ਹਵਾਈ ਮੁਸਾਫ਼ਰਾਂ ਦੀ ਗਿਣਤੀ ਘਟਣ ਕਾਰਨ ਸ਼ਹਿਰੀ ਹਵਾਬਾਜ਼ੀ ਦੀ ਹਾਲਤ ਹੋਰ ਹੋਵੇਗੀ ਪਤਲੀ

90
Share

-ਮੁਸਾਫ਼ਰਾਂ ਦੀ ਗਿਣਤੀ ’ਚ ਭਾਰੀ ਗਿਰਾਵਟ
ਨਵੀਂ ਦਿੱਲੀ, 19 ਮਈ (ਪੰਜਾਬ ਮੇਲ)- ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਕਾਰਨ ਹਵਾਈ ਯਾਤਰੀਆਂ ਦੀ ਗਿਣਤੀ ’ਚ ਭਾਰੀ ਗਿਰਾਵਟ ਆਈ ਹੈ, ਜਿਸ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਆਪਣੇ ਵੈੱਬਸਾਈਟ ’ਤੇ ਰੋਜ਼ਾਨਾ ਅੰਕੜੇ ਜਾਰੀ ਕਰਨਾ ਬੰਦ ਕਰ ਦਿੱਤਾ ਹੈ। ਉੱਥੇ ਹੀ, ਹਵਾਈ ਮੁਸਾਫ਼ਰਾਂ ਦੀ ਗਿਣਤੀ ਘਟਣ ਕਾਰਨ ਪਹਿਲਾਂ ਤੋਂ ਬੋਝ ਦਾ ਸਾਹਮਣਾ ਕਰ ਰਹੀਆਂ ਏਅਰਲਾਈਨਾਂ ਦੀ ਹਾਲਤ ਹੋਰ ਪਤਲੀ ਹੋਵੇਗੀ।
ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਦੇ ਅੰਕੜਿਆਂ ਅਨੁਸਾਰ, ਇਸ ਸਾਲ ਮਾਰਚ ਦੇ ਮੁਕਾਬਲੇ ਅਪ੍ਰੈਲ ’ਚ ਘਰੇਲੂ ਮਾਰਗਾਂ ’ਤੇ ਹਵਾਈ ਯਾਤਰੀਆਂ ਦੀ ਗਿਣਤੀ 26.81 ਫ਼ੀਸਦੀ ਘੱਟ ਕੇ 57.25 ਲੱਖ ਰਹਿ ਗਈ। ਇਹ ਅੰਕੜਾ ਅਕਤੂਬਰ 2020 ਤੋਂ ਬਾਅਦ ਸਭ ਤੋਂ ਘੱਟ ਹੈ।
ਇਸ ਸਾਲ ਮਾਰਚ ’ਚ 78.22 ਲੱਖ ਲੋਕਾਂ ਨੇ ਹਵਾਈ ਯਾਤਰਾ ਕੀਤੀ ਸੀ। ਮਈ ’ਚ ਇਸ ਗਿਣਤੀ ਵਿਚ ਹੋਰ ਤੇਜ਼ੀ ਨਾਲ ਆ ਰਹੀ ਗਿਰਾਵਟ ਤੋਂ ਬਾਅਦ ਮੰਤਰਾਲਾ ਨੇ ਰੋਜ਼ਾਨਾ ਦੇ ਅੰਕੜੇ ਜਾਰੀ ਕਰਨੇ ਬੰਦ ਕਰ ਦਿੱਤੇ ਹਨ। ਅੰਤਿਮ ਅੰਕੜੇ 14 ਮਈ ਦੇ ਉਪਲਬਧ ਹਨ, ਜਦੋਂ ਇਕ ਦਿਨ ’ਚ 825 ਉਡਾਣਾਂ ਵਿਚ 54,181 ਯਾਤਰੀਆਂ ਨੇ ਸਫ਼ਰ ਕੀਤਾ ਸੀ। ਇਹ ਅਪ੍ਰੈਲ ਦੀ ਤੁਲਨਾ ’ਚ 72 ਫ਼ੀਸਦੀ ਘੱਟ ਹੈ। ਆਮ ਤੌਰ ’ਤੇ ਅਪ੍ਰੈਲ ਅਤੇ ਮਈ ’ਚ ਹਵਾਈ ਯਾਤਰੀਆਂ ਦੀ ਗਿਣਤੀ ਵਧਦੀ ਹੈ ਕਿਉਂਕਿ ਸਕੂਲ, ਕਾਲਜਾਂ ’ਚ ਛੁੱਟੀਆਂ ਹੋਣ ਨਾਲ ਪਰਿਵਾਰ ਘੁੰਮਣ ਜਾਂਦੇ ਹਨ ਪਰ ਇਸ ਵਾਰ ਕੋਵਿਡ ਦੀ ਦੂਜੀ ਲਹਿਰ ਕਾਰਨ ਪਹਿਲਾਂ ਵਾਲਾ ਮਾਹੌਲ ਨਹੀਂ ਹੈ। ਪਿਛਲੇ ਸਾਲ 25 ਮਾਰਚ ਤੋਂ ਦੋ ਮਹੀਨਿਆਂ ਲਈ ਉਡਾਣਾਂ ਬੰਦ ਰਹੀਆਂ ਸਨ। ਇਸ ਪਿੱਛੋਂ 25 ਮਈ 2020 ਨੂੰ ਘਰੇਲੂ ਮਾਰਗਾਂ ’ਤੇ ਉਡਾਣਾਂ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ।

Share