ਹਾਈਕੋਰਟ ਵੱਲੋਂ ਸੁਮੇਧ ਸੈਣੀ ਦੀ ਰਾਹਤ ਦੀ ਮੰਗ ਵਾਲੀ ਪਟੀਸ਼ਨ ਮੁੱਢੋਂ ਰੱਦ

328
Share

-ਸੈਣੀ ਨੇ ਆਪਣੇ ਵਕੀਲ ਰਾਹੀਂ ਦੋ ਪਟੀਸ਼ਨਾਂ ਖੁਦ ਹੀ ਵਾਪਸ ਲਈਆਂ
– 9 ਸਤੰਬਰ ਨੂੰ ਹੀ ਹੋਵੇਗੀ ਪੁਰਾਣੀ ਪਟੀਸ਼ਨ ’ਤੇ ਸੁਣਵਾਈ
ਐੱਸ.ਏ.ਐੱਸ. ਨਗਰ (ਮੁਹਾਲੀ), 1 ਸਤੰਬਰ (ਪੰਜਾਬ ਮੇਲ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਵੱਡਾ ਝਟਕਾ ਦਿੰਦਿਆਂ ਉਸ ਦੀ ਰਾਹਤ ਦੀ ਮੰਗ ਵਾਲੀ ਪਟੀਸ਼ਨ ਮੁੱਢੋਂ ਰੱਦ ਕਰ ਦਿੱਤੀ ਹੈ, ਜਦਕਿ ਦੋ ਤਾਜ਼ਾ ਪਟੀਸ਼ਨਾਂ ਸੈਣੀ ਨੇ ਆਪਣੇ ਵਕੀਲ ਰਾਹੀਂ ਖ਼ੁਦ ਹੀ ਵਾਪਸ ਲੈ ਲਈਆਂ ਹਨ। ਸੁਮੇਧ ਸੈਣੀ ਦੀ ਸਾਲ 2018 ਵਾਲੀ ਪੁਰਾਣੀ ਪਟੀਸ਼ਨ ਉੱਤੇ ਵੀ ਪਹਿਲਾਂ ਤੋਂ ਨਿਰਧਾਰਿਤ 9 ਸਤੰਬਰ ਨੂੰ ਹੀ ਸੁਣਵਾਈ ਹੋਵੇਗੀ। ਸੈਣੀ ਨੇ ਬੀਤੇ ਦਿਨੀਂ ਆਪਣੇ ਵਕੀਲ ਏ.ਪੀ.ਐੱਸ. ਦਿਉਲ ਰਾਹੀਂ ਉੱਚ ਅਦਾਲਤ ਵਿਚ ਨਵੇਂ ਸਿਰਿਓਂ ਅਰਜ਼ੀਆਂ ਦਾਇਰ ਕਰਕੇ ਪੁਰਾਣੀ ਪਟੀਸ਼ਨ ਦੀ ਸੁਣਵਾਈ ਅਗਾਊਂ ਕਰਨ ਦੀ ਮੰਗ ਕਰਦਿਆਂ 31 ਅਗਸਤ ਨੂੰ ਸੇਵਾਮੁਕਤ ਹੋ ਰਹੇ ਵਿਸ਼ੇਸ਼ ਜੱਜ ਕੋਲ ਹੀ ਸੁਣਵਾਈ ਦੀ ਅਪੀਲ ਕੀਤੀ ਸੀ। ਪੰਜਾਬ ਸਰਕਾਰ ਵੱਲੋਂ ਪੇਸ਼ ਵਧੀਕ ਐਡਵੋਕੇਟ ਜਨਰਲ ਸੁਦੀਪਤੀ ਸ਼ਰਮਾ ਨੇ ਕਿਹਾ ਕਿ ਸੁਮੇਧ ਸੈਣੀ ਬੇਮਤਲਬ ਦੀਆਂ ਅਰਜ਼ੀਆਂ ਦਾਇਰ ਕਰਕੇ ਜੁਡੀਸ਼ਰੀ ਨੂੰ ਗੁੰਮਰਾਹ ਕਰ ਰਹੇ ਹਨ। ਅਦਾਲਤ ਨੇ ਵਧੀਕ ਐਡਵੋਕੇਟ ਜਨਰਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਸੈਣੀ ਦੇ ਵਕੀਲ ਨੂੰ ਕਿਹਾ ਕਿ ਕਿਸੇ ਵੀ ਮਾਮਲੇ ਵਿਚ ਰਾਹਤ ਲੈਣ ਦਾ ਇਹ ਤਰੀਕਾ ਗਲਤ ਹੈ। ਲਿਹਾਜ਼ਾ ਉਹ ਸੈਣੀ ਦੀਆਂ ਦੋਵੇਂ ਅਰਜ਼ੀਆਂ ਰੱਦ ਕਰ ਰਹੇ ਹਨ। ਇਹ ਸੁਣ ਕੇ ਸੈਣੀ ਦੇ ਵਕੀਲ ਨੇ ਖ਼ੁਦ ਹੀ ਤਾਜ਼ਾ ਅਰਜ਼ੀਆਂ ਵਾਪਸ ਲਈਆਂ। ਜਦਕਿ ਇਕ ਯੂ-ਟਿਊਬ ਚੈਨਲ ’ਤੇ ਇੰਟਰਵਿਊ ਦੀ ਪੈਨ ਡਰਾਈਵ ਸਬੰਧੀ ਅਰਜ਼ੀ ਜੱਜ ਨੇ ਰੱਦ ਕਰਦਿਆਂ ਕਿਹਾ ਕਿ ਪੁਰਾਣੇ ਕੇਸ ਦੀ ਸੁਣਵਾਈ 9 ਸਤੰਬਰ ਨੂੰ ਹੀ ਹੋਵੇਗੀ। ਉੱਧਰ, ਸੈਣੀ ਦੀ ਰਿਹਾਈ ਖ਼ਿਲਾਫ਼ ਦਾਇਰ ਇਕ ਵੱਖਰੀ ਪਟੀਸ਼ਨ ’ਤੇ ਸੁਣਵਾਈ ਨਹੀਂ ਹੋ ਸਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਟੀਸ਼ਨ ’ਚ ਕਿਹਾ ਗਿਆ ਕਿ ਇਹ ਕੇਸ ਜਸਟਿਸ ਏ.ਕੇ. ਤਿਆਗੀ ਦੇ ਸਾਹਮਣੇ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਸੀ ਤੇ ਇਸ ਕੇਸ ਦੀ ਸੁਣਵਾਈ 31 ਅਗਸਤ ਨੂੰ ਹੋਣੀ ਚਾਹੀਦੀ ਹੈ ਕਿਉਂਕਿ ਜਸਟਿਸ ਤਿਆਗੀ ਪਹਿਲਾਂ ਹੀ ਕੇਸ ਦੇ ਤੱਥਾਂ ਤੋਂ ਜਾਣੂ ਸਨ ਅਤੇ ਉਹ ਸੇਵਾਮੁਕਤ ਹੋ ਰਹੇ ਹਨ। ਸਰਕਾਰੀ ਵਕੀਲ ਵੱਲੋਂ ਉਪਰੋਕਤ ਤੱਥ ਅਦਾਲਤ ਦੇ ਧਿਆਨ ’ਚ ਲਿਆਂਦਾ ਗਿਆ ਤਾਂ ਜਸਟਿਸ ਤਿਆਗੀ ਨੇ ਤੁਰੰਤ ਇਹ ਪ੍ਰਗਟਾਵਾ ਕੀਤਾ ਕਿ ਉਹ ਸੈਣੀ ਦੀ ਅਰਜ਼ੀ ’ਤੇ ਵਿਚਾਰ ਨਹੀਂ ਕਰਨਗੇ। ਇਸ ਹਾਲਾਤ ਵਿਚ ਸੈਣੀ ਦੇ ਵਕੀਲ ਨੇ ਆਪਣੀ ਅਰਜ਼ੀ ਵਾਪਸ ਲੈ ਲਈ।

Share