ਸਰੀ, 1 ਦਸੰਬਰ (ਹਰਦਮ ਮਾਨ/ਪੰਜਾਬ ਮੇਲ)– ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ “ਸੱਚ” ਦੀ ਵਿਆਖਿਆ ਕਰਦਿਆਂ ਕਿਹਾ ਹੈ ਕਿ ਹਰ ਮਨੁੱਖ ਦਾ “ਸੱਚ” ਆਪੋ-ਆਪਣਾ ਹੁੰਦਾ ਹੈ। ਆਪੋ-ਆਪਣੇ ਵਿਚਾਰਾਂ ਦੇ ਅਨੁਕੂਲ ਅਤੇ ਅਨੁਸਾਰ, ਜੋ (ਸੱਚ) ਸਾਡੇ ਮੰਨਣ ਅੰਦਰ ਆ ਜਾਵੇ ਅਤੇ ਜਿੰਨਾ ਚਿਰ ਆਇਆ ਰਵ੍ਹੇ; ‘ਓਨੇ ਚਿਰ ਲਈ ਹੀ ਉਹ ਸੱਚ: ਸੱਚ ਹੈ’। ਜਦੋਂ ਸਾਡੇ ਵਿਚਾਰ ਬਦਲ ਜਾਣ, ਉਦੋਂ ਉਹ ਸੱਚ: ਸੱਚ ਨਹੀਂ ਰਹਿੰਦਾ। ਆਪਣੇ ਵਿਚਾਰਾਂ ਦੇ ਵਿਰੁੱਧ ਕਹੀ ਗੱਲ, ਜੋ ਕਿਸੇ ਦੇ ਮੁਤਾਬਿਕ “ਸੱਚ” ਹੈ; ਉਸ “ਸੱਚ” ਨੂੰ ਵੀ, ਜੇ ਆਪਾਂ ਸ਼ਾਂਤ ਮਨ ਨਾਲ ਸੁਣੀਏ, ਤਾਂ ਹੀ ਸਵਾਦ ਆਉਂਦਾ ਹੈ।
‘ਸੱਚ ਬੋਲੀਏ, ਸੱਚ ਸੁਣੀਏ ਅਤੇ ਸੱਚ ਮੰਨੀਏ’ ਦੀ ਗੱਲ ਕਰਦਿਆਂ ਠਾਕੁਰ ਜੀ ਨੇ ਕਿਹਾ ਕਿ ਸੋਚਣ ਵਾਲੀ ਗੱਲ ਹੈ “ਸੱਚ ਕੀ ਹੈ”? ਜੋ ਗੱਲ, ਵਿਚਾਰ, ਤੱਥ; ਸਾਡੀ ਸਮਝ ਵਿੱਚ ਆ ਕੇ, ਸਾਡੇ ਮੰਨਣ ਵਿੱਚ ਆ ਜਾਵੇ ਅਤੇ ਜਿੰਨਾ ਚਿਰ ਆਇਆ ਰਵ੍ਹੇ, ਓਨੇ ਚਿਰ ਲਈ ਹੀ ਉਹ ਸਾਡੇ ਲਈ “ਸੱਚ” ਹੈ। ਕਿਸੇ ਗੱਲ ਉੱਪਰ ਵਿਸਵਾਸ਼ ਕਰਕੇ, ਉਸ ਨਾਲ ਸਹਿਮਤ ਹੋ ਜਾਣਾ ਹੀ “ਸੱਚ” ਹੈ। ਹਰ ਮਨੁੱਖ, ਹਰ ਗੱਲ ਅਤੇ ਹਰ ਤੱਥ ਨੂੰ ਆਪਣੇ-ਆਪਣੇ ਢੰਗ ਨਾਲ ਸਮਝਦਾ ਹੈ ਅਤੇ ਆਪਣੀ ਸੋਝੀ ਅਨੁਸਾਰ ਹੀ ਉਸ ਦੀ ਵਿਆਖਿਆ ਕਰਦਾ ਹੈ। ਜਿਸ ਕਰਕੇ, ਹਰ ਮਨੁੱਖ ਦਾ ਆਪਣਾ-ਆਪਣਾ “ਸੱਚ” ਹੈ। ਜੇਕਰ ਦੱਸੇ ਗਏ ਤੱਥਾਂ ਉੱਤੇ ਕਿਸੇ ਨੂੰ ਵਿਸ਼ਵਾਸ ਨਾ ਹੋਵੇ, ਤਾਂ ਉਸ ਲਈ ਉਹ ਸੱਚ: ਸੱਚ ਨਹੀਂ ਹੁੰਦਾ।
ਠਾਕੁਰ ਦਲੀਪ ਸਿੰਘ ਨੇ ਕਿਹਾ ਕਿ ਇਸ ਕਰਕੇ ਸੱਚ ਬੋਲੀਏ, ਸੱਚ ਸੁਣੀਏ ਅਤੇ ਸੱਚ ਮੰਨੀਏ ਵੀ। ਜੋ ਆਪਣੇ ਵਿਚਾਰਾਂ ਦੇ ਵਿਰੁੱਧ “ਸੱਚ” ਹੈ, ਉਸ “ਸੱਚ” ਨੂੰ ਵੀ ਪ੍ਰਵਾਨ ਕਰੀਏ ਜਾਂ ਘੱਟੋ-ਘੱਟ ਉਸ “ਸੱਚ” ਬਾਰੇ ਵੀ ਵਿਚਾਰ ਜ਼ਰੂਰ ਕਰੀਏ। ਇਹ ਵੀ ਮੰਨੀਏ ਕਿ ਹਾਲਾਤ ਸਦਾ ਇੱਕੋ ਜਿਹੇ ਨਹੀਂ ਰਹਿੰਦੇ, ਇਹ ਬਦਲਦੇ ਹੀ ਰਹਿੰਦੇ ਹਨ। ਜਦੋਂ ਹਾਲਾਤ ਬਦਲਦੇ ਹਨ ਤਾਂ ਨਾਲ ਹੀ ਮਨੁੱਖ ਦੇ ਵਿਚਾਰ ਵੀ ਬਦਲ ਜਾਂਦੇ ਹਨ। ‘ਵਿਚਾਰ’ ਬਦਲਣ ਨਾਲ ਉਸਦਾ ‘ਵਿਸ਼ਵਾਸ’ ਬਦਲ ਜਾਂਦਾ ਹੈ ਅਤੇ ‘ਵਿਸ਼ਵਾਸ’ ਬਦਲਣ ਨਾਲ ਉਸਦਾ “ਸੱਚ” ਵੀ ਬਦਲ ਜਾਂਦਾ ਹੈ, ਸੱਚ: ਝੂਠ ਬਣ ਜਾਂਦਾ ਹੈ ਅਤੇ ਝੂਠ: ਸੱਚ ਬਣ ਜਾਂਦਾ ਹੈ। ਇਸ ਕਰਕੇ, “ਸੱਚ” ਸਦਾ ਇੱਕੋ ਨਹੀਂ ਰਹਿੰਦਾ ਅਤੇ ਹਰ ਮਨੁੱਖ ਦਾ “ਸੱਚ” ਆਪਣਾ-ਆਪਣਾ ਹੈ।