ਹਵਾਈ ਸਫਰ ਦੌਰਾਨ ਮਾਸਕ ਨਾ ਪਾਉਣ ਵਾਲੇ ਦਾ ਨਾਂਅ ਹੋਵੇਗਾ ‘ਨੋ ਫਲਾਈ’ ਸੂਚੀ ‘ਚ ਸ਼ਾਮਲ

245
Share

ਨਵੀਂ ਦਿੱਲੀ, 31 ਅਗਸਤ (ਪੰਜਾਬ ਮੇਲ)ਕੋਰੋਨਾ ਕਾਲ ‘ਚ ਹਵਾਈ ਸਫ਼ਰ ਦਰਮਿਆਨ ਮੁਸਾਫ਼ਰਾਂ ਦੀ ਸੁਰੱਖਿਆ ‘ਤੇ ਵਿਸ਼ੇਸ਼ ਬਿਆਨ ਦਿੰਦਿਆਂ ਕੇਂਦਰ ਸਰਕਾਰ ਨੇ ਸਖ਼ਤ ਸੇਧਾਂ ਜਾਰੀ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਮੁਸਾਫ਼ਰ ਸਫ਼ਰ ਦੌਰਾਨ ਮਾਸਕ ਪਾਉਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਦਾ ਨਾਂਅ ਏਅਰਲਾਈਨਜ਼ ਵਲੋਂ ‘ਨੋ ਫ਼ਲਾਈ’ ਸੂਚੀ ‘ਚ ਵੀ ਪਾਇਆ ਜਾ ਸਕਦਾ ਹੈ। ਹਵਾਬਾਜ਼ੀ ਰੈਗੂਲੇਟਰ, ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ ਨੇ ਹਵਾਈ ਸਫ਼ਰ ਲਈ ਸ਼ੁੱਕਰਵਾਰ ਨੂੰ ਜਾਰੀ ਸੇਧਾਂ ‘ਚ ਏਰਲਾਈਨਜ਼ ਨੂੰ ਅਖ਼ਤਿਆਰ ਦਿੰਦਿਆ ਕਿਹਾ ਕਿ ਜੇਕਰ ਕੋਈ ਮੁਸਾਫ਼ਿਰ ਮਾਸਕ ਨਾ ਪਾਏ ਤਾਂ ਏਅਰਲਾਈਨ ਆਪਣੇ ਤੌਰ ‘ਤੇ ਫ਼ੈਸਲਾ ਲੈ ਕੇ ਉਸਦਾ ਨਾਂਅ ‘ਨੋ ਫ਼ਲਾਈ’ ਸੂਚੀ ‘ਚ ਪਾ ਸਕਦੀ ਹੈ। ਇਸ ਪਾਬੰਦੀ ਤਹਿਤ ਮੁਸਾਫ਼ਰ ਦੇ ਹਵਾਈ ਸਫ਼ਰ ‘ਤੇ ਕੁਝ ਸਮੇਂ ਲਈ ਰੋਕ ਲਾਈ ਜਾ ਸਕਦੀ ਹੈ।
ਕੇਂਦਰ ਵਲੋਂ ਹਵਾਈ ਜਹਾਜ਼ ਅੰਦਰ ਹੁਣ ਖ਼ਾਣਾ ਪਰੋਸਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਹੁਣ ਘਰੇਲੂ ਉਡਾਣਾਂ ‘ਚ ਮੁਸਾਫ਼ਰਾਂ ਨੂੰ ਪਹਿਲਾਂ ਤੋਂ ਪੈਕ ਕੀਤੇ ਸਨੈਕਸ ਆਦਿ ਪਰੋਸੇ ਜਾ ਸਕਦੇ ਹਨ, ਜਦਕਿ ਅੰਤਰਰਾਸ਼ਟਰੀ ਉਡਾਣਾਂ ‘ਚ ਗਰਮ ਖ਼ਾਣਾ ਪਰੋਸਿਆ ਜਾ ਸਕਦਾ ਹੈ। ਕੋਰੋਨਾ ਕਾਰਨ 22 ਮਾਰਚ ਤੋਂ ਸਰਕਾਰ ਵਲੋਂ ਉਡਾਣਾਂ ਬੰਦ ਰੱਖਣ ਤੋਂ ਬਾਅਦ 25 ਮਈ ਤੋਂ ਮੁੜ ਘਰੇਲੂ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਸਨ, ਪਰ ਸ਼ੁਰੂਆਤ ‘ਚ ਜਹਾਜ਼ ਅੰਦਰ ਖ਼ਾਣਾ ਦੇਣ ਦੀ ਇਜਾਜ਼ਤ ਨਹੀਂ ਸੀ ਪਰ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ‘ਚ ਦੂਰੀ ਮੁਤਾਬਿਕ ਪਹਿਲਾਂ ਤੋਂ ਪੈਕ ਖ਼ਾਣਾ ਦਿੱਤਾ ਜਾਂਦਾ ਸੀ। ਡੀ.ਜੀ.ਸੀ.ਏ. ਨੇ ਸੇਧਾਂ ‘ਚ ਇਹ ਵੀ ਕਿਹਾ ਕਿ ਖ਼ਾਣਾ ਦੇਣ ਤੋਂ ਪਹਿਲਾਂ ਅਮਲੇ ਦੇ ਮੈਂਬਰਾਂ ਨੂੰ ਹਰ ਵਾਰ ਦਸਤਾਨੇ ਬਦਲਣੇ ਹੋਣਗੇ, ਜਹਾਜ਼ ‘ਚ ਇਤੇਮਾਲ ਕਰਨ ਵਾਲੀਆਂ ਪਲੇਟਾਂ ਅਤੇ ਟ੍ਰੇ ਆਦਿ ਵੀ ਇਕੋ ਵਾਰ ਵਰਤਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਉਡਾਣ ਦੌਰਾਨ ਮੁਸਾਫ਼ਰਾਂ ਨੂੰ ਮਨੋਰੰਜਨ ਦੀ ਛੋਟ ਹੋਵੇਗੀ, ਪਰ ਉਨ੍ਹਾਂ ਨੂੰ ਡਿਸਪੋਜ਼ਏਬਲ (ਨਸ਼ਟ ਕੀਤੇ ਜਾ ਸਕਣ ਵਾਲੇ) ਈਅਰਫ਼ੋਨ ਦੇਣੇ ਹੋਣਗੇ।


Share