‘‘ਹਾਈਪੋਗੈਮਾਗਲੋਬੂਲਨੇਮੀਆ’’ ਤੋਂ ਪੀੜਤ 19 ਗਰੀਬ ਬੱਚਿਆਂ ਦੀਆਂ ਜਾਨਾਂ ਬਚਾਉਣ ਲਈ ਖਹਿਰਾ ਦੀ ਮੁੱਖ ਮੰਤਰੀ ਨੂੰ ਅਪੀਲ

74
ਪੰਜਾਬ ਸਰਕਾਰ ਵੱਲੋਂ ਭੁਗਤਾਨ ਨਾ ਕੀਤੇ ਜਾਣ ਕਾਰਨ ਪੀ.ਜੀ.ਆਈ ਨੇ ਇਲਾਜ ਤੋਂ ਕੀਤਾ ਇਨਕਾਰ
ਚੰਡੀਗੜ, 11 ਅਕਤੂਬਰ (ਪੰਜਾਬ ਮੇਲ)- ਆਲ ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੁੱਖ ਮੰਤਰੀ ਨੂੰ ਜਾਨਲੇਵਾ ਰੋਗ ਤੋਂ ਪੀੜਤ 19 ਕੀਮਤੀ ਜਾਨਾਂ ਬਚਾਉਣ ਲਈ ਫੋਰੀ ਦਖਲ ਦੇਣ ਦੀ ਮੰਗ ਕੀਤੀ ਜਿਨ੍ਹਾਂ ਦਾ ਇਲਾਜ ਕਰਨ ਤੋਂ ਪੀ.ਜੀ.ਆਈ ਵੱਲੋਂ ਇਸ ਕਰਕੇ ਇਨਕਾਰ ਕਰ ਦਿੱਤਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਸੱਤਾ ਸੰਭਾਲਣ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਬਕਾਏ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ।
ਵੇਰਵੇ ਦਿੰਦਿਆਂ ਖਹਿਰਾ ਨੇ ਕਿਹਾ ਕਿ ਪੰਜਾਬ ਵਿੱਚ 19 ਮਰੀਜ ਜਾਨਲੇਵਾ ਇਮਿਊਨਿਟੀ ਡਿਸਆਰਡਰ ‘‘ਹਾਈਪੋਗੈਮਾਗਲੋਬੂਲਨੇਮੀਆ’’ ਤੋਂ ਪੀੜਤ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਮਰੀਜ ਸਮਾਜ ਦੇ ਗਰੀਬ ਵਰਗ ਨਾਲ ਸਬੰਧ ਰੱਖਦੇ ਹਨ ਅਤੇ ਆਪਣਾ ਇਲਾਜ ਨਹੀਂ ਕਰਵਾ ਸਕਦੇ, ਉਨ੍ਹਾਂ ਕਿਹਾ ਕਿ ਇਹਨਾਂ ਨੂੰ ਹਰ ਮਹੀਨੇ 26000 ਰੁਪਏ ਦੀ ਕੀਮਤ ਵਾਲਾ ਟੀਕਾ ਲਗਵਾਉਣਾ ਪੈਂਦਾ ਹੈ ਜੋ ਕਿ ਪੀ.ਜੀ.ਆਈ ਵਿਖੇ ਲਗਦਾ ਹੈ।
ਕਾਂਗਰਸੀ ਵਿਧਾਇਕ ਨੇ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਪੀ.ਜੀ.ਆਈ ਨੂੰ ਰਾਸ਼ੀ ਅਦਾ ਕਰਦੀ ਸੀ ਅਤੇ ਇਲਾਜ ਸੁਚਾਰੂ ਢੰਗ ਨਾਲ ਚੱਲਦਾ ਸੀ। ਪਰੰਤੂ ਜਦੋਂ ਤੋਂ ਆਪ ਸਰਕਾਰ ਨੇ ਸੱਤਾ ਸੰਭਾਲੀ ਹੈ ਪੀ.ਜੀ.ਆਈ ਦੀਆਂ ਅਨੇਕਾਂ ਅਦਾਇਗੀਆਂ ਰੋਕ ਦਿੱਤੀਆਂ ਹਨ ਜਿਸ ਕਾਰਨ ਪੀ.ਜੀ.ਆਈ ਨੇ ਮਰੀਜਾਂ ਨੂੰ ਜੀਵਨ ਬਚਾਉਣ ਵਾਲਾ ਟੀਕਾ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਖਹਿਰਾ ਨੇ ਮਾਨ ਨੂੰ ਦੱਸਿਆ ਕਿ ਇਹ ਇਹਨਾਂ 19 ਬੇਸਹਾਰਾ ਮਰੀਜਾਂ ਲਈ ਜਿੰਦਗੀ ਅਤੇ ਮੋਤ ਦਾ ਮਾਮਲਾ ਹੈ ਅਤੇ ਇਸ ਤੇ ਕੋਈ ਖਾਸ ਖਰਚਾ ਵੀਂ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਮਹੀਨਾਵਾਰ ਟੀਕਿਆਂ ਤੇ ਲੱਗਣ ਵਾਲੀ ਕੁੱਲ ਰਕਮ ਸਰਕਾਰ ਲਈ ਕੁੱਝ ਵੀਂ ਨਹੀਂ ਹੈ ਜਿਸ ਦਾ ਕਿ ਪੀ.ਜੀ.ਆਈ ਨੂੰ ਤੁਰੰਤ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕਿਉਂਕਿ ਮਰੀਜ ਪੰਜਾਬ ਦੇ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ ਇਸ ਲਈ ਮਹੀਨਾਵਾਰ ਖੁਰਾਕ ਵਿੱਚ ਆਈ ਰੁਕਾਵਟ ਉਨ੍ਹਾਂ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ। ਖਹਿਰਾ ਨੇ ਮਾਨ ਨੂੰ ਕਿਹਾ ਕਿ ਇਹ ਤੁਹਾਡੀਆਂ ਤਰਜੀਹਾਂ ਨੂੰ ਸਹੀ ਕਰਨ ਦਾ ਸਮਾਂ ਹੈ। ਖਹਿਰਾ ਨੇ ਕਿਹਾ ਕਿ ਇਨ੍ਹਾਂ ਮਰੀਜਾਂ ਦੇ ਇੱਕ ਸਾਲ ਦੇ ਇਲਾਜ ਦਾ ਕੁੱਲ ਖਰਚਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ਼ਤਿਹਾਰਾਂ ਲਈ ਇੱਕ ਅਕਬਾਰ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਤੋਂ ਘੱਟ ਹੋਵੇਗਾ।
ਖਹਿਰਾ ਨੇ ਮਾਨ ਨੂੰ ਟਿੱਪਣੀ ਕਰਦਿਆਂ ਕਿਹਾ ਕਿ ਤੁਸੀਂ ਅਤੇ ਤੁਹਾਡੀ ਪਾਰਟੀ ਪੰਜਾਬ ਵਿੱਚ ਦਿੱਲੀ ਦੇ ਅਖੋਤੀ ਸਿਹਤ ਮਾਡਲ ਦਾ ਪ੍ਰਚਾਰ ਕਰ ਰਹੇ ਹੋ ਜਦੋਂਕਿ ਪੀ.ਜੀ.ਆਈ ਨੂੰ ਅਦਾਇਗੀ ਨਾ ਕੀਤੇ ਜਾਣ ਕਾਰਨ ਅੱਤ ਗਰੀਬ ਬੱਚੇ ਇਲਾਜ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਜੇਕਰ ਗਰੀਬ ਤੋਂ ਗਰੀਬ ਨੂੰ ਸਿਹਤ ਸੇਵਾਵਾਂ ਦੇਣ ਤੋਂ ਇਨਕਾਰ ਕਰਨਾ ਦਿੱਲੀ ਮਾਡਲ ਹੈ ਤਾਂ ਕਿਰਪਾ ਕਰਕੇ ਇਸ ਮਾਡਲ ਨੂੰ ਰੱਦ ਕਰ ਦੇਵੋ ਅਤੇ ਸਾਡੇ ਅਸਲੀ ਪੰਜਾਬ ਮਾਡਲ ਨੂੰ ਕੰਮ ਕਰਨ ਦਿਉ ਜੋ ਘੱਟੋ ਘੱਟ ਅਜਿਹੇ ਲੋੜਵੰਦ ਅਤੇ ਗਰੀਬ ਮਰੀਜ ਬੱਚਿਆਂ ਨੂੰ ਜੀਵਨ ਬਚਾਉਣ ਵਾਲੀਆਂ ਦਵਾਈਆਂ ਤਾਂ ਮੁਹੱਈਆ ਕਰਵਾਉਂਦਾ ਹੈ।
ਤੇਜ ਤਰਾਰ ਕਾਂਗਰਸੀ ਆਗੂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਇਨਸਾਨੀਅਤ ਨਾਤੇ ਆਪਣੇ ਬੇਕਾਰ ਇਸ਼ਤਿਹਾਰ ਬਜਟ ਵਿੱਚੋਂ ਕੁਝ ਲੱਖ ਰੁਪਏ ਕੱਢਕੇ ਕੁਝ ਕੀਮਤੀ ਜਾਨਾਂ ਬਚਾਉਣ ਦੀ ਕਿਰਪਾਲਤਾ ਕਰੋ।