ਹਵਾਈ ਅੱਡਿਆਂ ‘ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਤੋਂ ਬਾਅਦ ਕਾਂਗਰਸ ਮੈਂਬਰਾਂ ਦੀ ਵਧੇਗੀ ਸੁਰੱਖਿਆ 

152
Share

ਫਰਿਜ਼ਨੋ (ਕੈਲੀਫੋਰਨੀਆਂ), 11 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਰਾਸ਼ਟਰਪਤੀ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਡੌਨਾਲਡ ਟਰੰਪ ਅਤੇ ਉਸਦੇ ਹਮਾਇਤੀਆਂ ਵੱਲੋਂ ਦੇਸ਼ ਵਿੱਚ ਕਾਫੀ ਹਲਚਲ ਮਚਾਈ ਗਈ ਹੈ।ਰਾਜਧਾਨੀ ਵਿੱਚ ਕੀਤੇ ਹਿੰਸਕ ਦੰਗਿਆਂ ਦੇ ਬਾਅਦ ਹੁਣ ਟਰੰਪ ਸਮਰਥਕਾਂ ਦੁਆਰਾ ਕਾਂਗਰਸ ਮੈਬਰਾਂ ਨੂੰ ਹਵਾਈ ਅੱਡਿਆਂ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਸ਼ਨੀਵਾਰ ਦੇ ਦਿਨ ਸੰਸਦ ਮੈਂਬਰਾਂ ਨੂੰ ਭੇਜੇ ਨੋਟਿਸ ਅਨੁਸਾਰ, ਹਵਾਈ ਅੱਡਿਆਂ ‘ਤੇ ਕਈ ਸੈਨੇਟਰਾਂ ਨੂੰ ਪ੍ਰੇਸ਼ਾਨ ਕੀਤੇ ਜਾਣ ਦੇ ਬਾਅਦ ਕਾਂਗਰਸ ਦੇ ਮੈਂਬਰਾਂ ਦੀ ਹਵਾਈ ਅੱਡਿਆਂ ਤੇ ਯਾਤਰਾ ਦੌਰਾਨ ਸੁਰੱਖਿਆ ਵਧਾਉਣ ਦੀ ਜਰੂਰਤ ਹੋਵੇਗੀ। ਯੂ ਐਸ ਕੈਪੀਟਲ ਪੁਲਿਸ ਅਤੇ ਆਰਮਜ਼ ਦਫ਼ਤਰ ਦੇ ਸਾਰਜੈਂਟ ਅਨੁਸਾਰ ਉਹ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯੂ ਐੱਸ ਮਾਰਸ਼ਲ ਸਰਵਿਸਿਜ਼ ਸਮੇਤ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਤਾਲਮੇਲ ਕਰਨਗੇ। ਇਸ ਤੋਂ ਇਲਾਵਾ, 20 ਜਨਵਰੀ ਨੂੰ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਕੈਪੀਟਲ ਪੁਲਿਸ ਦੇ ਅਧਿਕਾਰੀ ਵਾਸ਼ਿੰਗਟਨ, ਡੀ.ਸੀ. ਖੇਤਰ ਦੇ ਤਿੰਨ ਵੱਡੇ ਹਵਾਈ ਅੱਡਿਆਂ ‘ਤੇ ਤਾਇਨਾਤ ਹੋਣਗੇ, ਜਿਹਨਾਂ ਵਿੱਚ ਰੀਗਨ ਨੈਸ਼ਨਲ ਏਅਰਪੋਰਟ (ਡੀ.ਸੀ.ਏ.), ਬਾਲਟੀਮੋਰ ਵਾਸ਼ਿੰਗਟਨ ਇੰਟਰਨੈਸ਼ਨਲ ਏਅਰਪੋਰਟ (ਬੀ.ਡਬਲਯੂ.ਆਈ) ਅਤੇ ਵਾਸ਼ਿੰਗਟਨ ਡੁੱਲਜ਼ ਅੰਤਰਰਾਸ਼ਟਰੀ ਹਵਾਈ ਅੱਡਾ (  ਆਈ.ਏ.ਡੀ.) ਆਦਿ ਸ਼ਾਮਿਲ ਹਨ। ਜਿਕਰਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਸ਼ੁੱਕਰਵਾਰ ਨੂੰ ਪੋਸਟ ਕੀਤੀਆਂ ਗਈਆਂ ਵੀਡੀਓਜ਼ ਦੇ ਅਨੁਸਾਰ, ਰੀਗਨ ਨੈਸ਼ਨਲ ਏਅਰਪੋਰਟ ‘ਤੇ ਰਾਸ਼ਟਰਪਤੀ ਟਰੰਪ ਦੇ ਕਰੀਬੀ ਦੱਖਣੀ ਕੈਰੋਲਿਨਾ ਦੇ ਸੈਨੇਟਰ ਲਿੰਡਸੇ ਗ੍ਰਾਹਮ ਜਿਹਨਾਂ ਨੇ ਇਸ ਹਫਤੇ ਰਾਸ਼ਟਰਪਤੀ ਦੀ ਆਲੋਚਨਾ ਕੀਤੀ ਸੀ, ਨੂੰ ਟਰੰਪ ਸਮਰਥਕਾਂ ਦੁਆਰਾ ਦੇਸ਼ ਲਈ ਗੱਦਾਰ ਦਸਦਿਆਂ ਪ੍ਰੇਸ਼ਾਨ ਕੀਤਾ ਗਿਆ ਹੈ। ਇਸਦੇ ਇਲਾਵਾ ਯੂਟਾਹ ਸੈਨੇਟਰ ਮਿੱਟ ਰੋਮਨੇ ਨੂੰ ਵੀ ਟਰੰਪ ਪੱਖੀ ਸਮਰਥਕਾਂ ਵੱਲੋਂ ਸਾਲਟ ਲੇਕ ਸਿਟੀ ਤੋਂ ਵਾਸ਼ਿੰਗਟਨ, ਡੀ.ਸੀ ਦੀ ਉਡਾਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ  ਸੀ।

Share