ਹਾਂਗਕਾਂਗ ਦੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਪਹਿਲੀ ਵਾਰ ਇਕ ਵਿਅਕਤੀ ਦੋਸ਼ੀ ਕਰਾਰ

521
ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਬਾਅਦ ਤੋਂਗ ਯਿੰਗ ਕਿਤ ਨੂੰ ਵੈਨ ’ਚ ਜੇਲ੍ਹ ਲਿਜਾਂਦੀ ਹੋਈ ਪੁਲਿਸ।
Share

ਹਾਂਗਕਾਂਸ, 29 ਜੁਲਾਈ (ਪੰਜਾਬ ਮੇਲ)-ਹਾਂਗਕਾਂਗ ਦੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਪਹਿਲੀ ਵਾਰ ਇਕ ਵਿਅਕਤੀ ਨੂੰ ਵੱਖਵਾਦ ਅਤੇ ਅੱਤਵਾਦ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਹਾਂਗਕਾਂਗ ਹਾਈ ਕੋਰਟ ਨੇ ਤੋਂਗ ਯਿੰਗ ਕਿਤ (24) ਨਾਲ ਸਬੰਧਤ ਮਾਮਲੇ ਵਿਚ ਇਹ ਫੈਸਲਾ ਸੁਣਾਇਆ ਹੈ। ਤੋਂਗ ’ਤੇ ਦੋਸ਼ ਸੀ ਕਿ ਉਹ ਬੀਤੇ ਵਰ੍ਹੇ ਇਕ ਜੁਲਾਈ ਨੂੰ ਹੱਥ ਵਿਚ ਝੰਡਾ ਫੜ ਕੇ ਮੋਟਰਸਾਈਕਲ ’ਤੇ ਪੁਲਿਸ ਅਧਿਕਾਰੀਆਂ ਦੇ ਇਕ ਗਰੁੱਪ ਵਿਚ ਦਾਖਲ ਹੋਇਆ ਸੀ। ਝੰਡੇ ’ਤੇ ਪਾਬੰਦੀਸ਼ੁਦਾ ਨਾਅਰਾ ਲਿਖਿਆ ਹੋਇਆ ਸੀ, ‘‘ਹਾਂਗਕਾਂਗ ਨੂੰ ਆਜ਼ਾਦ ਕਰੋ, ਇਹ ਸਾਡੇ ਵੇਲੇ ਦੀ ਕ੍ਰਾਂਤੀ ਹੈ।’’ ਇਹ ਘਟਨਾ ਹਾਂਗਕਾਂਗ ਵਿਚ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤੇ ਜਾਣ ਦੇ ਇਕ ਦਿਨ ਬਾਅਦ ਵਾਪਰੀ ਸੀ। ਚੀਨ ਨੇ ਸਾਲ 2019 ਵਿਚ ਕਈ ਮਹੀਨਿਆਂ ਤਕ ਚੱਲੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਬਾਅਦ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤਾ ਸੀ। ਇਸ ਕਾਨੂੰਨ ਤਹਿਤ ਹੁਣ ਤੱਕ 100 ਤੋਂ ਵਧ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ। ਤੋਂਗ ਨੇ ਵੱਖਵਾਦ ਅਤੇ ਅੱਤਵਾਦ ਦੇ ਦੋਸ਼ ਆਇਦ ਕਰਨ ਦੀ ਥਾਂ ਖਤਰਨਾਕ ਤਰੀਕੇ ਨਾਲ ਵਾਹਨ ਚਲਾਉਣ ਵਰਗੇ ਦੋਸ਼ ਲਾਉਣ ਦੀ ਗੁਹਾਰ ਲਾਈ ਸੀ। ਤੋਂਗ ਨੂੰ ਵਧ ਤੋਂ ਵਧ ਤਾਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ।


Share