ਹਾਈਕੋਰਟ ਵੱਲੋਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ਖਾਰਜ

554
Share

ਚੰਡੀਗੜ੍ਹ, 9 ਸੰਤਬਰ (ਪੰਜਾਬ ਮੇਲ)-ਬਲਵੰਤ ਸਿੰਘ ਮੁਲਤਾਨੀ ਅਗਵਾ ਕਰਨ, ਤਸੀਹੇ ਦੇਣ, ਹਿਰਾਸਤ ‘ਚ ਮੌਤ ਦੇ ਦਸੰਬਰ 1991 ਦੇ ਕੇਸ ‘ਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਜਸਟਿਸ ਫਤਿਹਦੀਪ ਸਿੰਘ ਦੇ ਬੈਂਚ ਨੇ ਖ਼ਾਰਜ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇਸ ਮਾਮਲੇ ਦੀ ਜਾਂਚ ਪੰਜਾਬ ਤੋਂ ਬਾਹਰ ਜਾਂ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਵੀ ਹਾਈਕੋਰਟ ਨੇ ਖ਼ਾਰਜ ਕਰ ਦਿੱਤੀ ਹੈ। ਇਨ੍ਹਾਂ ਦੋਵਾਂ ਮਾਮਲਿਆਂ ‘ਚ ਸੋਮਵਾਰ ਨੂੰ ਚਾਰ ਘੰਟੇ ਲੰਮੀ ਚਲੀ ਬਹਿਸ ਉਪਰੰਤ ਫ਼ੈਸਲਾ ਰਾਖਵਾਂ ਰੱਖ ਲਿਆ ਗਿਆ ਸੀ ਤੇ ਮੰਗਲਵਾਰ ਸਵੇਰੇ 10 ਵਜੇ ਦੇ ਕਰੀਬ ਫ਼ੈਸਲਾ ਸੁਣਾਉਂਦਿਆਂ ਦੋਵੇਂ ਮੰਗਾਂ ਖ਼ਾਰਜ ਕਰ ਦਿੱਤੀਆਂ। ਜ਼ਮਾਨਤ ਅਰਜ਼ੀ ਖ਼ਾਰਜ ਹੋਣ ਉਪਰੰਤ ਹੁਣ ਸੈਣੀ ਦੀਆਂ ਮੁਸ਼ਕਲਾਂ ਵਿਚ ਚੋਖਾ ਵਾਧਾ ਹੋ ਗਿਆ ਹੈ। ਐੱਸ.ਆਈ.ਟੀ. ਕਿਸੇ ਵੀ ਵਕਤ ਗ੍ਰਿਫ਼ਤਾਰ ਕਰ ਸਕਦੀ ਹੈ, ਹਾਲਾਂਕਿ ਸੁਪਰੀਮ ਕੋਰਟ ਦਾ ਰਾਹ ਅਜੇ ਖੁੱਲ੍ਹਾ ਹੈ। ਸੈਣੀ ਪਿਛਲੇ ਕਈ ਦਿਨਾਂ ਤੋਂ ਅੰਡਰਗਰਾਊਂਡ ਹੈ। ਜ਼ਮਾਨਤ ਅਰਜ਼ੀ ਤੇ ਕੇਸ ਦੀ ਜਾਂਚ ਸੀ.ਬੀ.ਆਈ. ਨੂੰ ਦੇਣ ਦੀ ਮੰਗ ਕਰਦਿਆਂ ਸੈਣੀ ਦੇ ਵਕੀਲ ਏ.ਪੀ.ਐੱਸ. ਦਿਓਲ ਨੇ ਮੁੱਢਲੇ ਤੌਰ ‘ਤੇ ਬੈਂਚ ਮੂਹਰੇ ਬਹਿਸ ਕੀਤੀ ਸੀ ਕਿ ਜਦੋਂ ਇਹ ਕੇਸ ਸਿਰਫ਼ ਅਗਵਾ ਕਰਨ ਦਾ ਸੀ, ਉਦੋਂ ਸੈਣੀ ਨੂੰ ਜ਼ਮਾਨਤ ਮਿਲ ਚੁੱਕੀ ਸੀ ਤੇ ਇਸੇ ਕੇਸ ‘ਚ ਹੁਣ ਕਤਲ ਦੀ ਧਾਰਾ ਜੁੜਨ ਉਪਰੰਤ ਅਗਾਊਂ ਜ਼ਮਾਨਤ ਵੀ ਦਿੱਤੀ ਜਾਣੀ ਚਾਹੀਦੀ ਹੈ। ਦੂਜੇ ਪਾਸੇ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਮੁਲਤਾਨੀ ਦੇ ਅਗਵਾ ਕਰਨ, ਉਸ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਣ, ਤਸੀਹੇ ਦੇਣ ਅਤੇ ਮੁਲਤਾਨੀ ਦੀ ਲਾਸ਼ ਸੁੱਟਣ ਆਦਿ ਬਾਰੇ ਪਤਾ ਲਗਾਉਣ ਲਈ ਸੈਣੀ ਤੋਂ ਹਿਰਾਸਤ ‘ਚ ਪੁੱਛਗਿੱਛ ਦੀ ਲੋੜ ਹੈ। ਇਹ ਦਲੀਲ ਵੀ ਦਿੱਤੀ ਕਿ ਸੈਣੀ ਵਿਰੁੱਧ ਦਿੱਲੀ ਦੀ ਅਦਾਲਤ ‘ਚ ਤੀਹਰੇ ਕਤਲ ਦਾ ਕੇਸ ਵੀ ਚੱਲ ਰਿਹਾ ਹੈ।


Share