ਹਾਈ ਪ੍ਰੋਫਾਈਲ ਸੈਕਸ ਰੈਕੇਟ ਮਾਮਲਾ; 2 ਸਹਾਇਕ ਥਾਣੇਦਾਰਾਂ ਸਮੇਤ 5 ਵਿਅਕਤੀਆਂ ਦਾ ਵਧਿਆ ਰਿਮਾਂਡ

750
Share

-ਪੁੱਛਗਿੱਛ ‘ਚ ਕੀਤੇ ਅਹਿਮ ਖੁਲਾਸੇ
ਨਿਹਾਲ ਸਿੰਘ ਵਾਲਾ/ਬਿਲਾਸਪੁਰ, 20 ਮਈ (ਪੰਜਾਬ ਮੇਲ)- ਥਾਣਾ ਨਿਹਾਲ ਸਿੰਘ ਵਾਲਾ (ਮੋਗਾ) ਦੇ ਦੋ ਥਾਣੇਦਾਰਾਂ ਵਲੋਂ ਔਰਤਾਂ ਨਾਲ ਮਿਲ ਕੇ ਚਲਾਏ ਜਾ ਰਹੇ ਹਾਈ ਪ੍ਰੋਫਾਈਲ ਸੈਕਸ ਰੈਕੇਟ ‘ਚ ਸ਼ਾਮਲ ਪੰਜਾਬ ਪੁਲਿਸ ਦੇ ਦੋ ਥਾਣੇਦਾਰਾਂ ਸਮੇਤ ਪੰਜ ਵਿਅਕਤੀਆਂ ਦਾ 4 ਦਿਨਾਂ ਪੁਲਿਸ ਰਿਮਾਂਡ ਖਤਮ ਹੋਣ ‘ਤੇ ਉਨ੍ਹਾਂ ਨੂੰ ਡੀ.ਐੱਸ.ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਢੇਸੀ, ਥਾਣਾ ਮੁਖੀ ਪਲਵਿੰਦਰ ਸਿੰਘ ਦੀ ਅਗਵਾਈ ਵਿਚ ਮਾਨਯੋਗ ਜੱਜ ਅਮਨਦੀਪ ਕੌਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ ਹੋਰ ਪੁੱਛਗਿੱਛ ਲਈ ਅਤੇ ਹੋਰ ਰਕਮ ਦੀ ਬਰਾਮਦਗੀ ਲਈ ਹੋਰ ਰਿਮਾਂਡ ਦੀ ਲੋੜ ਹੈ। ਇਸ ਮੌਕੇ ਬਚਾਅ ਪੱਖ ਦੇ ਵਕੀਲ ਗੁਰਪ੍ਰੀਤ ਸਿੰਘ ਕਾਂਗੜ ਨੇ ਰਿਮਾਂਡ ਦਾ ਵਿਰੋਧ ਕੀਤਾ ਪਰ ਦੋਵੇਂ ਧਿਰਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਨਯੋਗ ਜੱਜ ਅਮਨਦੀਪ ਕੌਰ ਨੇ ਅਦਾਲਤ ਵਲੋਂ ਸਰਕਾਰੀ ਵਕੀਲ ਦੀਆਂ ਦਲੀਲਾ ਨਾਲ ਸਹਿਮਤ ਹੁੰਦਿਆਂ ਪੁਲਿਸ ਨੂੰ ਮੁੜ ਦੋ ਦਿਨ ਦਾ ਰਿਮਾਂਡ ਦੇ ਦਿੱਤਾ।
ਇਸ ਮੌਕੇ ਡੀ.ਐੱਸ.ਪੀ. ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਇਸ ਧੰਦੇ ‘ਚ ਗ੍ਰਸਤ ਦੋਵੇਂ ਸਹਾਇਕ ਥਾਣੇਦਾਰਾਂ ਚਮਕੌਰ ਸਿੰਘ ਲਧਾਈਕੇ ਅਤੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਖਿਲਾਫ ਸੈਕਸ ਰੈਕੇਟ ਦੇ ਨਾਲ ਕੁਰੱਪਸ਼ਨ ਐਕਟ 324 ਤੇ 7/13 ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸੈਕਸ ਰੈਕੇਟ ‘ਚ ਸ਼ਾਮਲ ਵਿਅਕਤੀਆਂ ਨੇ ਦੱਸਿਆ ਕਿ ਇਨ੍ਹਾਂ ਵਲੋਂ ਪਿੰਡ ਪੱਤੋ ਹੀਰਾ ਸਿੰਘ ਅਤੇ ਬਿਲਾਸਪੁਰ ਦੇ ਵਿਅਕਤੀਆਂ ਤੋਂ ਵੀ ਡਰਾ ਧਮਕਾ ਕੇ ਬਲੈਕਮੇਲ ਕਰਕੇ 1 ਲੱਖ 70 ਹਜ਼ਾਰ ਰੁਪਏ ਲਏ ਗਏ ਸਨ। ਇਨ੍ਹਾਂ ਵਲੋਂ ਲੰਬੇ ਸਮੇਂ ਤੋਂ ਇਹ ਧੰਦਾ ਕੀਤਾ ਜਾ ਰਿਹਾ ਸੀ।
ਇਸ ਰੈਕੇਟ ‘ਚ ਸ਼ਾਮਲ 2 ਔਰਤਾਂ ਵਲੋਂ ਅਮੀਰ ਅਤੇ ਸਰਦੇ ਪੁੱਜਦੇ ਸ਼ਰੀਫ ਲੋਕਾਂ ਨੂੰ ਆਪਣੇ ਜਾਲ ‘ਚ ਫਸਾ ਕੇ ਆਪਣੇ ਕੋਲ ਬੁਲਾਇਆ ਜਾਂਦਾ ਸੀ ਅਤੇ ਸਹਾਇਕ ਥਾਣੇਦਾਰ ਚਮਕੌਰ ਸਿੰਘ ਲਧਾਈਕੇ ਅਤੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਵਲੋਂ ਛਾਪਾ ਮਾਰ ਕੇ ਉਕਤ ਵਿਅਕਤੀਆਂ ਨੂੰ ਥਾਣੇ ਲਿਜਾਇਆ ਜਾਂਦਾ ਸੀ ਅਤੇ ਉਸ ‘ਤੇ ਪਰਚਾ ਦਰਜ ਕਰਨ ਦੀਆਂ ਧਮਕੀਆਂ ਦੇ ਕੇ ਉਸ ਨੂੰ ਡਰਾ ਧਮਕਾ ਕੇ ਬਲੈਕਮੇਲ ਕਰਕੇ ਉਸ ਤੋਂ ਲੱਖਾਂ ਰੁਪਏ ਬਟੋਰੇ ਜਾਂਦੇ ਸਨ। ਡੀ.ਐੱਸ.ਪੀ. ਮਨਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਹਾਇਕ ਥਾਣੇਦਾਰਾਂ ਵਲੋਂ ਇਸ ਮਕਸਦ ਲਈ ਵਰਤੀਆਂ ਜਾਂਦੀਆਂ ਆਪਣੀਆਂ ਨਿੱਜੀ ਗੱਡੀਆਂ ਬਲੈਰੋ ਅਤੇ ਏਸੈਟ ਨੂੰ ਵੀ ਬਰਾਮਦ ਕਰ ਲਿਆ ਹੈ ਅਤੇ ਲੋਕਾਂ ਨੂੰ ਬਲੈਕਮੇਲ ਕਰਕੇ ਠੱਗੀ 1 ਲੱਖ 28 ਹਜ਼ਾਰ ਦੀ ਨਗਦੀ ਵੀ ਇਨ੍ਹਾਂ ਤੋਂ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਰਿਮਾਂਡ ਦੌਰਾਨ ਇਨ੍ਹਾਂ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।


Share