ ਪਹਿਲਾ ਕੰਮ ਐਨਬਿ੍ਰੱਜ ਲਾਈਨ 5 ਪਾਈਪਲਾਈਨ ਅਤੇ ਇਸ ਦੇ ਬੰਦ ਹੋਣ ਦੇ ਨਤੀਜਿਆਂ ਦੀ ਜਾਂਚ ਕਰਨਾ ਤੇ ਇਸ ਦੇ ਨਾਲ ਹੀ ਬਾਇਡਨ ਪ੍ਰਸ਼ਾਸਨ ਵੱਲੋਂ ‘‘ਬਾਇ ਅਮਰੀਕਾ’’ ਨੀਤੀਆਂ ’ਤੇ ਇਸ ਪਹੁੰਚ ਦੇ ਕੈਨੇਡੀਅਨ ਹਿਤਾਂ ’ਤੇ ਪੈਣ ਵਾਲੇ ਅਸਰ ਦਾ ਮੁਲਾਂਕਣ ਕਰਨਾ ਹੋਵੇਗਾ। ਮੁੱਖ ਵਿਰੋਧੀ ਧਿਰ ਵੱਲੋਂ ਮਤਾ ਪੇਸ਼ ਕਰਨ ਦੇ ਪ੍ਰਸਤਾਵਿਤ ਦਿਨ ਵਜੋਂ ਇਹ ਦੂਜੀ ਵਾਰੀ ਹੈ ਕਿ ਕੰਜ਼ਰਵੇਟਿਵ ਕਾਕਸ ਇਸ ਤਰ੍ਹਾਂ ਦੀ ਸਪੈਸ਼ਲ ਕਮੇਟੀ ਕਾਇਮ ਕਰਵਾਉਣ ਵਿਚ ਸਫਲ ਹੋਇਆ ਹੈ। ਇਸ ਤੋਂ ਪਹਿਲਾਂ 2020 ਦੇ ਸ਼ੁਰੂ ਵਿਚ ਵੀ ਕੰਜ਼ਰਵੇਟਿਵਾਂ ਵੱਲੋਂ ਪ੍ਰਸਤਾਵਿਤ ਵਿਸ਼ੇਸ਼ ਕੈਨੇਡਾ-ਚੀਨ ਕਮੇਟੀ ਕਾਇਮ ਕਰਵਾਈ ਗਈ ਸੀ।
ਇਸ ਕਮੇਟੀ ਵਿਚ 12 ਮੈਂਬਰ ਹੋਣਗੇ, ਜਿਨ੍ਹਾਂ ਵਿਚ ਚੇਅਰ ਸਮੇਤ 6 ਲਿਬਰਲ ਐੱਮ.ਪੀ., ਚਾਰ ਕੰਜ਼ਰਵੇਟਿਵ, ਇੱਕ ਐੱਮ.ਪੀ. ਬਲਾਕ ਕਿਊਬਿਕੁਆ ਤੇ ਐੱਨ.ਡੀ.ਪੀ. ਕ੍ਰਮਵਾਰ ਹੋਣਗੇ। ਇਨ੍ਹਾਂ ਕਮੇਟੀ ਮੈਂਬਰਾਂ ਦੇ ਨਾਂਵਾਂ ਦਾ ਐਲਾਨ ਵੀਰਵਾਰ ਤੱਕ ਕੀਤਾ ਜਾਵੇਗਾ। ਇਸ ਦੀ ਮੀਟਿੰਗ ਅਗਲੇ ਹਫਤੇ ਹੋਵੇਗੀ।

Share